ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਓਸ਼ੋ ਜੋ ਨਾ ਕਦੇ ਪੈਦਾ ਹੋਏ, ਨਾ ਕਦੇ ਮਰੇ ਇਹ ਸ਼ਬਦ ਪੁਨੇ ਦੇ ਉਨ੍ਹਾਂ ਦੇ ਨਿਵਾਸ ‘ਲਾਓ ਜੂ ਹਾਊਸ’ ਵਿੱਚ ਉਨ੍ਹਾਂ ਦੀ ਸਮਾਧੀ ਦੇ ਉਪਰ ਲਿਖੇ ਗਏ ਹਨ। ਓਸ਼ੋ ਜਿਸ ਨੂੰ ਰਜਨੀਸ਼ ਅਚਾਰੀਆ ਅਤੇ ਹੋਰ ਕਈ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਆਪਣੇ ਲੱਖਾਂ ਪ੍ਰਸੰਸਕਾਂ, ਚੇਲਿਆਂ ਅਤੇ ਪੈਰੋਕਾਰਾਂ ਲਈ ਉਹ ਸਿਰਫ ਓਸ਼ੋ ਸਨ। ਓਸ਼ੋ ਦਾ ਅਰਥ ਹੈ ਉਹ ਸ਼ਖ਼ਸ ਜਿਸ ਨੇ ਆਪਣੇ ਆਪ ਨੂੰ ਸਮੁੰਦਰ ਵਿੱਚ ਮਿਲਾ ਲਿਆ ਹੋਵੇ। ਪਿਛਲੀ ਸਦੀ ਦਾ ਮਹਾਨ ਵਿਚਾਰਕ ਅਤੇ ਅਧਿਆਤਮਕ ਨੇਤਾ ਓਸ਼ੋ, ਭਾਵਨਾਵਾਂ ਦਾ ਇੱਕ ਅਜਿਹਾ ਸੰਗੀਤਕ ਤੇ ਲੈਅਬੱਧ ਆਪਮੁਹਾਰਾ ਪ੍ਰਵਾਹ ਹੈ ਜਿਸ ਵਿੱਚ ਮਾਨਵੀ ਜੀਵਨ ਦੀਆਂ ਮੂਲਤਾਵਾਂ ਦੀ ਆਲੋਚਨਾ ਵੀ ਹੈ ਅਤੇ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਵੀ। ਉਸ ਦੇ ਵਿਚਾਰਾਂ ਵਿੱਚ ਬੌਧਿਕਤਾ ਅਤੇ ਭਾਵਨਾਵਾਂ ਦੀ ਇੱਕ ਅਜਿਹੀ ਸਮਤਾ ਹੈ, ਜੋ ਸਾਡੇ ਹਿਰਦਿਆਂ ਵਿੱਚ ਜਿੱਥੇ ਆਨੰਦਮਈ ਭਾਵਾਂ ਦਾ ਹੜ੍ਹ ਪੈਦਾ ਕਰਦੀ ਹੈ, ਉੱਥੇ ਸਾਨੂੰ ਉਹ ਕੁਝ ਵੀ ਵੇਖਣ ਦੇ ਯੋਗ ਬਣਾਉਂਦੀ ਹੈ ਜਿਸ ਨੂੰ ਅਸੀਂ ਪ੍ਰੰਪਰਾਗਤ ਮਾਨਤਾਵਾਂ ਅਤੇ ਸੰਸਕ੍ਰਿਤੀਆਂ ਦੀ ਗੁਲਾਮੀ ਕਾਰਨ ਵੇਖਣਾ ਨਹੀਂ ਚਾਹੁੰਦੇ। ਜਿਸ ਨੇ ਮਨੁੱਖ ਨੂੰ ਵਿਅਕਤੀਗਤ ਪੱਧਰ ‘ਤੇ ਉਸ ਦੀ ਚਰਮ ਸੀਮਾ ਤਕ ਪਹੁੰਚਣ ਦੀ ਪੂਰੀ ਆਜ਼ਾਦੀ ਦਿੱਤੀ। ਉਹ ਇੱਕ ਥਾਂ ਲਿਖਦੇ ਹਨ ਕਿ ” ਆਪਣੇ ਆਪ ਨੂੰ ਖੋਜੋ ਨਹੀਂ ਤਾਂ ਤੁਹਾਨੂੰ ਦੂਜੇ ਲੋਕਾਂ ਦੇ ਵਿਚਾਰਾਂ ਤੇ ਭਰੋਸਾ ਕਰਨਾ ਪਵੇਗਾ ਜੋ ਆਪਣੇ ਆਪ ਨੂੰ ਵੀ ਨਹੀਂ ਜਾਣਦੇ। ਬੇਸ਼ੱਕ ਅੱਜ 19 ਜਨਵਰੀ ਨੂੰ ਉਨ੍ਹਾਂ ਨੂੰ ਦੁਨੀਆ ਤੋਂ ਗਏ ਲਗਭਗ 35 ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਵਿੱਕ ਅਤੇ ਪੜੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਵੀਡਿਓ ਅਤੇ ਆਡੀਓ ਸ਼ੋਸ਼ਲ ਮੀਡੀਆ ’ਤੇ ਅੱਜ ਵੀ ਖੂਬ ਦੇਖੇ ਤੇ ਸੁਣੇ ਜਾਂਦੇ ਹਨ। ਉੱਘੇ ਲੇਖਕ ਖ਼ੁਸ਼ਵੰਤ ਸਿੰਘ ਨੇ ਉਨ੍ਹਾਂ ਦੀ ਤਰੀਫ ਕਰਦੇ ਹੋਏ ਲਿਖਿਆ ਸੀ, ਓਸ਼ੋ ਭਾਰਤ ਵਿੱਚ ਪੈਦਾ ਹੋਏ ਸਭ ਤੋਂ ਵਧੀਆ ਮੌਲਿਕ ਵਿਚਾਰਕਾਂ ਵਿੱਚੋਂ ਇੱਕ ਸਨ। ਇਸ ਤੋਂ ਇਲਾਵਾ ਉਹ ਸਭ ਤੋਂ ਜ਼ਿਆਦਾ ਵਿਚਾਰਸੀਲ ਵਿਗਿਆਨਕ ਅਤੇ ਨਵੇਂ ਵਿਚਾਰਾਂ ਵਾਲੇ ਵਿਆਕਤੀ ਸਨ। ਅਮਰੀਕੀ ਲੇਖਕ ਟਾਮ ਰੌਬਿਨਸ ਦਾ ਮੰਨਣਾ ਸੀ ਕਿ ਓਸ਼ੋ ਦੀਆਂ ਕਿਤਾਬਾਂ ਪੜ੍ਹ ਕੇ ਲੱਗਦਾ ਹੈ ਕਿ ਉਹ 20ਵੀਂ ਸਦੀ ਦੇ ਸਭ ਤੋਂ ਮਹਾਨ ਅਧਿਆਤਮਕ ਗੁਰੂ ਸਨ। ਓਸ਼ੋ ਵਿੱਚ ਲੋਕਾਂ ਦੀ ਦਿਲਚਸਪੀ ਇਸ ਲਈ ਵੀ ਪੈਦਾ ਹੋਈ ਕਿਉਂਕਿ ਉਹ ਕਿਸੇ ਪਰੰਪਰਾ, ਖ਼ਾਸ ਧਰਮ ਅਤੇ ਪਖੰਡਵਾਜ ਦਾ ਹਿੱਸਾ ਕਦੇ ਨਹੀਂ ਰਹੇ। 11 ਦਸੰਬਰ, 1931 ਨੂੰ ਮੱਧ ਪ੍ਰਦੇਸ਼ ਵਿੱਚ ਪੈਦਾ ਹੋਏ ਓਸ਼ੋ ਦਾ ਅਸਲੀ ਨਾਂ ਚੰਦਰਮੋਹਨ ਜੈਨ ਸੀ। ਵਸੰਤ ਜੋਸ਼ੀ ਓਸ਼ੋ ਦੀ ਜੀਵਨੀ ‘ਦਿ ਲਿਊਮਨਸ ਰੇਬੇਲ ਲਾਈਫ ਸਟੋਰੀ ਆਫ਼ ਅ ਮੈਵਰਿਕ ਮਿਸਟਿਕ ਵਿੱਚ ਲਿਖਦੇ ਹਨ ਕਿ ਓਸ਼ੋ ਇੱਕ ਆਮ ਬੱਚੇ ਦੀ ਤਰ੍ਹਾਂ ਵੱਡੇ ਹੋਏ, ਪਰ ਉਦੋਂ ਵੀ ਉਨ੍ਹਾਂ ਵਿੱਚ ਕੁਝ ਅਜਿਹਾ ਅਲੱਗ ਸੀ ਜੋ ਉਨ੍ਹਾਂ ਨੂੰ ਆਮ ਬੱਚਿਆਂ ਤੋਂ ਵੱਖਰਾ ਕਰਦਾ ਸੀ।ਬਚਪਨ ਤੋਂ ਹੀ ਉਨ੍ਹਾਂ ਵਿੱਚ ਇੱਕ ਗੁਣ ਸੀ ਸਵਾਲ ਪੁੱਛਣਾ ਅਤੇ ਪ੍ਰਯੋਗ ਕਰਨਾ। ਸ਼ੁਰੂ ਤੋਂ ਹੀ ਲੋਕਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਸੀ। ਮਨੁੱਖੀ ਜ਼ਿੰਦਗੀ ਅਤੇ ਵਿਹਾਰ ’ਤੇ ਨਜ਼ਰ ਰੱਖਣਾ ਉਨ੍ਹਾਂ ਦਾ ਮੁੱਖ ਸ਼ੁਗਲ ਹੋਇਆ ਕਰਦਾ ਸੀ। ਨਤੀਜਾ ਇਹ ਹੋਇਆ ਕਿ ਖ਼ੁਦ ਤੋਂ ਬਾਹਰ ਦੀ ਦੁਨੀਆ ਤੇ ਮਨੁੱਖੀ ਦਿਮਾਗ ’ਤੇ ਉਨ੍ਹਾਂ ਦੀ ਗਹਿਰੀ ਨਜ਼ਰ ਹੁੰਦੀ ਸੀ।’’ਜਦੋਂ 1951 ਵਿੱਚ ਬੀ ਏ ਪਾਸ ਕਰਨ ਤੋਂ ਬਾਅਦ ਓਸ਼ੋ ਨੇ ਜਬਲਪੁਰ ਦੇ ਹਿਤਕਾਰਿਣੀ ਕਾਲਜ ਵਿੱਚ ਦਾਖਲਾ ਲਿਆ ਤਾਂ ਦਰਸ਼ਨ ਸ਼ਾਸਤਰ (ਫਿਲੌਸਫੀ) ਦੇ ਇੱਕ ਪ੍ਰੋਫ਼ੈਸਰ ਨਾਲ ਉਨ੍ਹਾਂ ਦੀ ਲੜਾਈ ਹੋ ਗਈ। ਉਹ ਲੈਕਚਰ ਦੌਰਾਨ ਉਨ੍ਹਾਂ ਤੋਂ ਵਾਰ ਵਾਰ ਸਵਾਲ ਪੁੱਛਦੇ ਤਾਂ ਪ੍ਰੋਫ਼ੈਸਰ ਸਾਹਿਬ ਉਨ੍ਹਾਂ ਦੇ ਉੱਤਰ ਦਿੰਦੇ-ਦਿੰਦੇ ਤੰਗ ਆ ਜਾਂਦੇ ਸਨ ਅਤੇ ਸਮੇਂ ’ਤੇ ਆਪਣਾ ਕੋਰਸ ਪੂਰਾ ਨਹੀਂ ਕਰ ਪਾਉਂਦੇ ਸਨ ਅਖੀਰ ਉਸਨੂੰ ਕਾਲਜ ਵਿੱਚੋ ਕੱਢਣ ਦਾ ਫੈਸਲਾ ਕੀਤਾ ਗਿਆ ਅਤੇ ਚੰਦਰਮੋਹਨ ਨੇ ਇਸ ਸ਼ਰਤ ’ਤੇ ਕਾਲਜ ਛੱਡਣ ਦਾ ਫੈਸਲਾ ਕੀਤਾ ਕਿ ਪ੍ਰਿੰਸੀਪਲ ਉਨ੍ਹਾਂ ਦਾ ਦਾਖਲਾ ਕਿਸੇ ਹੋਰ ਕਾਲਜ ਵਿੱਚ ਕਰਵਾ ਦੇਣਗੇ। ਉਸ ਵਕਤ ਤੱਕ ਰਜਨੀਸ਼ ਇੰਨੇ ਬਦਨਾਮ ਹੋ ਚੁੱਕੇ ਸਨ ਕਿ ਸ਼ੁਰੂ ਵਿੱਚ ਹਰ ਕਾਲਜ ਨੇ ਉਨ੍ਹਾਂ ਨੂੰ ਆਪਣੇ ਕੋਲ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਬੜੀ ਮੁਸ਼ਕਲ ਨਾਲ ਡੀ ਐੱਨ ਜੈਨ ਕਾਲਜ ਵਿੱਚ ਉਨ੍ਹਾਂ ਦਾ ਦਾਖਲਾ ਹੋਇਆ। ਜਵਾਨੀ ਦੌਰਾਨ ਰਜਨੀਸ਼ ਨੂੰ ਹਮੇਸ਼ਾਂ ਸਿਰ ਦਰਦ ਦੀ ਸ਼ਿਕਾਇਤ ਰਹੀ ਉਨ੍ਹਾਂ ਦੇ ਪਿਤਾ ਦਾ ਮੰਨਣਾ ਸੀ ਕਿ ਜ਼ਿਆਦਾ ਪੜ੍ਹਾਈ ਕਾਰਨ ਰਜਨੀਸ਼ ਦੇ ਸਿਰ ਵਿੱਚ ਦਰਦ ਹੁੰਦਾ ਹੈ। ਉਨ੍ਹਾਂ ਨੂੰ ਯਾਦ ਸੀ ਕਿ ਕਿਸ ਤਰ੍ਹਾਂ ਰਜਨੀਸ਼ ਆਪਣੇ ਮੱਥੇ ’ਤੇ ਬਾਮ ਲਗਾ ਕੇ ਪੜ੍ਹਨਾ ਜਾਰੀ ਰੱਖਦੇ ਸਨ। ਰਜਨੀਸ਼ ਨੇ ਆਪਣੇ ਭਵਿੱਖ ਦੀ ਸ਼ੁਰੂਆਤ 1957 ਵਿੱਚ ਸੰਸਕ੍ਰਿਤ ਯੂਨੀਵਰਸਿਟੀ, ਰਾਏਪੁਰ ਵਿੱਚ ਲੈਕਚਰਾਰ ਬਣ ਕੇ ਕੀਤੀ। 1960 ਵਿੱਚ ਉਹ ਜੱਬਲਪੁਰ ਯੂਨੀਵਰਸਿਟੀ ਵਿੱਚ ਦਰਸ਼ਨ ਸ਼ਾਸਤਰ ਦੇ ਪ੍ਰੋਫ਼ੈਸਰ ਬਣ ਗਏ। ਉਨ੍ਹਾਂ ਨੂੰ ਉਸ ਜ਼ਮਾਨੇ ਵਿੱਚ ਬਹੁਤ ਹੁਸ਼ਿਆਰ ਅਧਿਆਪਕ ਮੰਨਿਆ ਜਾਂਦਾ ਸੀ। ਇਸ ਦੌਰਾਨ ਇੱਕ ਅਧਿਆਤਮਕ ਗੁਰੂ ਦੇ ਰੂਪ ਵਿੱਚ ਉਨ੍ਹਾਂ ਨੇ ਆਪਣਾ ਜੀਵਨ ਸ਼ੁਰੂ ਕੀਤਾ ਤੇ ਪੂਰੇ ਭਾਰਤ ਦਾ ਦੌਰਾ ਕਰਨ ਲੱਗੇ। ਇਸ ਦੌਰਾਨ ਰਾਜਨੀਤੀ, ਧਰਮ ਅਤੇ ਸੈਕਸ ’ਤੇ ਵਿਵਾਦਪੂਰਨ ਭਾਸ਼ਣ ਦੇਣ ਲੱਗੇ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਪ੍ਰੋਫ਼ੈਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਪੂਰੀ ਤਰ੍ਹਾਂ ਨਾਲ ਅਧਿਆਤਮਕ ਗੁਰੂ ਬਣ ਗਏ। ਸਾਲ 1969 ਵਿੱਚ ਉਨ੍ਹਾਂ ਨੇ ਮੁੰਬਈ ਵਿੱਚ ਆਪਣਾ ਹੈੱਡਕੁਆਰਟਰ ਸਥਾਪਿਤ ਕਰ ਲਿਆ ਸੀ। ਮੁੰਬਈ ਦਾ ਵਾਤਾਵਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਚੇਲਿਆਂ ਨੂੰ ਰਾਸ ਨਹੀਂ ਆਇਆ ਅਤੇ ਕੁਝ ਸਾਲ ਬਾਅਦ ਉਨ੍ਹਾਂ ਨੇ ਪੁਨੇ ਵਿਖੇ ਆਪਣਾ ਆਸ਼ਰਮ ਤਿਆਰ ਕਰ ਲਿਆ ਸੀ। ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਮਿਲੇ ਮਾਂ ਯੋਗ ਲਕਸ਼ਮੀ ਉਨ੍ਹਾਂ ਦੇ ਪ੍ਰਮੁੱਖ ਸਹਾਇਕ ਬਣ ਗਏ ਅਤੇ ਸਾਲ 1981 ਤੱਕ ਇਸ ਅਹੁਦੇ ’ਤੇ ਰਹੇ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਅੰਗ੍ਰੇਜ਼ ਔਰਤ ਕ੍ਰਿਸਟੀਨਾ ਵੁਲਫ ਨਾਲ ਹੋਈ। ਉਨ੍ਹਾਂ ਨੂੰ ਰਜਨੀਸ਼ ਨੇ ਸੰਨਿਆਸੀ ਨਾਂ ‘ਮਾਂ ਯੋਗਾ ਵਿਵੇਕ’ ਦਿੱਤਾ। ਉਹ ਉਨ੍ਹਾਂ ਨੂੰ ਆਪਣੇ ਪਿਛਲੇ ਜਨਮ ਦੀ ਦੋਸਤ ਮੰਨਦੇ ਸਨ। ਉਹ ਉਨ੍ਹਾਂ ਦੇ ਨਿੱਜੀ ਸਹਿਯੋਗੀ ਬਣ ਗਏ। ਰਜਨੀਸ਼ ਨੇ ਸ਼ੁਰੂ ਤੋਂ ਹੀ ਸਦੀਆਂ ਤੋਂ ਚੱਲੀਆਂ ਆ ਰਹੀਆਂ ਧਾਰਮਿਕ ਧਾਰਨਾਵਾਂ ਅਤੇ ਕਰਮਕਾਂਡਾਂ ਖਿਲਾਫ ਆਪਣੀ ਅਵਾਜ਼ ਚੁੱਕੀ। ਇੱਕ ਅਧਿਆਤਮਕ ਗੁਰੂ ਦੇ ਤੌਰ ’ਤੇ ਓਸ਼ੋ ਦਾ ਮੰਨਣਾ ਸੀ ਕਿ ਸੰਗਠਿਤ ਧਰਮ ਲੋਕਾਂ ਦੇ ਅਧਿਆਤਮਕ ਗਿਆਨ ਦੀ ਥਾਂ ਲੋਕਾਂ ਵਿੱਚ ਵੰਡ ਦਾ ਜ਼ਰੀਆ ਬਣਿਆ ਹੈ। ਉਨ੍ਹਾਂ ਦੀ ਨਜ਼ਰ ਵਿੱਚ ਧਰਮ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਆਪਣੀ ਜੀਵਨ ਸ਼ਕਤੀ ਗੁਆ ਚੁੱਕਿਆ ਹੈ। ਕਿਸਮਤ ਬਾਰੇ ਉਹ ਲਿਖਦੇ ਹਨ ਕਿ “ਜੇਕਰ ਕਿਸਮਤ ਰੱਬ ਲਿਖਦਾ ਹੈ ਤਾਂ ਉਸ ਨੂੰ ਇੱਕ ਛੋਟੀ ਜਿਹੀ ਬੱਚੀ ਦੀ ਕਿਸਮਤ ਵਿੱਚ ਬਲਾਤਕਾਰ ਲਿਖਦਿਆਂ ਸ਼ਰਮ ਕਿਉਂ ਨਹੀਂ ਆਈ ” ਓਸ਼ੋ ਨੇ ਧਰਮ ਤੇ ਰਾਜਨੀਤੀ ਨੂੰ ਇੱਕ ਹੀ ਸਿੱਕੇ ਦੇ ਦੋ ਪਹਿਲੂ ਮੰਨਿਆ ਜਿਸ ਦਾ ਇਕਲੌਤਾ ਉਦੇਸ਼ ਲੋਕਾਂ ’ਤੇ ਨਿਯੰਤਰਣ ਕਰਨਾ ਹੈ। ਉਨ੍ਹਾਂ ਨੇ ਪੂਰਬੀ ਦਰਸ਼ਨ ਅਤੇ ਫਰਾਇਡ ਦੇ ਮਨੋਵਿਸ਼ਲੇਸਣ ਦਾ ਅਦਭੁੱਤ ਤਾਲਮੇਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਅਤੇ ਖੁੱਲ੍ਹੇ ਸ਼ਬਦਾਂ ਵਿੱਚ ਸੈਕਸੂਅਲ ਲਿਬਰੇਸ਼ਨ ਦੀ ਵਕਾਲਤ ਕੀਤੀ। ਗੁੰਝਲਦਾਰ ਧਾਰਨਾਵਾਂ ਨੂੰ ਆਮ ਭਾਸ਼ਾ ਵਿੱਚ ਪੇਸ਼ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੇ ਅਲੱਗ-ਅਲੱਗ ਪੇਸ਼ੇ ਦੇ ਕਈ ਲੋਕਾਂ ਨੂੰ ਆਪਣੇ ਵੱਲ ਖਿੱਚਿਆ। ਜਦੋਂ ਪੁਨੇ ਤੋਂ ਵੀ ਓਸ਼ੋ ਦਾ ਦਿਲ ਭਰ ਗਿਆ ਤਾਂ ਉਨ੍ਹਾਂ ਨੇ ਅਮਰੀਕਾ ਦੇ ਓਰੇਗਨ ਵਿੱਚ ਇੱਕ ਆਸ਼ਰਮ ਬਣਾਉਣ ਦੀ ਯੋਜਨਾ ਬਣਾਈ ਜਿਸ ਵਿੱਚ ਹਜ਼ਾਰਾਂ ਲੋਕ ਇਕੱਠੇ ਰਹਿ ਸਕਣ। 31 ਮਈ, 1981 ਨੂੰ ਉਹ ਪੁਨੇ ਤੋਂ ਆਪਣੇ ਅਮਰੀਕਾ ਵਿਚਲੇ ਨਵੇਂ ਆਸ਼ਰਮ ਲਈ ਰਵਾਨਾ ਹੋਏ। ਜਹਾਜ਼ ਦੀਆਂ ਸਾਰੀਆਂ ਫਸਟ ਕਲਾਸ ਦੀਆਂ ਸੀਟਾਂ ਉਨ੍ਹਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀਆਂ ਲਈ ਬੁੱਕ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਢਾਈ ਹਜ਼ਾਰ ਆਸ਼ਰਮ ਵਾਸੀਆਂ ਨੇ ਵੀ ਅਮਰੀਕਾ ਦਾ ਰੁਖ ਕੀਤਾ। ਇਨ੍ਹਾਂ ਵਿੱਚ ਮਸ਼ਹੂਰ ਫ਼ਿਲਮੀ ਅਦਾਕਾਰ ਵਿਨੋਦ ਖੰਨਾ ਵੀ ਸ਼ਾਮਿਲ ਸਨ। ਇਸ ਵਿਚਕਾਰ ਓਸ਼ੋ ਨੇ 93 ਰੋਲਸ ਰਾਇਸ ਕਾਰਾਂ ਖਰੀਦੀਆਂ, ਪਰ ਇੱਥੋਂ ਹੀ ਉਨ੍ਹਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਅਤੇ ਉਨ੍ਹਾਂ ਦਾ ਅਮਰੀਕਾ ਦਾ ਸੁਪਨਾ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿਣਾ ਸ਼ੁਰੂ ਹੋ ਗਿਆ। ਉਨ੍ਹਾਂ ’ਤੇ ਪਰਵਾਸੀ ਨਿਯਮਾਂ ਦੀ ਉਲੰਘਣਾ ਕਰਨ ਲਈ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ 17 ਦਿਨ ਅਮਰੀਕੀ ਜੇਲ੍ਹ ਵਿੱਚ ਵੀ ਰਹਿਣਾ ਪਿਆ। ਜੇਲ੍ਹ ਤੋਂ ਨਿਜਾਤ ਮਿਲਣ ’ਤੇ ਉਹ ਅਮਰੀਕਾ ਛੱਡਣ ਲਈ ਰਾਜ਼ੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਦੇਸ਼ਾਂ ਵਿੱਚ ਸ਼ਰਣ ਲੈਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਤੋਂ ਬਾਅਦ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਉਹ ਆਪਣੇ ਦੇਸ਼ ਭਾਰਤ ਵਾਪਸ ਆਉਣ ਲਈ ਮਜਬੂਰ ਹੋਏ। ਮੌਤ ਬਾਰੇ ਉਨ੍ਹਾਂ ਦਾ ਵਿਚਾਰ ਸੀ ਕਿ ” ਸਵਾਲ ਇਹ ਨਹੀਂ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ। 19 ਜਨਵਰੀ, 1990 ਨੂੰ ਉਨ੍ਹਾਂ ਨੇ ਸਿਰਫ 58 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਵੀ ਪ੍ਰਵਚਨ ਕੀਤੇ। ਉਨ੍ਹਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ। ਬੇਸ਼ੱਕ ਉਨ੍ਹਾਂ ਨੂੰ ਵਿਰੋਧੀਆਂ ਵਲੋਂ ਸੈਕਸ ਗੁਰੂ ਕਹਿ ਵੀ ਨਿੰਦਿਆ ਗਿਆ ਪਰ ਉਨ੍ਹਾਂ ਨੇ ਦੁਨੀਆਂ ਨੂੰ ਵਿਗਿਆਨਕ, ਤਰਕਵਾਦੀ ਅਤੇ ਨਵੀਂ ਸੋਚ, ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਧਾਰਮਿਕ, ਰਾਜਨੀਤਕ ਅਤੇ ਰੱਬ ਦੇ ਨਾਂ ਤੇ ਹੋ ਰਹੇ ਪਖੰਡ ਦਾ ਵੀ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੁਨੀਆਂ ਵਿੱਚ ਫੈਲੇ ਝੂਠ ਅਤੇ ਅਗਿਆਨਤਾ ਦੇ ਹਨੇਰੇ ਤੋਂ ਵੀ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ।
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj