(ਸਮਾਜ ਵੀਕਲੀ) ਕਿਹਾ ਜਾਂਦਾ ਹੈ ਕਿ ਪੰਜਾਬੀ ਬੋਲੀ ਭਾਰਤ ਦੀਆਂ ਸਭ ਤੋਂ ਪੁਰਾਤਨ ਬੋਲੀਆਂ ਵਿੱਚੋਂ ਇੱਕ ਹੈ। ਦੁਨੀਆ ਦਾ ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ‘ਰਿਗਵੇਦ’ ਵੀ ਪੰਜਾਬ ਦੀ ਇਸ ਧਰਤੀ ਉੱਤੇ, ਉਸ ਸਮੇਂ ਦੀ ਭਾਸ਼ਾ ‘ਵੈਦਿਕ ਸੰਸਕ੍ਰਿਤ’ ਜਾਂ ‘ਛਾਂਦਸਿ’ ਵਿੱਚ ਹੀ ਲਿਖਿਆ ਗਿਆ ਸੀ।
ਉਂਞ ਤਾਂ ਪੰਜਾਬੀ ਬੋਲੀ ਵਿੱਚ ਸਮੇਂ-ਸਮੇਂ ‘ਤੇ ਵੱਖ-ਵੱਖ ਰਾਜਨੀਤਿਕ ਜਾਂ ਕੁਝ ਹੋਰ ਕਾਰਨਾਂ ਕਰਕੇ ਬਹੁਤ ਸਾਰੀਆਂ ਬਾਹਰੀ ਬੋਲੀਆਂ ਦੇ ਸ਼ਬਦ ਸ਼ਾਮਲ ਹੁੰਦੇ ਰਹੇ ਹਨ ਪਰ ਪੰਜਾਬੀ ਬੋਲੀ ਦੀ ਇਹ ਸਿਫ਼ਤ ਰਹੀ ਹੈ ਕਿ ਇਹ ਉਹਨਾਂ ਬੋਲੀਆਂ ਦੇ ਸ਼ਬਦਾਂ ਨੂੰ ਆਪਣੇ ਮੁਹਾਵਰੇ, ਮੁਹਾਂਦਰੇ ਅਤੇ ਲੋਕ-ਉਚਾਰਨ ਅਨੁਸਾਰ ਢਾਲ਼ ਕੇ ਆਪਣੇ ਢਾਂਚੇ ਵਿੱਚ ਸਮੋਂਦੀ ਰਹੀ ਹੈ।
ਕਿਸੇ ਵੀ ਬੋਲੀ ਦਾ ਜਨਮ ਪਹਿਲਾਂ ਹੁੰਦਾ ਹੈ ਅਤੇ ਉਸ ਦੀ ਵਿਆਕਰਨ ਅਤੇ ਵਿਆਕਰਨਿਕ ਨਿਯਮ ਉਸ ਦੇ ਪ੍ਰਾਰੂਪ ਅਤੇ ਖੇਤਰੀ ਵਰਤਾਰੇ ਅਨੁਸਾਰ ਬਾਅਦ ਵਿੱਚ ਨਿਰਧਾਰਿਤ ਕੀਤੇ ਜਾਂਦੇ ਹਨ। ਵਿਆਕਰਨ ਦੇ ਇਹਨਾਂ ਨਿਯਮਾਂ ਵਿਚੋਂ ਸ਼ਬਦ-ਜੋੜਾਂ ਦੀ ਸ਼ੁੱਧਤਾ ਵੀ ਇਸੇ ਵਰਤਾਰੇ ਦਾ ਇਕ ਅਭਿੰਨ ਅੰਗ ਹੈ। ਸ਼ਬਦ ਜੋੜਾਂ ਦੀ ਸ਼ੁੱਧਤਾ ਕਾਰਨ ਹੀ ਕੋਈ ਬੋਲੀ ਸੁਚੱਜਾ ਅਤੇ ਸੁੰਦਰ ਰੂਪ ਧਾਰਨ ਕਰ ਸਕਦੀ ਹੈ। ਪੰਜਾਬੀ ਬੋਲੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਪੈਦਾ ਕਰਨ ਤੇ ਪੰਜਾਬੀ ਸ਼ਬਦ-ਜੋੜਾਂ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੀ ਖਾਤਰ ਵਿਦਵਾਨ ਸਮੇਂ-ਸਮੇਂ ‘ਤੇ ਪੁਰਾਣੇ ਨਿਯਮਾਂ ਵਿੱਚ ਕੁਝ ਸੋਧਾਂ ਕਰਦੇ ਜਾਂ ਸਮੇਂ ਦੀ ਲੋੜ ਅਨੁਸਾਰ ਕੁਝ ਨਵੇਂ ਨਿਯਮ ਬਣਾਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਬੋਲੀ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਦੇ ਸਮਰੱਥ ਹੁੰਦੇ ਹਾਂ। ਅਜੋਕੀ ਪੰਜਾਬੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੁਆਰਾ ਸੰਪਾਦਿਤ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਪੰਜਾਬੀ ਦੇ ਵਿਆਕਰਨਿਕ ਨਿਯਮਾਂ ਨੂੰ ਦਰਸਾਉਂਦੀ ਪੁਸਤਕ ਇੱਕ ਅਜਿਹਾ ਹੀ ਉਪਰਾਲਾ ਹੈ।
ਗੁਰਮੁਖੀ ਲਿਪੀ ਦੇ ਪਹਿਲੇ ਅੱਖਰ ਊੜੇ ਨੂੰ ਦਸਾਂ ਵਿੱਚੋਂ ਕੁੱਲ ਤਿੰਨ ਲਗਾਂ ਲੱਗਦੀਆਂ ਹਨ- ਔਂਕੜ,ਦੁਲੈਂਕੜ ਅਤੇ ਹੋੜਾ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ, ਜਿਵੇਂ: ਉੱਠ, ਊਠ ਅਤੇ ਓਟ। ਅੱਜ ਦੇ ਇਸ ਲੇਖ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ ਅੱਖਰ ਨੂੰ ਲੱਗਦੀਆਂ ਹੋੜੇ ਅਤੇ ਔਂਕੜ ਦੀਆਂ ਦੋ ਲਗਾਂ ਦੀ ਵਰਤੋਂ ਕਦੋਂ ਅਤੇ ਕਿਵੇਂ ਕਰਨੀ ਹੈ? ੳ ਅੱਖਰ ਨੂੰ ਲੱਗਣ ਵਾਲ਼ੀ ਤੀਜੀ ਲਗ ਦੁਲੈਂਕੜ ਬਾਰੇ ਤਾਂ ਅਸੀਂ ਸਾਰੇ ਲਗ-ਪਗ ਜਾਣਦੇ ਹੀ ਹਾਂ।
ਕੋਈ ਸਮਾਂ ਸੀ ਜਦੋਂ ਘਿਓ ਨੂੰ ਘਿਉ, ਪਿਓ ਨੂੰ ਪਿਉ ਅਤੇ ਲਓ ਨੂੰ ਲਉ ਅਰਥਾਤ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਲੱਗੇ ਊੜੇ ਦੀ, ਭਾਵੇਂ ਔਂਕੜ ਦੀ ਅਵਾਜ਼ ਆਉਂਦੀ ਹੋਵੇ ਤੇ ਭਾਵੇਂ ਹੋੜੇ ਦੀ; ਆਮ ਤੌਰ ‘ਤੇ ਉਹਨਾਂ ਨੂੰ ਔਂਕੜ ਪਾ ਕੇ ਹੀ ਲਿਖਿਆ ਜਾਂਦਾ ਸੀ। ਪਰ ਸਮਾਂ ਬਦਲਿਆ ਅਤੇ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਲਿਖੇ ਜਾਣ ਉਪਰੰਤ ਇਹਨਾਂ ਸ਼ਬਦਾਂ ਨੂੰ ਹੀ ਨਹੀਂ ਸਗੋਂ ਹੋਰ ਵੀ ਅਨੇਕਾਂ ਸ਼ਬਦਾਂ ਨੂੰ ਇਸ ਕੋਸ਼ ਵਿੱਚ ਸੁਝਾਏ ਗਏ ਨਿਯਮਾਂ ਅਨੁਸਾਰ ਲਿਖਣ ਦੀ ਪਿਰਤ ਅਰੰਭ ਹੋਈ ਹੈ।
ਸ਼ਬਦਾਂ ਦੇ ਅੰਤ ਵਿਚ ਆਮ ਤੌਰ ‘ਤੇ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਿਆ ਜਾਣਾ ਹੈ:
“””””””””””””””””””””””””””””” “””””””””””””””””””””””””””””” “””””
ਉਪਰੋਕਤ ਕੋਸ਼ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਜੇਕਰ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਊੜਾ ਅੱਖਰ ਲੱਗਿਆ ਹੋਵੇ ਤਾਂ ਕੇਵਲ ਚਾਰ ਸ਼ਬਦਾਂ: “ਇਉਂ, ਕਿਉਂ, ਜਿਉਂ,ਤਿਉਂ” ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਭਾਵੇਂ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਲੱਗੇ ਊੜੇ ਦੀ ਅਵਾਜ਼ ਹੋੜੇ ਦੀ ਹੋਵੇ ਤੇ ਭਾਵੇਂ ਔਂਕੜ ਦੀ; ਜਿਵੇਂ: ਖਾਓ,ਪੀਓ, ਆਓ, ਜਾਓ, ਲਓ, ਦਿਓ, ਘਿਓ, ਕਿਤਿਓਂ, ਵਾਟਿਓਂ, ਵਾਂਢਿਓਂ, ਖੱਬਿਓਂ, ਸੱਜਿਓਂ, ਥੱਲਿਓਂ, ਥੈਲਿਓਂ, ਅੰਬਾਲ਼ਿਓਂ, ਮੁਹਾਲ਼ੀਓਂ, ਫਗਵਾੜਿਓਂ, ਪਟਿਆਲ਼ਿਓਂ, ਲੁਧਿਆਣਿਓਂ ਆਦਿ।
ਦੇਖਣ ਵਿੱਚ ਆਇਆ ਹੈ ਕਿ ਜਗਰਾਓਂ ਅਤੇ ਸਮਾਓਂ ਸ਼ਬਦ ਵਰਤਣ ਵੇਲ਼ੇ ਬਹੁਤੇ ਸੱਜਣ ਅਜੇ ਵੀ ਇਹਨਾਂ ਸ਼ਹਿਰਾਂ ਦੇ ਨਾਂ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਊੜੇ ਨੂੰ ਔਂਕੜ ਪਾ ਕੇ ਹੀ ਲਿਖ ਰਹੇ ਹਨ ਜੋਕਿ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਨਾਲ਼ ਗ਼ਲਤ ਹੈ। ਇਹ ਤਾਂ ਹੋ ਸਕਦਾ ਹੈ ਕਿ ਸਰਕਾਰ ਦੁਆਰਾ ਇਹਨਾਂ ਸ਼ਹਿਰਾਂ ਦੇ ਨਾਂਵਾਂ ਦੀ ਨੋਟੀਫ਼ਿਕੇਸ਼ਨ ਹੀ ਪੁਰਾਤਨ ਰਵਾਇਤਾਂ ਅਨੁਸਾਰ (ਊੜੇ ਨੂੰ ਔਂਕੜ ਪਾ ਕੇ) ਅਰਥਾਤ ਗਲਤ ਢੰਗ ਨਾਲ਼ ਹੋਈ ਹੋਵੇ ਪਰ ਅਜੋਕੇ ਨਿਯਮਾਂ ਅਨੁਸਾਰ ਸਾਨੂੰ ਅਜਿਹੇ ਸ਼ਹਿਰਾਂ ਦੇ ਨਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਚਾਹੀਦੇ ਹਨ ਤੇ ਜਾਰੀ ਹੋਏ ਨੋਟੀਫ਼ਿਕੇਸ਼ਨਾਂ ਵਿੱਚ ਸੋਧ ਕਰਵਾਉਣ ਦੇ ਉਪਰਾਲੇ ਵੀ ਨਾਲ਼ੋ-ਨਾਲ਼ ਜਾਰੀ ਰੱਖਣੇ ਚਾਹੀਦੇ ਹਨ। ਅਸੀਂ ਆਪਣੇ ਵਿਦਿਆਰਥੀ-ਜੀਵਨ ਸਮੇਂ ਦੇਖਦੇ ਰਹੇ ਹਾਂ ਕਿ ਸਰਕਾਰ ਵੱਲੋਂ ਦੁਰਘਟਨਾਵਾਂ ਤੋਂ ਬਚਣ ਲਈ ਸੜਕਾਂ ਦੇ ਕਿਨਾਰਿਆਂ ‘ਤੇ ਲੱਗੇ ਬੋਰਡਾਂ ਉੱਤੇ ਆਮ ਤੌਰ ‘ਤੇ ਊੜੇ ਨੂੰ ਔਂਕੜ ਪਾ ਕੇ ਲਿਖਿਆ ਹੁੰਦਾ ਸੀ: “ਬਚਾਉ ਵਿੱਚ ਹੀ ਬਚਾਉ ਹੈ” ਜਾਂ “ਬਚਾਓ ਵਿੱਚ ਹੀ ਬਚਾਓ ਹੈ” ਪਰ ਹੁਣ ਇਹਨਾਂ ਹੀ ਬੋਰਡਾਂ ਉੱਤੇ ਨਵੇਂ ਵਿਆਕਰਨਿਕ ਨਿਯਮਾਂ ਅਨੁਸਾਰ ਸ਼ੁੱਧ ਪੰਜਾਬੀ ਵਿੱਚ ਲਿਖਿਆ ਹੁੰਦਾ ਹੈ: “ਬਚਾਅ ਵਿੱਚ ਹੀ ਬਚਾਅ ਹੈ”। ਇਸ ਤੋਂ ਸਬਕ ਲੈਂਦਿਆਂ ਸਾਨੂੰ ਵੀ ਸਮੇਂ ਦੇ ਨਾਲ਼ ਬਦਲਦੇ ਹੋਏ ਵਿਆਕਰਨਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹਨਾਂ ਨਿਯਮਾਂ ਅਨੁਸਾਰ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਸੋ, ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਅੱਖਰ ਨਾਲ਼ ਕੇਵਲ ਹੋੜੇ ਦੀ ਲਗ ਹੀ ਲੱਗਣੀ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ, ਔਂਕੜ ਦੀ ਲਗ ਬਿਲਕੁਲ ਨਹੀਂ ਲਾਉਣੀ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਵੱਲ ਜੇਕਰ ਜ਼ਰਾ ਜਿੰਨਾ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਹੀ ਅਸਾਨ ਜਾਪਦੇ ਹਨ ਅਤੇ ਇਹਨਾਂ ਉੱਤੇ ਅਮਲ ਕਰਨਾ ਵੀ ਓਨਾ ਹੀ ਅਸਾਨ ਹੈ।
ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉਂ) ਨੂੰ ਉੱਪਰ ਦੱਸੇ ਗਏ ਨਿਯਮਾਂ ਤੋਂ ਛੋਟ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਚਾਰ ਸ਼ਬਦਾਂ ਨੂੰ ਇਸੇ ਰੂਪ ਵਿੱਚ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਮੰਨੇ ਗਏ ਹਨ।
ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ‘ਊੜੇ’ ਨੂੰ ਕਿਹੜੀ ਲਗ ਲੱਗਣੀ ਹੈ?
“””””””””””””””””””””””””””””” “””””””””””””””””””””””””””””” “”””””
ਜੇਕਰ ‘ੳ’ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਆ ਜਾਵੇ ਤਾਂ ਉਸ ਸੰਬੰਧੀ ਨਿਯਮ ਇਹ ਹੈ ਕਿ ਜੇਕਰ ਉੱਥੇ ਔਂਕੜ ਦੀ ਅਵਾਜ਼ ਹੈ ਤਾਂ ਔਂਕੜ ਪਾਉਣਾ ਹੈ ਅਤੇ ਜੇਕਰ ਹੋੜੇ ਦੀ ਅਵਾਜ਼ ਹੈ ਤਾਂ ਹੋੜਾ; ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ। ਮਿਸਾਲ ਦੇ ਤੌਰ ਤੇ ‘ਸਿਓਂਕ’ ਸ਼ਬਦ ਦਾ ਉਚਾਰਨ ਕਰਦੇ ਸਮੇਂ ਹੋੜੇ (ਦੀਰਘ ਮਾਤਰਾ) ਦੀ ਅਵਾਜ਼ ਆ ਰਹੀ ਹੈ ਇਸ ਲਈ ਇੱਥੇ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਬਿੰਦੀ ਪਾਉਣੀ ਹੈ ਅਤੇ ‘ਤਿਉਹਾਰ’ ਸ਼ਬਦ ਨੂੰ ਲਿਖਣ ਸਮੇਂ ਔਂਕੜ (ਲਘੂ ਮਾਤਰਾ) ਦੀ ਅਵਾਜ਼ ਆ ਰਹੀ ਹੈ ਇਸ ਲਈ ਇੱਥੇ ਊੜੇ ਨੂੰ ਔਂਕੜ ਹੀ ਪਾਇਆ ਜਾਣਾ ਹੈ।
ਉਪਰੋਕਤ ਨਿਯਮ ਅਨੁਸਾਰ ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ਊੜੇ ਦੇ ਉਚਾਰਨ ਅਨੁਸਾਰ ਲੱਗਣ ਵਾਲ਼ੀਆਂ ਲਗਾਂ ਦੀਆਂ ਕੁਝ ਹੋਰ ਉਦਾਹਰਨਾਂ ਇਸ ਪ੍ਰਕਾਰ ਹਨ:
ਊੜੇ ਨੂੰ ਔਂਕੜ ਨਾਲ੍ ਬਣਨ ਵਾਲ਼ੇ ਸ਼ਬਦ:
“””””””””””””””””””””””””””””” “”””””””””””””””
ਸਾਉਣ, ਸਾਉਲ਼ਾ, ਭਗਉਤੀ, ਭਉਜਲ, ਭਜਾਉਣਾ, ਵਿਉਤਪਤੀ, ਗਾਉਣਾ, ਪਿਹਾਉਣਾ, ਵਿਛਾਉਣਾ, ਡਰਾਉਣਾ ਨਵਿਆਉਣਾ, ਮਿਉਂਸਿਪਲ (ਕਮੇਟੀ), ਆਉਣਾ, ਨ੍ਹਾਉਣਾ, ਨੁਹਾਉਣਾ, ਨਸਾਉਣਾ, ਆਉਂਸ ਆਦਿ।
ਕਿਨ੍ਹਾਂ ਸ਼ਬਦਾਂ ਵਿੱਚ “ਊੜੇ ਨੂੰ ਹੋੜਾ” ਜਾਂ “ਊੜੇ ਦਾ ਮੂੰਹ ਖੁੱਲ੍ਹਾ” ਰੱਖਿਆ ਜਾਣਾ ਹੈ:
“””””””””””””””””””””””””””””” “””””””””””””””””””””””””””””” “”
ਡਿਓੜ੍ਹੀ, ਰਿਓੜੀ, ਕਿਓੜਾ, ਭਿਓਂਣਾ, ਵਿਓਂਤ, ਦਿਓਰ, ਤਿਓਰ, ਬਿਓਰਾ, ਤਿਓੜ, ਲਿਓੜ, ਲਿਓਟੀ, ਨਿਓਣਾ (ਨਿਵਣਾ, ਝੁਕਣਾ), ਨਿਓਜ਼ਾ, ਨਿਓਂਦਰਾ (ਨਿਓਂਦਾ), ਪਿਓਂਦ, ਕਿਓਂਟ, ਕਿਓਂਟਣਾ (ਕਿਸੇ ਕੰਮ ਨੂੰ ਸਮੇਟਣਾ) ਆਦਿ।
ੳ ਨੂੰ ਦੁਲੈਂਕੜ:
“””””””””””””””””
ਜਿੱਥੋਂ ਤੱਕ ਊੜੇ ਨੂੰ ਲੱਗਣ ਵਾਲੀ ਤੀਜੀ ਲਗ ਅਰਥਾਤ ਦੁਲੈਂਕੜ ਦਾ ਸੰਬੰਧ ਹੈ, ਇਹ ਲਗ ਊੜੇ ਨੂੰ ਕਿਸੇ ਸਥਾਨ ‘ਤੇ ਵੀ, ਭਾਵ ਪਹਿਲਾਂ, ਵਿਚਕਾਰ ਅਤੇ ਅੰਤ ਵਿੱਚ ਲਾਈ ਜਾ ਸਕਦੀ ਹੈ, ਜਿਵੇਂ: ਊਠ, ਸ਼ਊਰ, ਕਮਾਊ ਆਦਿ ।
ਸਾਰਾਂਸ਼:
“””””””””
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਕੇਵਲ ਜ਼ਰਾ ਜਿੰਨਾ ਧਿਆਨ ਦੇਣ ਦੀ ਹੀ ਲੋੜ ਹੈ, ਪੰਜਾਬੀ ਸ਼ਬਦ-ਜੋੜਾਂ ਸੰਬੰਧੀ ਨਿਯਮ ਏਨੇ ਔਖੇ ਨਹੀਂ ਹਨ ਸਗੋਂ ਬਹੁਤ ਹੀ ਅਸਾਨ ਹਨ। ਇਸੇ ਨਿਯਮ ਵਿੱਚ ਹੀ ਕਿਸੇ ਸ਼ਬਦ ਦੇ ਅੰਤ ਵਿਚ ਊੜੇ ਅੱਖਰ ਦੇ ਆਉਣ ਸਬੰਧੀ ਉਪਰੋਕਤ ਨਿਯਮਾਂ ਅਨੁਸਾਰ ਅਸੀਂ ਖ਼ਿਆਲ ਕੇਵਲ ਏਨਾ ਹੀ ਰੱਖਣਾ ਹੈ ਕਿ ਜੇਕਰ ਊੜਾ ਕਿਸੇ ਸ਼ਬਦ ਦੇ ਅੰਤ ਵਿੱਚ ਆਉਂਦਾ ਹੈ ਤਾਂ “ਇਉਂ, ਕਿਉਂ, ਜਿਉਂ, ਤਿਉਂ”, ਚਾਰ ਸ਼ਬਦਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਨਾਲ ਊੜੇ ਨੂੰ ਹੋੜਾ ਹੀ ਪਾਉਣਾ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ ਅਤੇ ਜੇਕਰ ੳ ਕਿਸੇ ਸ਼ਬਦ ਦੇ ਵਿਚਕਾਰ ਆਉਂਦਾ ਹੈ ਤਾਂ ਹੋੜੇ ਜਾਂ ਔਂਕੜ ਵਿੱਚੋਂ ਸਹੀ ਲਗ ਦੀ ਵਰਤੋਂ ਉਸ ਦੀ ਅਵਾਜ਼ ਅਰਥਾਤ ਉਚਾਰਨ ਨੂੰ ਪਛਾਣ ਕੇ ਕਰਨੀ ਹੈ।
ਜਸਵੀਰ ਸਿੰਘ ਲੰਗੜੋਆ,
ਫ਼ੋਨ ਨੰ. 988884-03052.



