ਪੰਜਾਬ ਮਾਂ ਬੋਲੀ ਦੀ ਬੁਲੰਦੀ ਲਈ ਹਾਕ” ਤੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ

ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਆਮ ਲੋਕ ਅੱਗੇ ਆਉਣ – ਡਾ. ਬਲਜੀਤ ਕੌਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੌਮਾਂਤਰੀ ਮਾਂ ਬੋਲੀ ਦਿਵਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ, ਸਾਹਿਤ ਸਭਾ, ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ” ਪੰਜਾਬ ਮਾਂ ਬੋਲੀ ਦੀ ਬੁਲੰਦੀ ਲਈ ਹਾਕ” ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਕਟਰ ਬਲਜੀਤ ਕੌਰ ਸੇਵਾ ਮੁਕਤ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਬੋਲਦਿਆਂ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮੈਂ ਐਮ ਏ ਅੰਗਰੇਜ਼ੀ ਭਾਸ਼ਾ ਵਿਚ ਕੀਤੀ ਉਸ ਉਪਰੰਤ ਵੀ ਮੈਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਾਂ ਉਹਨਾਂ ਕਿਹਾ ਮੈਂ ਪੰਜਾਬੀ ਸਕੂਲ ਤੋਂ ਪੜ੍ਹੀਂ ਜਿੱਥੇ 6 ਜਮਾਤ ਤੋਂ ਅੰਗਰੇਜ਼ੀ ਭਾਸ਼ਾ ਸ਼ੁਰੂ ਹੁੰਦੀ ਸੀ। ਉਹਨਾਂ ਕਿਹਾ ਕਿ ਸਾਨੂੰ ਆਮ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਕੋਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।

ਸਾਡੇ ਪੇਂਡੂ ਲੋਕ ਵੀ ਗੱਲ ਕਰਦੇ-ਕਰਦੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਗਲਤ-ਮਲਤ ਬੋਲ ਜਾਂਦੇ ਹਨ ਅਤੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਅਜਿਹੇ ਹਨ ਜੋ ਪੰਜਾਬੀ ਵਿਚ ਘੁਲਮਿਲ ਗਏ ਹਨ। ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀ, ਇਹ ਸਾਰੇ ਸ਼ਬਦ ਸਾਡੀ ਭਾਸ਼ਾ ਵਿਚ ਘੁਲ ਗਏ ਹਨ । ਉਹਨਾਂ ਕਿਹਾ ਕਿ ਜਿਵੇਂ ਇੰਤਕਾਲ, ਫ਼ਰਦ ਆਦਿ ਫ਼ਾਰਸੀ ਦੇ ਸ਼ਬਦ ਹਨ ਪਰ ਅਸੀਂ ਸਾਰੇ ਆਰਮ ਨਾਲ ਬੋਲੇ ਦੇ ਹਾਂ। ਇਹ ਵੱਖਰਾ ਵਿਸ਼ਾ ਹੈ ਪਰ ਸਭ ਤੋਂ ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦ ਆਮ ਪ੍ਰੀਵਾਰ ਵੀ ਵਿਆਹ ਦੇ ਕਾਰਡ ਅੰਗਰੇਜ਼ੀ ਵਿੱਚ ਛਪਾਉਣ ਨੂੰ ਤਰਜੀਹ ਦਿੰਦੇ ਹਨ। ਭਾਵੇਂ ਕਿ ਕਾਰਡ ਵਿੱਚ ਛਪੀਆਂ ਲਾਈਨਾਂ ਦਾ ਮਤਲਬ ਪ੍ਰੀਵਾਰ ਦੇ ਇੱਕ ਵੀ ਮੈਂਬਰ ਨੂੰ ਨਾ ਪਤਾ ਹੋਵੇ ਪਰ ਕਾਰਡ ਅੰਗਰੇਜ਼ੀ ਵਿੱਚ ਹੀ ਛਪਵਾਉਣਾ ਹੁੰਦਾ ਹੈ। ਇੱਥੋਂ ਤੱਕ ਕਿ ਹੁਣ ਤਾਂ ਕਾਰਡ ਛਾਪਣ ਵਾਲੇ ਗੁਰਬਾਣੀ ਦੀਆਂ ਤੁਕਾਂ ਨੂੰ ਵੀ ਅੰਗਰੇਜ਼ੀ ਵਿੱਚ ਉਲਥਾ ਕਰਕੇ ਛਾਪ ਦਿੰਦੇ ਹਨ। ਖਾਸ ਕਰਕੇ ਉਹ ਪ੍ਰੀਵਾਰ ਜਿੰਨਾਂ ਦਾ ਧੀ-ਪੁੱਤ ਬਾਹਰਲੇ ਮੁਲਕ ‘ਚੋਂ ਆ ਕੇ ਇਧਰ ਵਿਆਹ ਰਚਾਉਂਦਾ ਹੈ ਉਨਾਂ ਦੇ ਕਾਰਡ ਤਾਂ ਜ਼ਰੂਰ ਅੰਗਰੇਜ਼ੀ ਵਿਚ ਛਪੇ ਹੁੰਦੇ ਹਨ। ਇਥੇ ਹੀ ਬਸ ਨਹੀਂ, ਘਰਾਂ ਦੇ ਬਾਹਰ ਲੱਗੀਆਂ ‘ਤਖ਼ਤੀਆਂ’ ਆਦਿ ਤੇ ਵੀ ਅੰਗਰੇਜ਼ੀ ਉਕਰੀ ਹੁੰਦੀ ਹੈ। ਦਰਸ਼ਨ ਸਿੰਘ ਨੂੰ ਡੀ.ਐਸ. ਲਿਖਕੇ ਜਾਂ ਅੰਗਰੇਜ਼ੀ ਦਾ ਕੋਈ ਸ਼ਬਦ ਵਰਤਕੇ ਪਿਛੇ ਕੋਟੇਜ਼ ਆਦਿ ਲਿਖਕੇ ਘਰਾਂ ਦੇ ਨਾਂਅ ਰੱਖੇ ਜਾਂਦੇ ਹਨ। ਇਹ ਵਰਤਾਰਾ ਅੱਜਕੱਲ ਸ਼ਹਿਰਾਂ ਵਿਚ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ।

ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ, ਪਤਾ ਨਹੀਂ ਪੰਜਾਬੀ ਭਾਸ਼ਾ ਵਿਚ ਉਹ ਗੱਲਾਂ ਕਿਉਂ ਨਹੀਂ ਹੁੰਦੀਆਂ। ਮਾਂ-ਪਿਓ, ਬੱਚਿਆਂ ਨੂੰ ਏ.ਬੀ.ਸੀ. ਸਿਖਾਉਣ ਲਈ ਜ਼ਿਆਦਾ ਤਤਪਰ ਰਹਿੰਦੇ ਹਨ ਕਿਉਂਕਿ ਬਹੁਤੇ ਮਾਪਿਆਂ ਨੂੰ ਆਪ ਨੂੰ ਵੀ ੳ-ਅ ਨਹੀਂ ਆਉਂਦਾ। ਸਕੂਲਾਂ ਵਿਚ ਵੀ ਅੰਗਰੇਜ਼ੀ ਪੜਾਉਣ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਦੋਂਕਿ ਪੰਜਾਬੀ ਤੋਂ ਕੰਨੀ ਖਿਸਕਾ ਲਈ ਜਾਂਦੀ ਹੈ।
ਪਰ ਕੀ ਕਰੀਏ ਸਾਡੇ ਆਮ ਲੋਕਾਂ ਹੀ ਪੰਜਾਬੀ ਭਾਸ਼ਾ ਨੂੰ ਅਸਵਿਕਾਰ ਕਰੀ ਜਾ ਰਹੇ ਹਨ। ਉਹ ਪੰਜਾਬੀ ਜਿਸ ਵਿਚ ਬਾਬੇ ਨਾਨਕ, ਬਾਬੇ ਫਰੀਦ, ਵਾਰਿਸ਼ ਸ਼ਾਹ ਅਤੇ ਹੋਰ ਅਨੇਕਾਂ ਪੀਰਾਂ-ਫਕੀਰਾਂ ਨੇ ਆਪਣੀ ਇਲਾਹੀ ਬਾਣੀ ਦੀ ਰਚਨਾ ਕੀਤੀ ਅਤੇ ਸਾਡਾ ਮਾਰਗ ਦਰਸ਼ਕ ਬਣੇ ਉਸੇ ਪੰਜਾਬੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ।  ਪੰਜਾਬੀ ਵਿੱਚ ਵੱਖ-ਵੱਖ ਰਿਸ਼ਤਿਆਂ ਦੀ ਆਪਣੀ ਵਿਸ਼ੇਸ਼ ਮਹਾਨਤਾ ਹੈ। ਮਾਮਾ, ਚਾਚਾ, ਤਾਇਆ, ਫੁੱਫੜ ਇਹ ਸ਼ਬਦ ਪੰਜਾਬੀ ਵਿਚ ਉਪਲਬਧ ਹਨ ਜਦਕਿ ਅੰਗਰੇਜ਼ੀ ਵਿਚ ਸਿਰਫ ‘ਅੰਕਲ’ ਨਾਲ ਹੀ ਗੱਲ ਬਣ ਜਾਂਦੀ ਹੈ। ਅੱਜਕੱਲ ਦੇ ਦਾਦਾ-ਦਾਦੀ ਵੀ ਆਪਣੇ ਆਪ ਨੂੰ ਬਾਬਾ ਜਾਂ ਬੇਬੇ ਅਖਵਾਉਣ ਵਿੱਚ ਅਪਮਾਣ ਮਹਿਸੂਸ ਕਰਦੇ ਹਨ ਉਹ ਕਹਿੰਦੇ ਹਨ ਕਿ ਬੱਚੇ ਸਾਨੂੰ ਵੱਡਾ ਪਾਪਾ ਜਾਂ ਵੱਡੀ ਮੰਮੀ ਆਖਕੇ ਪੁਕਾਰਨ। ਸੋ ਜਿਹੜਾ ਨਿੱਘ ਅਤੇ ਸੁਆਦ ਬੇਬੇ ਜਾਂ ਬਾਬਾ ਕਹਿ ਕੇ ਜਾਂ ਕਹਾ ਕੇ ਆਉਂਦਾ ਉਹ ਵੱਡਾ ਪਾਪਾ ਜਾਂ ਵੱਡੀ ਮੰਮੀ ਕਹਿਕੇ ਨਹੀਂ ਆ ਸਕਦਾ।

ਉਹਨਾਂ ਕਿਹਾ ਕਿ ਮੈਂ ਇਹ ਨਹੀਂ ਕਹਿੰਦੀ ਕਿ ਅੰਗਰੇਜ਼ੀ ਪੜੀ ਨਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਵੀ ਸਤਿਕਾਰ ਕੀਤਾ ਜਾਵੇ।

ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।
ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ,
ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।
ਵਿਰਸੇ ਦੇ ਫੁੱਲ ਤਾਂ ਹੀ ਖਿੜਦੇ ਮਾਂ ਬੋਲੀ ਜੇ ਆਉਂਦੀ ਹੋਵੇ,
ਰੂਹ ਦੇ ਪੱਤਣ ਜਿੰਦ ਮਜ਼ਾਜ਼ਣ ਲੋਕ ਗੀਤ ਕੋਈ ਗਾਉਂਦੀ ਹੋਵੇ।

 

Previous articleਅੰਤਰਰਾਸ਼ਟਰੀ ਮਾਂ-ਬੋਲੀ ਨੂੰ ਸਮਰਪਿਤ ਭਾਸ਼ਾ ਵਿਭਾਗ ਅੰਮ੍ਰਿਤਸਰ ਵੱਲੋਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿੱਚ ਕਰਵਾਏ ਗਿਆ ਸਾਹਿਤਕ ਸਮਾਗਮ
Next articleਬਚਪਨਾਂ ਨੂੰ ਸਮਝਾਈ ਚੱਲ …