(ਸਮਾਜ ਵੀਕਲੀ)
“ਚੂਪੇ ਚੂਸੇ ਟੌਫੀਆਂ ਗੋਲੀਆਂ ਤੇ ਖੰਡ ਦੀਆਂ ਬਣੀਆਂ ਭੰਬੀਰੀਆਂ”
ਲੰਘਿਆ ਬਚਪਨ ਦੋਸਤੋ ਬਹੁਤ ਯਾਦ ਆਉਂਦਾ ਰਹਿੰਦਾ ਹੈ।ਆਮ ਕਹਾਵਤ ਹੈ ਕਿ ਬਚਪਨ ਬਾਦਸ਼ਾਹ ਹੁੰਦਾ ਹੈ,ਇਹ ਬਿਲਕੁਲ ਸਚਾਈ ਹੈ ਕਿਉਂਕਿ ਬਚਪਨ ਅਵਸਥਾ ਹੀ ਐਸੀ ਹੁੰਦੀ ਹੈ,ਜਿਸ ਵਿੱਚ ਚੜ੍ਹੀ ਲੱਥੀ ਦੀ,ਘਾਟੇ ਵਾਧੇ ਦੀ,ਲੂਣ ਮਿਰਚ ਮਸਾਲੇ ਹਲਦੀ ਦੀ,ਘਰ ਦੇ ਲੈਣ ਦੇਣ ਦੀ,ਭਾਵ ਕਿਸੇ ਵੀ ਚੀਜ਼ ਦੀ ਕੋਈ ਪ੍ਰਵਾਹ ਨਹੀਂ ਹੁੰਦੀ।ਹੈ ਨਾ ਫਿਰ ਵਾਕਿਆ ਈ ਬਚਪਨ ਬਾਦਸ਼ਾਹ।ਇਕੱਲੀ ਖੇਡ ਹੀ ਪਿਆਰੀ ਹੁੰਦੀ ਆ।ਉਸ ਦਾ ਵੀ ਕੋਈ ਟਾਈਮ ਨਹੀਂ ਨਾ ਹਨੇਰਾ ਵੇਖਣਾ ਨਾ ਸਵੇਰਾ,ਬੱਸ ਖੇਡ ਚ ਮਘਣ ਰਹਿਣਾ।
ਛੋਟੇ ਹੁੰਦਿਆਂ ਜਦੋਂ ਵੀ ਸਕੂਲੇ ਜਾਣਾ ਤਾਂ ਜੇਕਰ ਘਰੋਂ ਪੰਜ ਪੈਸੇ,ਦਸ ਪੈਸੇ,ਚਵਾਨੀ ਜਾਂ ਅਠਾਨੀ ਮਿਲ ਜਾਣੀ ਤਾਂ ਪੁੱਠੀਆਂ ਸਿੱਧੀਆਂ ਛਾਲਾਂ ਮਾਰਨੀਆਂ। ਤੇ ਜੇ ਕਿਤੇ ਬਾਪੂ ਨੇ ਭੁੱਲ ਭੁਲੇਖੇ ਜਾਂ ਫਿਰ ਮਾਂ ਦਾਦੀ ਤੋਂ ਚੋਰੀ ਇੱਕ ਰੁਪਈਆ ਦੇ ਦੇਣਾ ਤਾਂ ਫਿਰ ਅਸੀਂ ਬਾਦਸ਼ਾਹ ਹੁੰਦੇ ਸੀ। ਨਿਸ਼ਾਨੀ ਵਜੋਂ ਕਿਸੇ ਦੋਸਤ ਮਿੱਤਰ ਨੂੰ ਟਿੱਚ ਸਮਝਣਾ, ਸਾਰਿਆਂ ਤੋਂ ਦੂਰੀ ਬਣਾ ਕੇ ਰੱਖਣਾ ਅਤੇ ਨਿਵੇਕਲੀ ਈ ਟੌਹਰ ਹੋਣੀ,ਇਸ ਤੋਂ ਸਾਰੇ ਯਾਰ ਬੇਲੀ ਅੰਦਾਜ਼ਾ ਲਾ ਲੈਂਦੇ ਸੀ ਕਿ ਅੱਜ ਇਹਦੀ ਜੇਬ੍ਹ ਦੂਜਿਆਂ ਨਾਲੋਂ ਕੁੱਝ ਭਾਰੀ ਜਾਪਦੀ ਹੈ, ਤਾਂ ਹੀ ਤਾਂ ਇਹ ਕਿਸੇ ਨਾਲ ਰਲਦਾ ਨਹੀਂ।ਕਈ ਵਾਰ ਮੇਰੇ ਵਰਗਾ ਕੋਈ ਤਿੜਕੇ ਕਹਿ ਵੀ ਦਿੰਦਾ ਸੀ ਕਿ ਕੋਈ ਨੀ ਮੈਂ ਵੀ ਵਿਖਾਊਂਗਾ ਕੱਲ੍ਹ ਨੂੰ ਆਪਦੀ ਵੱਖਰੀ ਟੌਹਰ ਜਦੋਂ ਮੈਂ ਭਾਪੇ ਤੋਂ ਰੁਪੱਈਆ ਲਿਆਂਦਾ ਨਾ ਫਿਰ ਮੈਂ ਵੀ ਤੁਹਾਨੂੰ ਵਿਖਾ ਵਿਖਾ ਕੇ ਖਾਵਾਂਗਾ ਚੀਜੀ।
ਤੇ ਚੀਜੀ ਕੀ ਹੁੰਦੀ ਸੀ ਓਨਾਂ ਸਮਿਆਂ ਵਿੱਚ, ਫੁੱਲੀਆਂ, ਪਤਾਸੇ,ਸੀਰਨੀ,ਸੰਤਰੇ ਦੀਆਂ ਗੋਲੀਆਂ,ਗਰਮੀ ਚ ਬਰਫ਼ ਵਾਲੀਆਂ ਕੁਲਫੀਆਂ ਤੇ ਜਾਂ ਫਿਰ ਸੂਤੀ ਧਾਗੇ ਵਿੱਚ ਪਰੋਈਆਂ ਹੋਈਆਂ ਚੂਸਣੀਆਂ ਜਾਂ ਭੰਬੀਰੀਆਂ, ਜਿਹੜੀਆਂ ਦੋ ਕੰਮ ਦਿੰਦੀਆਂ ਸਨ। ਇੱਕ ਤਾਂ ਧਾਗੇ ਨੂੰ ਵੱਟ ਦੇ ਕੇ ਭੰਬੀਰੀ ਬਣਾ ਕੇ ਘੁਮਾਈ ਜਾਣਾ, ਕਦੇ ਕਦੇ ਘੁੰਮਦੀ ਭੰਬੀਰੀ ਨੂੰ ਯਾਰ ਬੇਲੀ ਦੀ ਬਾਂਹ ਹੱਥ ਜਾਂ ਗੱਲ੍ਹ ਦੇ ਨੇੜੇ ਕਰਕੇ ਤੇਜੀ ਨਾਲ ਘੁੰਮਾ ਕੇ ਨਾਲ ਲਾ ਦੇਣਾ ਤੇ ਓਸਨੇ ਇੱਕ ਦਮ ਡਰ ਜਾਣਾ। ਅਜੋਕੇ ਸਮਿਆਂ ਵਾਂਗ ਓਦੋਂ ਲੜਾਈਆਂ ਨਹੀਂ ਸਨ ਹੁੰਦੀਆਂ, ਐਵੇਂ ਮਾੜਾ ਜਿਹਾ ਰੋਸਾ ਕਰਨਾ ਤੇ ਅਗਲੇ ਪਲ ਘਿਓ ਖਿਚੜੀ। ਜਾਂ ਕਹਿ ਦੇਣਾ ਕੋਈ ਨੀ ਕੱਲ੍ਹ ਨੂੰ ਮੈਂ ਵੀ ਭੰਬੀਰੀ ਲਿਆਊਂ ਤੇ ਤੇਰੇ ਇਵੇਂ ਈ ਲਾਊਂ, ਫਿਰ ਪਤਾ ਲੱਗੂ। ਤੇ ਇਹ ਭੰਬੀਰੀਆਂ ਜਿਨ੍ਹਾਂ ਚਿਰ ਘੁੰਮੀ ਜਾਂਦੀਆਂ ਖੇਡੀ ਜਾਂਦੇ ਤੇ ਜਦੋਂ ਧਾਗਾ ਘਸਕੇ ਟੁੱਟ ਜਾਂਦਾ ਤਾਂ ਫਿਰ ਇਹਨੂੰ ਚੂਸ ਲੈਣਾ ਖਾ ਲੈਂਣਾ, ਫਿਰ ਇਹ ਚੀਜੀ ਬਣ ਜਾਂਦੀ ਸੀ।
ਇਸ ਤੋਂ ਬਿਨਾਂ ਕਿਸਮਤ ਪੁੜੀਆਂ ਹੁੰਦੀਆਂ ਸਨ,ਜੋ ਇੱਕ ਕਲੰਡਰ ਤੇ ਚਿਪਕਾਈਆਂ ਹੁੰਦੀਆਂ ਸਨ,ਪੰਜ ਪੈਸੇ ਦਸ ਪੈਸੇ ਚਵਾਨੀ ਅਠਾਨੀ ਜਾਂ ਫਿਰ ਰੁਪੱਈਆ ਇਹਦਾ ਰੇਟ ਹੁੰਦਾ ਸੀ, ਜਾਂ ਸਾਡੇ ਚੋਂ ਕਈਆਂ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਓਹ ਪੱਟਣੀਆਂ।ਓਹਦੇ ਵਿੱਚੋਂ ਛਣਕਣੇ, ਨਮਕੀਨ ਗੋਲੀਆਂ, ਜਾਂ ਹੋਰ ਕਈ ਕਿਸਮ ਦੇ ਇਹੋ ਜਿਹੇ ਖਿਡਾਉਣੇ ਨਿਕਲਣੇ,ਕਦੇ ਕਦੇ ਆਪਦੇ ਗਾਹਕ ਬਣਾਈ ਰੱਖਣ ਲਈ ਦੁਕਾਨਦਾਰ ਨੇ ਇੱਕ ਦੋ ਰੁਪਏ ਵੀ ਦੇ ਦੇਣੇ ਤਾਂ ਕਿ ਇਸੇ ਲਾਲਚ ਵਿੱਚ ਕੱਲ੍ਹ ਨੂੰ ਫਿਰ ਇਹ ਬੱਚੇ ਮੇਰੇ ਗਾਹਕ ਬਣੇ ਰਹਿਣ।
ਸੋ ਦੋਸਤੋ ਇਹ ਬਚਪਨ ਆਪਣੇ ਸਾਰਿਆਂ ਤੋਂ ਹੀ ਲੰਘ ਕੇ ਗਿਆ ਹੈ, ਤੇ ਇਹ ਵੀ ਮੈਨੂੰ ਪੂਰਾ ਯਕੀਨ ਹੈ ਕਿ ਜੋ ਦੋਸਤ ਮਿੱਤਰ ਇਹੋ ਜਿਹੀਆਂ ਗੱਲਾਂ ਬਾਤਾਂ ਜਾਂ ਲੇਖ ਪੜ੍ਹਦਾ ਹੈ ਓਹ ਆਪਣੇ ਇੱਕ ਵਾਰ ਬਚਪਨ ਦੇ ਜ਼ਰੂਰ ਦਰਸ਼ਨ ਕਰ ਲੈਂਦਾ ਹੈ, ਤੇ ਆਪਣੇ ਅਤੀਤ ਵਿੱਚ ਪਹੁੰਚ ਜਾਂਦਾ ਹੈ। ਇਸੇ ਲਈ ਹੀ ਇਹੋ ਜਿਹੀਆਂ ਯਾਦਾਂ ਸਮੇਂ ਸਮੇਂ ਤੇ ਤੁਹਾਡੇ ਨਾਲ ਸਾਂਝੀਆਂ ਕਰ ਲਈਦੀਆਂ ਹਨ,ਕਿ ਕਿਤੇ ਆਪਾਂ ਬੀਤੇ ਹੋਏ ਅਤੀਤ ਨੂੰ ਭੁੱਲ ਈ ਨਾ ਜਾਈਏ।
ਨੋਟ: ਬਹੁਤ ਸਾਰਾ ਪੁਰਾਤਨ ਵਿਰਸੇ ਨਾਲ ਸਬੰਧਤ ਸਾਡਾ ਅਤੀਤ ਤਸਵਿੰਦਰ ਸਿੰਘ ਬੜੈਚ ਨੇ ਆਪਣੇ ਦਿਵਾਲੇ ਪਿੰਡ(ਖੰਨਾ-ਸਮਰਾਲਾ ਰੋਡ) ਦੇ ਵਿੱਚ ਮਿਊਜਮ ਬਣਾ ਸੰਭਾਲ ਕੇ ਰੱਖਿਆ ਹੋਇਆ ਹੈ। ਬਹੁਤ ਸਾਰੇ ਵਿਰਸਾ ਪ੍ਰੇਮੀ ਓਥੇ ਪਹੁੰਚ ਕੇ ਵੇਖਦੇ ਹਨ ਤੇ ਤੁਸੀਂ ਵੀ ਸਮਾਂ ਕੱਢ ਕੇ ਜ਼ਰੂਰ ਜਾ ਕੇ ਵੇਖਿਓ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly