(ਸਮਾਜ ਵੀਕਲੀ)
ਆਉ ਸਭ ਇਕੱਠੀਆਂ ਹੋ ਜਾਉ, ਜ਼ਰਾ ਦੇਰ ਨਾ ਲਾਉ
ਸਾਟਨ ਦੀ ਕੁੜਤੀ ਨਾਲ ,ਘੱਗਰੇ ਲਾਲ ਸੂਫ਼ ਦੇ ਪਾਉ
ਅਮਰੋ, ਅਤਰੋ, ਛਿੰਦੋ, ਆਜੋ ਲੋਕ ਗੀਤ ਅੱਜ ਗਾਈਏ
ਮਿਲਕੇ ਸਭ ਸਖੀਆਂ ਨੀ, ਗਿੱਧੇ ਵਿੱਚ ਭੜਥੂ ਪਾਈਏ
ਮੱਥੇ ਉੱਤੇ ਲਿਸ਼ਕਾਂ ਮਾਰੇ , ਟਿੱਕਾ ਮੋਤੀਆਂ ਵਾਲਾ
ਭਰ ਸੁਰਮਚੂ ਪਾ ਲਈਏ ਨੀ, ਅੱਖੀਂ ਸੁਰਮਾ ਕਾਲਾ
ਬਾਹੀਂ ਪਾਕੇ ਕੱਚ ਦੀਆਂ ਵੰਗਾਂ,ਜਾਣ-ਜਾਣ ਛਣਕਾਈਏ
ਮਿਲਕੇ ਸਭ ਸਖੀਆਂ ਨੀ, ਗਿੱਧੇ ਵਿੱਚ ਭੜਥੂ ਪਾਈਏ
ਰੰਗ ਬਰੰਗਾ ਫਿਰੇ ਪਰਾਂਦਾ, ਲੱਕ ਤੇ ਪੈਲਾਂ ਪਾਉਂਦਾ
ਸੱਗੀਫੁੱਲ ਮਾਰੇ ਝਾਤੀਆਂ ,ਇਹ ਖੌਰੇ ਕੀ ਚਾਹੁੰਦਾ ?
ਹੱਥਾਂ ਨੂੰ ਲਾ ਸੂਹੀ ਮਹਿੰਦੀ, ਪੌਣਾ ਨੂੰ ਮਹਿਕਾਈਏ
ਮਿਲਕੇ ਸਭ ਸਖੀਆਂ ਨੀ ,ਗਿੱਧੇ ਵਿੱਚ ਭੜਥੂ ਪਾਈਏ
“ਕਰਮ”ਗਲ ਨ ਸੱਖਣਾ ਛੱਡਣਾ,ਰੁੱਸ ਹਮੇਲ ਨਾ ਜਾਵੇ
“ਦਿਉਣ”ਗਲ ਨ ਸੱਖਣਾ ਛੱਡਣਾ,ਰੁੱਸ ਹਮੇਲ ਨਾ ਜਾਵੇ
ਪਿੱਪਲ -ਪੱਤੀਆਂ ਨਾਲ, ਬਾਜ਼ੂਬੰਦ ਮਸਤੀ ਦੇ ਵਿੱਚ ਗਾਵੇ
ਬੁੱਲਾਂ ਉਤੇ ਲਾਲੀ ਆਜੂ ,ਮਲ ਦੰਦਾਸਾ ਦੰਦ ਚਮਕਾਈਏ
ਮਿਲਕੇ ਸਭ ਸਖੀਆਂ ਨੀ ,ਗਿੱਧੇ ਵਿੱਚ ਭੜਥੂ ਪਾਈਏ
ਕਰਮਜੀਤ ਦਿਉਣ ਏਲਨਾਬਾਦ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly