ਸਾਡੀ ਵਿਰਾਸਤ–ਮਿੱਟੀ ਦੇ ਭਾਂਡੇ

  (ਸਮਾਜ ਵੀਕਲੀ)   ਪਿੰਡ ਬੰਨਣਾ ਤਾਂ ਪਿੰਡ ਦੇ ਮੋੜੀ ਗੱਡ ਬਜ਼ੁਰਗਾਂ ਨੇ ਆਪਣੇ ਕੰਮਾਂ-ਧੰਦਿਆਂ ਲਈ ਵੱਖ-ਵੱਖ ਬਿਰਾਦਰੀਆਂ ਦੇ ਕਿੱਤਾਕਾਰਾਂ ਅਤੇ ਖੇਤੀ ਦੇ ਕੰਮਾਂ ਲਈ ਸੀਰੀ-ਸਾਂਝੀ ਦਾ ਕੰਮ ਕਰਨ ਵਾਲੇ ਚੰਗੇ ਬੰਦਿਆਂ ਨੂੰ ਮਾਣ-ਤਾਣ ਨਾਲ ਪਿੰਡ ‘ਚ ਬਸੇਬ ਕਰਨ ਲਈ ਲੱਭ ਕੇ ਲਿਆਉਣਾ।ਖਾਸ ਕਰਕੇ ਮਿਸਤਰੀ(ਰਾਮਗੜ੍ਹੀਆ)ਨੂੰ ਪੱਗ ਦੇ ਕੇ ਲਿਆਉਂਦੇ ਸਨ।ਇਹਨਾਂ ਸਭ ਕਿੱਤਾਕਾਰਾਂ ਨੂੰ ਕੰਮ ਬਦਲੇ ਨਕਦ ਦਿਹਾੜੀ ਦੇ ਨਾਲ-ਨਾਲ ਹਰ ਘਰ, ਹਰ ਛਿਮਾਹੀ ਪੱਕੇ ਤੌਰ ਤੇ ਨਿਯਮਿਤ ਕੀਤੇ ਦਾਣੇ/ਤੂੜੀ ਆਦਿ ਦਿੰਦਾ।ਇਸ ਤੋਂ ਇਲਾਵਾ ਦੁੱਧ,ਲੱਸੀ,ਆਟਾ ,ਪਸ਼ੂਆਂ ਲਈ ਹਰਾ ਚਾਰਾ ਵੀ ਲੋੜਵੰਦਾਂ ਨੂੰ ਦਿੱਤਾ ਜਾਂਦਾ ਸੀ। ਗਰੀਬ ਦੀ ਧੀ ਦੇ ਕਾਰਜ ਤੇ ਸਾਰਾ ਪਿੰਡ ਵਿੱਤ ਮੂਵਜ਼ ਮਦਦ ਕਰਦਾ।ਇਸ ਸਭ ਨਾਲ ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਸਾਂਝ ਬਣੀ ਰਹਿੰਦੀ ਸੀ।
                 ਭਾਵੇਂ  ਪਹਿਲਾਂ  ਲੋਕ ਪਿੱਤਲ,ਕਾਸੀ ਅਤੇ ਲੋਹੇ (ਸਰਬ ਲੋਹ)ਦੇ ਭਾਂਡੇ ਵੀ ਵਰਤਦੇ ਸਨ।ਪਰ ਇਸ ਦੇ ਨਾਲ ਬਹੁਤਾਤ ਵਿੱਚ ਮਿੱਟੀ ਤੋਂ ਬਣੇ ਭਾਂਡੇ ਵੀ ਵਰਤੇ ਜਾਂਦੇ ਸਨ।ਇਹਨਾਂ ਭਾਂਡਿਆਂ ‘ਚ ਕੁੱਜੇ,ਕਨਾਲੀਆਂ,ਬੱਠਲੀਆਂ ,ਤੌੜੇ,ਮੱਟ/ ਮੱਟੀਆਂ ,ਲੋਟਾਂ,ਰਿੜਕਣੇ,ਕਾੜਨੀਆਂ ,ਘੜੋਲੀਆਂ,ਗਾਗਰ ,ਕੂੰਢੇ ਆਦਿ ਅਨੇਕਾਂ ਕਿਸਮ ਦੇ ਭਾਂਡੇ  ਸਾਮਲ ਹੁੰਦੇ ਸਨ।ਇਹਨਾਂ ਤੋਂ ਇਲਾਵਾ ਤਿਉਹਾਰਾਂ ਮੌਕੇ ਦੀਵੇ(ਚੂੰਗੜੇ),ਕਰੂਏ,ਘਰੂਡੀ ,ਮਸ਼ਾਲਾਂ ਆਦਿ ਵਿਸੇਸ਼ ਤੌਰ ਤੇ ਬਣਾਏ ਜਾਂਦੇ ਸਨ।ਇਹਨਾਂ ਭਾਂਡਿਆਂ ਨੂੰ ਤਿਆਰ ਕਰਨ ਲਈ ਕਿਸੇ ਘੁਮਿਆਰ ਦੀ ਜਰੂਰਤ ਨੂੰ ਮਹਿਸੂਸ ਕਰਦੇ ਹੋਏ  ਪਿੰਡਾਂ ਵਿੱਚ ਘੁਮਿਆਰ ਭਾਈਚਾਰੇ ਨੂੰ ਵੀ ਉਚੇਰੇ ਤੌਰ ਤੇ ਵਾਸ ਕਰਵਾਇਆ ਜਾਂਦਾ ਸੀ।
                                    ਘੁਮਿਆਰ ਪਰਿਵਾਰ ਨੂੰ ਪਿੰਡ ‘ਚ ਘਰ ਬਣਾਉਣ ਲਈ ਥਾਂ ਦਿੱਤੀ ਜਾਂਦੀ।ਉਹ ਲੋੜ ਅਨੁਸਾਰ ਇਹ ਭਾਂਡੇ ਤਿਆਰ ਕਰਦੇ ਰਹਿੰਦੇ ਸਨ।ਭਾਂਡੇ ਬਣਾਉਣ ਲਈ ਖਾਸ ਕਿਸਮ ਦੀ ਮਿੱਟੀ ਲੱਭ ਕੇ ਕੱਚੇ ਭਾਂਡੇ ਬਣਾਏ ਜਾਂਦੇ ਹਨ ।ਜਦੋਂ ਕਾਫੀ ਮਿਕਦਾਰ ‘ਚ ਭਾਂਡੇ ਤਿਆਰ ਹੋ ਜਾਣੇ ਤਾਂ ਆਵੀ ਪਾਈ  ਜਾਂਦੀ।ਆਵੀ ਤੇ ਕਈ ਵਾਰ ਮੀਂਹ- ਕਣੀ   ਦੀ ਮਾਰ ਵੀ ਪੈ ਜਾਣੀ।ਤਾਹੀਓ ਘੁਮਿਆਰ ਭਾਈਚਾਰੇ ਲਈ ਇਹ ਗੱਲ ਮਸ਼ਹੂਰ ਹੋਈ ,” ਟਾਂਡਿਆ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ।” ਘਰਾਂ ਵਿੱਚ ਵਰਤੋਂ ਵਾਲੇ ਭਾਂਡੇ ਘੁਮਿਆਰ ਦੁਆਰਾ ਘਰਾਂ ਵਿੱਚ ਪਹੁੰਚਾਏ ਜਾਂਦੇ ਸਨ।ਕਈ ਵਾਰ ਪਿੰਡ ਦੀਆਂ ਸੁਆਣੀਆਂ ਵੀ ਘਰ ‘ਚ  ਜਰੂਰਤ ਦੇ ਭਾਂਡੇ ਆਪ  ਘੁਮਿਆਰਾਂ ਦੇ ਘਰੋਂ ਲੈ ਜਾਂਦੀਆਂ ਸਨ। ਕੋਰੇ ਭਾਂਡੇ ਨੂੰ ਵਰਤਨ ਤੋਂ ਪਹਿਲਾਂ ਸ਼ਗਨ ਵਜੋਂ ਉਸ ‘ਚ ਕਣਕ ਦੇ ਦਾਣੇ ਪਾ ਕੇ ਫੇਰ ਉਸ ‘ਚ ਪਾਣੀ ਭਰਿਆ ਜਾਂਦਾ ਸੀ।ਪਰ ਹਾੜੀ ਦੇ ਫਸਲ ਰੁੱਤੇ ਪਿੰਡ ਦਾ ਘੁਮਿਆਰ ਕਿਸਾਨਾਂ ਦੇ ਖੇਤਾਂ ਵਿੱਚ ਭਾਂਡੇ ਜਿਵੇਂ ਕਿ ਲੋਟ, ਕੋਰਾ ਤੌੜਾ ਆਪ ਦੇ ਕੇ ਆਉਂਦਾ।ਕੋਰੇ ਬਰਤਨਾਂ ਦਾ ਠੰਡਾ ਠਾਰ ਪਾਣੀ ਗਰਮੀ ਦੀ ਰੁੱਤੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਦੀ ਪਿਆਸ ਬਝਾਉਂਣ ਲਈ ਵਰਦਾਨ ਸਾਬਤ ਹੁੰਦਾ ਸੀ।ਕਿਸਾਨ ਲੋੜ ਅਨੁਸਾਰ ਲਏ ਭਾਂਡਿਆਂ ਦੇ ਇਵਜ਼ ਵਜੋਂ ਘੁਮਿਆਰ ਨੂੰ ਲਾਂਗੇ ਦੇ ਥੱਬੇ ਦਿੰਦੇ।ਉਹਨਾਂ ਸਮਿਆਂ ਵਿੱਚ ਵਸਤਾਂ ਨਕਦ ਭੁਗਤਾਨ ਦੀ ਥਾਂ ਵਟਾਂਦਰੇ ਦੇ ਰੂਪ ਵਿੱਚ ਹੀ ਖਰੀਦੀਆਂ ਜਾਂਦੀਆਂ ਸਨ।ਆਮ ਕਰਕੇ ਵਟਾਂਦਰਾ ਦਾਣਿਆਂ(ਫਸਲ) ਦੇ ਰੂਪ ਵਿੱਚ ਹੀ ਹੁੰਦਾ ਸੀ।ਇਸ ਨਾਲ ਦੋਵੇਂ ਧਿਰਾਂ ਨੂੰ ਸਿਖਾਈ ਰਹਿੰਦੀ ਸੀ।ਕਿਸਾਨ/ਜੱਟ ਨੂੰ ਨਕਦ ਭੁਗਤਾਨ ਨਹੀਂ ਕਰਨਾ ਪੈਂਦਾ ਸੀ ਤੇ ਕਿੱਤਾਕਾਰ ਨੂੰ ਰੋਜ਼ਾਨਾ ਦੇ ਗੁਜਾਰੇ  ਲਈ ਦਾਣਾ-ਫੱਕਾ ਮਿਲ ਜਾਂਦਾ ਸੀ।
                        ਜਿਉਂ-ਜਿਉਂ ਅਸੀਂ ਤਰੱਕੀ ਕੀਤੀ ਬਾਕੀ ਪੇਂਡੂ ਕਿੱਤਿਆ ਵਾਂਗ ਭਾਂਡੇ ਬਣਾਉਣ ਦਾ ਕੰਮ ਵੀ ਘੱਟਣ ਲੱਗਿਆ।ਪਿੰਡਾਂ ਵਿੱਚ ਖੁੱਲੀਆਂ ਡੇਰੀਆਂ ਨੇ ਘਰਾਂ ‘ਚ ਵਰਤੇ ਜਾਂਦੇ ਦੁੱਧ ਦੀ ਮਿਕਦਾਰ ਘਟਾਈ ਤਾਂ ਕਾੜਨੀ,ਰਿੜਕਨਾ ਅਲੋਪ ਹੋਣ ਲੱਗੇ।ਸ਼ਹਿਰੀ ਲੋਕਾਂ ਦੀ ਰੀਸੇ ਸਰਦੇ-ਪੁੱਜਦੇ ਘਰ ਰੈਫਰੀਜਰੇਟਰ ਖਰੀਦਣ ਲੱਗੇ ਤਾਂ ਘਰਾਂ ਵਿੱਚ ਘੜੇ/ਤੌੜੇ ,ਮੱਟੀ ਆਦਿ ਫਜੂਲ ਸਮਝ ਕੇ ਨੁੱਕਰੇ ਲੱਗ ਗਏ।ਬਜ਼ਾਰ ਵਿੱਚ ਪਾਣੀ ਵਾਲਾ ਕੈਂਪਰ ਆਇਆ ਤਾਂ ਕਿਸਾਨਾਂ ਨੇ ਖੇਤਾਂ ‘ਚ ਪਾਣੀ ਲੈ ਕੇ ਜਾਣ ਲਈ ਲੋਟ,ਘੜੇ ਛੱਡ ਕੇ ਕੈਂਪਰ ਵਰਤਣੇ ਸੁਰੂ ਕਰ ਦਿੱਤੇ।ਹੁਣ ਤਾਂ ਗਾਇਕਾਂ ਵਲੋਂ ਸਾਜ਼ ਦੇ ਤੌਰ ਤੇ ਵਰਤਿਆ ਜਾਦਾ ਘੜਾ ਵੀ ਬੀਤੇ ਦੀ ਗੱਲ ਹੋ ਗਿਆ ਹੈ।ਸੋ ਇਸ  ਤਰ੍ਹਾਂ ਪਿੰਡਾਂ ਵਿੱਚੋਂ ਮਿੱਟੀ ਦੇ ਭਾਂਡੇ ਇੱਕ-ਇੱਕ ਕਰਕੇ ਅਲੋਪ ਹੋਣੇ ਸੁਰੂ ਹੋ ਗਏ ਤੇ ਨਾਲ ਮਿੱਟੀ ਦੇ ਭਾਂਡੇ ਬਣਾਉਣ  ਦਾ ਕੰਮ ਵੀ ਖਤਮ ਹੋਣਾ ਸੁਰੂ ਹੋ ਗਿਆ।
                           ਜਿਉਂ ਹੀ ਮਿੱਟੀ ਦੇ ਬਣੇ ਭਾਂਡਿਆਂ ਦੀ ਵਰਤੋਂ ਘਟੀ ਤਾਂ ਲੋਕ ਇਹ ਸਮਝਣ ਲੱਗੇ ਕੇ ਉਹ  ਸਰੀਰਕ ਬੀਮਾਰੀਆਂ ਦਾ ਸਿਕਾਰ ਹੋਣ ਲੱਗੇ ਹਨ।  ਪੁਰਾਤਨ ਸਮੇਂ ‘ਚ ਇਹ ਸਮਝਿਆ ਜਾਂਦਾ ਸੀ ਕਿ ਪੰਜ ਤੱਤਾਂ ਮਿੱਟੀ,ਪਾਣੀ ,ਹਵਾ,ਅੱਗ ਤੇ ਅਕਾਸ਼ ਦੇ ਸਮੇਲ ਤੋਂ ਬਣੇ ਇਹ ਭਾਂਡੇ ਸਾਡੀ ਸਿਹਤ ਦੇ ਅਨੁਕੂਲ ਹੁੰਦੇ ਸਨ।ਇੱਕ ਵਾਰ ਫੇਰ ਸਮੇਂ ਨੇ ਕਰਵੱਟ ਲਈ ਤਾਂ ਕਿ ਲੋਕ ਵਪਾਰਕ ਤੌਰ ਤੇ ਤਿਆਰ ਕੀਤੇ ਜਾਂਦੇ ਮਿੱਟੀ ਦੇ ਭਾਂਡਿਆ ਵੱਲ ਪਰਤਣ ਤਾਂ ਲੱਗੇ ਹਨ ਪਰ ਜੋ ਉਹ ਵਰਤ-ਵਰਤਾਰਾ ਤੇ ਭਾਈਚਾਰਕ ਸਾਂਝ ਸੀ ਉਹ ਮੁੜ ਬਹਾਲ ਨਹੀਂ ਹੋ ਸਕੀ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਵਿਤਾਵਾਂ
Next articleਖ਼ਾਲਸਾ ਇੰਸਟੀਟਿਊਟ ਆਫ ਮੈਨੇਜਮੈਂਟ ਲੁਧਿਆਣਾ ਵਿੱਚ “ਤੀਜੀ ਸਾਲਾਨਾ ਐਥਲੈਟਿਕ ਮੀਟ” ਹੋਈ