ਕੈਪਟਨ ਨੇ ਜਾਂਚ ਏਜੰਸੀਆਂ ਵੱਲੋਂ ਭੇਜੇ ਨੋਟਿਸਾਂ ’ਤੇ ਸਵਾਲ ਉਠਾਏ

ਨਵੀਂ ਦਿੱਲੀ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਗਏ ਵੱਖ-ਵੱਖ ਨੋਟਿਸਾਂ ਦੇ ਸਮੇਂ ’ਤੇ ਸਵਾਲ ਉਠਾਏ ਹਨ। ਜੰਤਰ-ਮੰਤਰ ’ਤੇ ਦਿੱਤੇ ਗਏ ਧਰਨੇ ਦੌਰਾਨ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ, ਖੁਦ ਨੂੰ (ਕੈਪਟਨ) ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਆਮਦਨ ਕਰ ਵਿਭਾਗ ਪਾਸੋਂ ਨੋਟਿਸ ਪ੍ਰਾਪਤ ਹੋਏ ਹਨ।

ਇੱਥੋਂ ਤੱਕ ਕਿ ਉਨ੍ਹਾਂ ਦੀਆਂ ਦੋ ਪੋਤਰੀਆਂ, ਜਿਨ੍ਹਾਂ ਵਿੱਚੋਂ ਇਕ ਕਾਨੂੰਨ ਦੀ ਵਿਦਿਆਰਥਣ ਹੈ ਤੇ ਦੂਜੀ ਦੀ ਮੰਗਣੀ ਹੋਣ ਵਾਲੀ ਹੈ, ਅਤੇ ਅੱਲ੍ਹੜ ਉਮਰ ਦੇ ਪੋਤਰੇ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ ਤੇ ਉਨ੍ਹਾਂ ਨੂੰ ਵੀ ਨੋਟਿਸ ਪ੍ਰਾਪਤ ਹੋਏ ਹਨ। ਕੈਪਟਨ ਨੇ ਕਿਹਾ ਕਿ ਨੋਟਿਸ ਜਾਰੀ ਕਰਨ ਦਾ ਸਮਾਂ ਸ਼ੱਕੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਖੇਤੀ ਸੋਧ ਬਿੱਲ ਪਾਸ ਕੀਤੇ ਗਏ ਹਨ ਜਿਸ ਮਗਰੋਂ ਕੇਂਦਰੀ ਏਜੰਸੀਆਂ ਨੇ ਇਹ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਬੱਚਿਆਂ ਨੂੰ ‘ਆਈਟੀ’ ਵੱਲੋਂ ਨੋਟਿਸ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨ ਦੇ ਇਕ-ਦੋ ਦਿਨ ਹੀ ਬਾਅਦ ਜਾਰੀ ਕੀਤੇ ਗਏ ਹਨ।

Previous articleਅਮਰੀਕਾ ਚੋਣਾਂ: ‘ਸਮੋਸਾ ਕਾਕਸ’ ਦੀ ਮੁੜ ਜਿੱਤ
Next articleਤਿੰਨ ਹੋਰ ਰਾਫ਼ਾਲ ਲੜਾਕੂ ਜਹਾਜ਼ ਭਾਰਤ ਪੁੱਜੇ