(ਸਮਾਜ ਵੀਕਲੀ)
ਮਤੀ ਦਾਸ ਸਤੀ ਦਾਸ ਭਾਈ ਦਿਆਲਾ ਸਾਡੇ ਨੇ
ਓ ਆਰੇ ਨਾਲ ਚੀਰੇ ਕਰੇ ਜ਼ੁਲਮ ਸੀ ਡਾਹਡੇ ਨੇ
ਜਰਿਆ ਸੀ ਪਿੰਡੇ ਤੇ ਸ਼ਹੀਦੀ ਦਾ ਸਰੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਓ ਬੇਦਾਵਾ ਦਿੱਤਾ ਨਹੀਂ ਕਦੇ ਅਸੀਂ ਗੁਰਾਂ ਨੂੰ
ਲੜੀਆਂ ਲੜਾਈਆਂ ਯਾਦ ਕਰਕੇ ਨੇ ਗੁਰਾਂ ਨੂੰ
ਬੰਦ ਬੰਦ ਕੱਟ ਦਿੱਤੇ ਜਿੱਤ ਗਏ ਜ਼ਰੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਠੋਕਿਆ ਸੀ ਜਾ ਕੇ ਅਸੀਂ ਪਾਰੋਂ ਪਾਰ ਡਾਇਰ ਨੂੰ
ਊਧਮ ਨੇ ਮਾਰਿਆ ਸੀ ਗੋਲ਼ੀ ਨਾਲ਼ ਕਾਇਰ ਨੂੰ
ਕੱਡੀਏ ਦਿਲਾਂ ਚੋਂ ਅਸੀਂ ਭਰਿਆ ਫਤੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਗ਼ਦਰੀ ਗੁਲਾਬ ਕੌਰ ਅਣਖੀ ਮੁਟਿਆਰ ਹੋਈ
ਗ਼ਦਰਾਂ ਲਈ ਆਪ ਜਿਹਨੇ ਜ਼ਿੰਦਗੀ ਸਮੋਈ
ਕੰਡਿਆਂ ਦੇ ਰਾਹਾਂ ਵਿੱਚ ਚੜ੍ਹਦਾ ਸਰੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਸੁਣਿਆ ਸੀ ਸੇਵਾ ਸਿੰਘ ਠੀਕਰੀਆਂ ਵਾਲ਼ੇ ਦਾ
ਲੋਕਾਂ ਲਈ ਲੜਿਆ ਜੋ ਲੋਕਾਂ ਦੇ ਹਵਾਲੇ ਦਾ
ਮੰਨੀ ਨਹੀਂ ਈਨ ਨਾਲ਼ ਮਰਿਆ ਗ਼ਰੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਮੂਹਰੇ ਹੋ ਲੜਿਆ ਹੈ ਘੋਲ਼ ਵੀ ਕਿਸਾਨੀ ਦਾ
ਲੋਕਾਂ ਦੇ ਦਿਲਾਂ ਦੇ ਵਿੱਚ ਜੋਸ਼ ਐ ਜਵਾਨੀ ਦਾ
ਦਿੱਲੀ ਦਿਆਂ ਬਾਡਰਾਂ ਨੂੰ ਪੁੱਛਿਓ ਜ਼ਰੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਸਿੱਧੇ ਸਾਦੇ ਲੋਕ ਸਾਨੂੰ ਸਾਦਗੀ ਪਸੰਦ ਬੜੀ
ਓ ਅਣਖਾਂ ਪੁਗਾਈਏ ਸਦਾ ਮੁੱਛ ਰਹੇ ਖੜ੍ਹੀ
ਮਸਤੀ ਚ ‘ਜੀਤ’ ਰਹੀਏ ਅਸੀਂ ਮਗ਼ਰੂਰ
ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly