(ਸਮਾਜ ਵੀਕਲੀ) – ਲੁਧਿਆਣਾ ਸ਼ਹਿਰ ਦੀ ਸਿਰਮੌਰ ਸੰਸਥਾ ਐਸ. ਸੀ. ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਪ੍ਰਿੰਸੀਪਲ, ਸਟਾਫ ਮੈਂਬਰਾਂ ਅਤੇ ਸਾਹਿਤਕ ਸ਼ਖ਼ਸੀਅਤਾਂ ਦੇ ਸਾਂਝੇ ਉੱਦਮ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ “ਪੰਜਾਬੀ ਮਾਹ – 2021” ਦੇ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਾਂਝੇ ਯਤਨਾਂ ਨਾਲ “ਕਵੀ ਦਰਬਾਰ” ਦਾ ਆਯੋਜਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਸੁਮਨ ਲਤਾ ਦੀ ਪ੍ਰਧਾਨਗੀ ਹੇਠ ਨੇਪਰੇ ਚਾੜ੍ਹਿਆ ਗਿਆ।
ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਸ. ਜਸਵੰਤ ਸਿੰਘ ਜ਼ਫ਼ਰ (ਸ਼੍ਰੋਮਣੀ ਕਵੀ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਕਵੀ ਤਰਲੋਚਨ ਲੋਚੀ ਵਿਸ਼ੇਸ਼ ਰੂਪ ਵਿੱਚ ਪੁੱਜੇ । ਸਮਾਗਮ ਦਾ ਆਗਾਜ਼ ਨਾਮਵਰ ਸ਼ਖ਼ਸੀਅਤ ਤੇਜਿੰਦਰ ਸਿੰਘ ਜੀ ਨੇ ਆਪਣੇ ਸ਼ੁਭ ਅਲਫ਼ਾਜ਼ਾਂ ਨਾਲ ਕੀਤਾ। ਇਸ ਸਮਾਗਮ ਵਿੱਚ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਵਾਉਣ ਲਈ ਸਿੱਖਿਆ ਮੰਤਰੀ ਸ. ਪਰਗਟ ਸਿੰਘ, ਸ਼੍ਰੀ ਕ੍ਰਿਸ਼ਨ ਕੁਮਾਰ ਜੀ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੀ ਸ਼ਲਾਘਾ ਕੀਤੀ।
ਸਮਾਰੋਹ ਦੌਰਾਨ ਸਟੇਟ ਐਵਾਰਡੀ ਲੈਕਚਰਾਰ ਸੁਰਜੀਤ ਲਾਂਬੜਾ , ਜਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਅਤੇ ਤਰਸੇਮ ਨੂਰ ਨੇ ਆਪਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਤਾਂ ਤਰਲੋਚਨ ਲੋਚੀ ਨੇ ਆਪਣੀਆਂ ਨਜਮਾਂ ਦੀ ਖੁਸ਼ਬੋ ਨੂੰ ਬਿਖੇਰ ਦਿੱਤਾ ।ਜਦੋਂ ਸਵੀ ਜੀ ਨੇ ਰੂਹਾਨੀਅਤ ਵਿੱਚ ਲਬਰੇਜ਼ ਕਵਿਤਾ ਗੁਨਗੁਨਾਈ ਤਾਂ ਵੇਖਣ -ਸੁਣਨ ਵਾਲੇ ਅਸ਼ ਅਸ਼ ਕਰ ਉੱਠੇ। ।ਮੁੱਖ ਮਹਿਮਾਨ ਸ. ਜਸਵੰਤ ਸਿੰਘ ਜਫਰ ਨੇ ਗਜਲਾਂ ਅਤੇ ਨਜ਼ਮਾਂ ਸੁਹਜ ਅਤੇ ਆਨੰਦਮਈ ਅੰਦਾਜ਼ ਵਿੱਚ ਗੁਣ ਗੁਣਾਉਂਦਿਆਂ ਦਰਸ਼ਕਾਂ ਦੀ ਭਰਪੂਰ ਵਾਹ ਵਾਹ ਖੱਟੀ ।ਕਾਲਜ ਦੇ ਪ੍ਰੋਫ਼ੈਸਰ ਜਸਵਿੰਦਰ ਧਨਾਨਸੂ ਨੇ ਵੀ ਆਪਣੀ ਕਵਿਤਾ ਰਾਹੀਂ ਸ਼ਲਾਘਾਯੋਗ ਹਾਜ਼ਰੀ ਲਗਵਾਈ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਸੁਮਨ ਲਤਾ ਜੀ ਨੇ ਆਏਂ ਮਹਿਮਾਨ ਦਾ ਧੰਨਵਾਦ ਕਰਦਿਆਂ ਕਵੀ ਦਰਬਾਰ ਦੇ ਸਫਲ ਆਯੋਜਨ ਵਾਸਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਨਿਸ਼ੀ ਅਰੋੜਾ ਦੀ ਸਰਾਹਣਾ ਕੀਤੀ ।
ਇਸ ਸਮਾਗਮ ਦੌਰਾਨ ਭਾਸ਼ਾ ਵਿਭਾਗ ਪੰਜਾਬ ਦੇ ਵਲੋਂ ਇਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੌਰਾਨ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly