(ਸਮਾਜ ਵੀਕਲੀ)
ਪੱਗਾਂ ਲੱਥੀਆਂ, ਜ਼ਖਮ ਪੂੰਝਦੇ, ਡਿਗਦੇ-ਢਹਿੰਦੇ ਬਾਬੇ
ਪੁੱਤਾਂ ਵਰਗੀਆਂ ਡਾਂਗਾਂ ਮੂਹਰੇ ਤਣ ਤਣ ਖੜ੍ਹਦੇ ਬਾਬੇ
ਇਕ ਹੱਥ ਹਲ ਦੀ ਜੰਘੀ ਫੜਨੀ, ਦੂਜੇ ਹੱਥ ਕਿਰਪਾਨਾਂ
ਆਪਣੇ ਪੂਰਵਜਾਂ ਤੋਂ ਏਹੀ ਸਿੱਖਦੇ ਆਏ ਬਾਬੇ
ਲਾਲ, ਹਰੇ ਤੇ ਪੀਲੇ ਝੰਡੇ ਲੈ ਕੇ ਅੜ ਜਾਂਦੇ ਨੇ
ਹਾੜ੍ਹਾਂ ਦੀ ਲੂ, ਪੋਹ ਦਾ ਕੱਕਰ ਜਰਦੇ ਆਉਂਦੇ ਬਾਬੇ
ਗੂੰਗੇ ਕੰਨਾਂ ਤਕ ਆਪਣੀ ਆਵਾਜ਼ ਪੁਚਾਉਣ ਦੀ ਖਾਤਰ
ਦਿੱਲੀ ਦੇ ਬਾਰਡਰ ‘ਤੇ ਮੰਜੇ ਡਾਹ ਕੇ ਬੈਠੇ ਬਾਬੇ
ਕਾਲ਼ੇ ਕਾਵਾਂ ਕੋਲੋਂ ਮੁਲਕ ਬਚਾਉਣ ਲਈ ਪੁੱਜੇ ਨੇ
ਝੋਨੇ ਦੀ ਢੇਰੀ ‘ਤੇ ਚੜ੍ਹ ਕੇ ਬੈਠਣ ਵਾਲੇ ਬਾਬੇ
ਬੁੱਢੇ ਹੱਡਾਂ ਵਿਚ ਜੂਝਣ ਦਾ ਜਜ਼ਬਾ ‘ਕੱਠਾ ਕਰਕੇ
ਦੇਖੇ ਨਵੀਆਂ ਨਸਲਾਂ ਦੀ ਅਗਵਾਈ ਕਰਦੇ ਬਾਬੇ
ਇਸ ਧਰਤੀ ਦੇ ਲੋਕ ਕਿਤੇ ਸ਼ਰਮਿੰਦਾ ਹੀ ਨਾ ਜੰਮਣ
ਏਸ ਲਈ ਲੱਕ ਬੰਨ੍ਹ ਤੁਰੇ ਨੇ ਬੀਬੀਆਂ ਨਾਲੇ ਬਾਬੇ
ਸੁਖਦੇਵ ਸਿੰਘ
0091 6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly