ਸੰਗਠਨ ਨੂੰ ਮਜਬੂਤ ਤੇ ਚੁਸਤ ਦਰੁਸਤ ਕਰਕੇ ਬਸਪਾ ਵਲੋਂ ਵਿਢੀ ਪੰਜਾਬ ਸੰਭਾਲੋ ਮੁਹਿੰਮ ਘਰ ਘਰ ਪੁਚਾਓ -ਡਾਕਟਰ ਕਰੀਮਪੁਰੀ

ਫਿਰੋਜ਼ਪੁਰ ਵਿਖੇ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਸਨਮਾਨਿਤ ਕਰਦੇ ਹੋਏ ਸਰਦਾਰ ਲਾਲ ਸਿੰਘ ਸੁਲਹਾਣੀ ਤੇ ਹੋਰ ਬਸਪਾ ਆਗੂ
ਫਿਰੋਜ਼ਪੁਰ, (ਸਮਾਜ ਵੀਕਲੀ)  (ਲਾਲ ਸਿੰਘ ਸੁਲਹਾਣੀ)   ਡਰੱਗ ਮਾਫੀਆ ਦਾ ਸਫਾਇਆ ਕਰਨਾ ਭੈਅ ਮੁਕਤ, ਨਸ਼ਾ ਮੁਕਤ, ਪੰਜਾਬ ਦਾ ਉਜਾੜਾ ਰੋਕਣਾ ਅਤੇ ਨੌਜਵਾਨਾਂ ਦੇ ਰੁਜ਼ਗਾਰ ਦਾ ਪੰਜਾਬ ਦੀ ਧਰਤੀ ਤੇ ਹੀ ਪ੍ਰਬੰਧ ਕਰਨਾ ਬਹੁਜਨ ਸਮਾਜ ਪਾਰਟੀ ਦਾ ਮੁੱਖ ਏਜੰਡਾ ਹੋਵੇਗਾ| ਹੁਣ ਤੱਕ ਬਣਨ ਵਾਲੀਆਂ ਸਭ ਸਰਕਾਰਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ ਹੈ| ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋਂ ਬਾਮਸੇਫ, ਡੀ ਐਸ ਫੋਰ ਤੇ ਬਸਪਾ ਦੇ ਮੋਢੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਣ ਅਤੇ ਸੰਕਲਪ ਦਿਵਸ ਵਜੋਂ ਫਗਵਾੜਾ ਦੀ ਅਨਾਜ ਮੰਡੀ ਵਿਖੇ ਵਿਸ਼ਾਲ ਰੈਲੀ ਦੇ ਰੂਪ ਵਿੱਚ ਮਨਾ ਕੇ ਪੰਜਾਬ ਸੰਭਾਲੋ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਫਿਰੋਜਪੁਰ ਜੋ਼ਨ ਦੇ ਬਸਪਾ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ| ਡਾਕਟਰ ਕਰੀਮਪੁਰੀ ਨੇ ਫਗਵਾੜਾ ਰੈਲੀ ਦੀ ਇਤਿਹਾਸਿਕ ਸਫਲਤਾ ਲਈ ਸਮੂਹ ਵਰਕਰਾਂ ਤੇ ਆਗੂਆਂ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੁਦਰਤ ਵੱਲੋਂ ਉਸ ਦਿਨ ਬਰਸਾਏ ਲਗਾਤਾਰ ਮੀਹ ਦੇ ਬਾਵਜੂਦ ਵੱਡੀ ਪੱਧਰ ਤੇ ਇਕੱਠੇ ਹੋ ਕੇ ਵਰ੍ਹਦੇ ਮੀਂਹ ਵਿੱਚ ਡਟੇ ਰਹੇ ਅਤੇ ਕੁਦਰਤ ਦੇ ਪਾਏ ਇਮਤਿਹਾਨ ਵਿੱਚੋਂ ਵੀ ਪਾਸ ਹੋਏ| ਉਹਨਾਂ ਨੇ ਆਖਿਆ ਕਿ ਅਜੋਕਾ ਸ਼ਾਸਕ ਵਰਗ  ਬਹੁਜਨ ਸਮਾਜ ਨੂੰ  ਭਿਖਾਰੀ ਬਣਾ ਕੇ ਰੱਖਣ ਦੀ ਨੀਤੀ ਤੇ ਚੱਲ ਰਿਹਾ ਹੈ, ਜਦਕਿ ਬਹੁਜਨ ਸਮਾਜ ਪਾਰਟੀ ਛੋਟੀ ਮੋਟੀ ਰਾਹਤ ਦੀ ਬਜਾਏ ਸਮਾਜ ਨੂੰ ਰਾਜਭਾਗ ਲਈ ਤਿਆਰ ਕਰ ਰਹੀ ਹੈ| ਅੱਜ ਜਦੋਂ ਪੰਜਾਬ ਤਬਾਹੀ ਦੇ ਇੱਕ ਕਗਾਰ ਤੇ ਖੜ੍ਹਾ ਕਰ ਦਿੱਤਾ ਗਿਆ ਹੈ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਲੰਬਾ ਸਮਾਂ ਕਾਂਗਰਸ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਅਤੇ ਹੁਣ ਬਦਲਾਓ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਿਆ ਹੈ| ਇਨ੍ਹਾਂ ਸਰਕਾਰਾਂ ਦੇ ਰਾਜਕਾਲ ਦੌਰਾਨ ਪੰਜਾਬ ਸਿਰ ਤਿੰਨ ਲੱਖ 74 ਹਜਾਰ ਕਰੋੜ ਦਾ ਕਰਜਾ ਚੜ੍ਹ ਚੁੱਕਾ ਹੈ ਤਿੰਨ ਸਾਲ ਪਹਿਲਾਂ ਪੰਜਾਬ ਸਿਰ 2 ਲੱਖ 89 ਹਜਾਰ ਕਰੋੜ ਦਾ ਕਰਜ਼ਾ ਸੀ| ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਗਰੰਟੀ ਦਿੰਦਿਆਂ ਕਿਹਾ ਗਿਆ ਸੀ ਕਿ ਉਹ ਮੌਕਾ ਮਿਲਦਿਆਂ ਹੀ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਗੇ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉਪਰੰਤ ਘਟਣ ਦੀ ਥਾਂ ਪੰਜਾਬ ਸਿਰ 95 ਹਜਾਰ ਕਰੋੜ ਦਾ ਹੋਰ ਕਰਜਾ ਚੜ੍ਹ ਗਿਆ, ਜਿਸ ਦਾ ਪੰਜਾਬ ਸਰਕਾਰ 42 ਹਜਾਰ ਕਰੋੜ ਵਿਆਜ ਦਾ ਭੁਗਤਾਨ ਕਰਦੀ ਹੈ| ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਡਰੱਗ ਮਾਫੀਆ ਤੇ ਨਕੇਲ ਕੱਸ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗਰੰਟੀ ਦਿੱਤੀ ਸੀ| ਤਿੰਨ ਸਾਲ ਬਾਅਦ ਜਦੋਂ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਨੂੰ ਨਸਾ ਮੁਕਤ ਕਰਨ ਲਈ ਮੁਹਿੰਮ ਦਾ ਆਗਾਜ਼ ਕੀਤਾ ਹੈ ਤਾਂ ਸਰਕਾਰ ਦੀ ਨੀਂਦ ਖੁੱਲ੍ਹੀ ਹੈ ਅਤੇ ਉਹ ਛੋਟੇ ਮੋਟੇ ਨਸੇੜੀਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਡਰਾਮਾ ਕਰਕੇ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ| ਜਦੋਂ ਕਿ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਉਲਟਾ ਸਰਕਾਰ ਨੇ ਨਸ਼ਿਆਂ ਦੀ ਹੋਮ ਡਿਲੀਵਰੀ ਦਾ ਪ੍ਰਬੰਧ ਕਰ ਰੱਖਿਆ ਹੈ ਇੱਥੋਂ ਤੱਕ ਕਿ ਜੇਲ੍ਹਾਂ ਵਿੱਚ ਵੀ ਨਸ਼ਿਆਂ ਦੀ ਡਿਲੀਵਰੀ ਆਮ ਗੱਲ ਹੈ ਜੋ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਿਸ ਤੰਤਰ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਹੈ|
     ਪੰਜਾਬ ਅੰਦਰ ਸਿੱਖਿਆ ਦਾ ਮਿਆਰ ਦਿਨੋਂ ਦਿਨ ਡਿੱਗ ਰਿਹਾ ਹੈ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ, ਸਕੂਲ ਮੁਖੀਆਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਗਰੀਬ ਬੱਚਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ| ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਬੁਰੀ ਤਰ੍ਹਾਂ ਤਹਿਸ਼ ਨਹਿਸ਼ ਹੋ ਚੁੱਕਾ ਹੈ ਜਿਸ ਦੀ ਬਦੌਲਤ ਉਹਨਾਂ ਨੂੰ ਦਿੱਲੀ ਦੀ ਸਤਾ ਤੋਂ ਹੱਥ ਧੋਣੇ ਪਏ| ਸਿਹਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਡਾਕਟਰ ਕਰੀਮਪੁਰੀ ਜੀ ਨੇ ਆਖਿਆ ਆਖਿਆ ਕਿ ਸਰਕਾਰੀ ਹਸਪਤਾਲ ਵਿੱਚ ਦਾਖਲ ਹੁੰਦਿਆਂ ਹੀ ਮਰੀਜ਼ ਨੂੰ ਤੁਰੰਤ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਲੋੜੀਦਾ ਪ੍ਰਬੰਧ ਹੀ ਨਹੀਂ ਹੁੰਦਾ| ਅੱਜ ਪੰਜਾਬ ਅੰਦਰ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ, ਦਿਨ ਦਿਹਾੜੇ ਚੋਰੀਆਂ, ਡਕੈਤੀਆਂ, ਸਨੈਚਿੰਗ, ਫਰੌਤੀਆਂ ਅਤੇ ਕਤਲੋਗਾਰ ਵਧਦੀ ਜਾ ਰਹੀ ਹੈ| ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਲੋਕਾਂ ਦੀ ਜਾਨ ਮਾਲ ਸੁਰੱਖਿਅਤ ਨਹੀਂ ਹਰ ਵਰਗ ਦੇ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਹਿੱਤ ਧਰਨੇ ਮੁਜਾਹਰੇ ਕਰਨ ਤੇ ਮਜ਼ਬੂਰ ਹਨ, ਗਰੀਬ ਲੋਕਾਂ ਦੀ ਨਾ ਸਿਰਫ ਥਾਣਿਆਂ ਵਿੱਚ ਹੀ ਕੁੱਟਮਾਰ ਹੁੰਦੀ ਹੈ ਬਲਕਿ ਧਨਾਢਾਂ ਵੱਲੋਂ ਪੁਲਿਸ ਤੰਤਰ ਨਾਲ ਮਿਲ ਕੇ ਚੰਦ ਭਾਨ ਵਰਗੇ ਕਾਂਡ ਕਰਵਾਏ ਜਾਂਦੇ ਹਨ, ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਸ਼ਾਂਤਮਈ ਧਰਨੇ ਤੇ ਬੈਠਿਆਂ ਨੂੰ ਪੁਲਿਸ ਤੰਤਰ ਦੀ ਮਦਦ ਨਾਲਜਿਵੇਂ ਖਦੇੜਿਆ ਗਿਆ ਉਹ ਨਿੰਦਣਯੋਗ ਹੈ| ਬੇਰੁਜ਼ਗਾਰ ਨੌਜਵਾਨਾਂ ਦੀ ਗਿੱਦੜ ਕੁੱਟ ਕੀਤੀ ਜਾ ਰਹੀ ਹੈ| ਇਸ ਲਈ ਪੰਜਾਬ ਦੇ ਹਰ ਵਰਗ ਦੇ ਦੁਖੀ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮੌਕਾ ਦੇਣ ਤਾਂ ਕਿ ਉਤਰ ਪਰਦੇਸ਼ ਵਾਂਗ ਭੈਣ ਕੁਮਾਰੀ ਮਾਇਆਵਤੀ ਵਰਗਾ ਰਾਜਭਾਗ ਹਰ ਵਰਗ ਦੇ ਭਲੇ ਵਾਲਾ ਦਿੱਤਾ ਜਾ ਸਕੇ| ਡਾਕਟਰ ਕਰੀਮਪੁਰੀ ਜੀ ਨੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਸੰਗਠਨ ਨੂੰ ਮਜਬੂਤ ਕਰਕੇ ਚੁਸਤ ਦਰੁਸਤ ਬਣਾਉਣ ਲਈ ਆਖਿਆ ਅਤੇ ਇੱਕ ਜੁੱਟ ਹੋ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਵਿੱਢੀ ਪੰਜਾਬ ਸੰਭਾਲੋ ਮੁਹਿੰਮ ਨੂੰ ਪਿੰਡ ਪਿੰਡ, ਘਰ ਘਰ ਲਿਜਾਣ ਦਾ ਸੱਦਾ ਦਿੱਤਾ| ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਅਤੇ ਫਿਰੋਜ਼ਪੁਰ ਜ਼ੋਨ ਦੇ ਇੰਚਾਰਜ ਸਰਦਾਰ ਲਾਲ ਸਿੰਘ ਸੁਲਹਾਣੀ ਵਲੋਂ ਸੰਖੇਪ ਤੇ ਭਾਵਪੂਰਤ ਸਬਦਾਂ ਰਾਹੀਂ ਬਹੁਜਨ ਸਮਾਜ ਨੂੰ ਭਿਖਾਰੀ ਦੀ ਬਜਾਏ ਅਧਿਕਾਰੀ ਬਣਨ ਦਾ ਸਦਾ ਦਿਤਾ ਗਿਆ|ਇਸ ਮੌਕੇ ਸ੍ਰੀ ਭਜਨ ਲਾਲ ਕੰਬੋਜ ਜੋਨ ਇੰਚਾਰਜ , ਸਰਦਾਰ ਬਲਵਿੰਦਰ ਸਿੰਘ ਮੱਲਵਾਲ ਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਰੱਖੇ| ਮੰਚ ਸੰਚਾਲਨ ਸ੍ਰੀ ਓਮ ਪ੍ਰਕਾਸ਼ ਸਰੋਏ ਜੋਨ ਇੰਨਚਾਰਜ ਫਿਰੋਜਪੁਰ ਨੇ ਕੀਤਾ| ਮਿਸ਼ਨਰੀ ਗਾਇਕ ਸ਼੍ਰੀ ਹਾਕਮ ਸਿੰਘ ਪੰਛੀ ਨੇ ਮਿਸ਼ਨਰੀ ਗੀਤ ਰਾਹੀਂ ਵਰਕਰਾਂ ਨੂੰ ਜਾਗਰੂਕ ਕੀਤਾ| ਇੰਜਨੀਅਰ ਗਿਆਨ ਚੰਦ ਜਿ਼ਲ੍ਹਾ ਪ੍ਰਧਾਨ ਫਾਜ਼ਲਿਕਾ ਆਪਣੀ ਟੀਮ ਸਮੇਤ ਹਾਜ਼ਰ ਸਨ| ਸ੍ਰੀ ਅਸੋਕ ਕੁਮਾਰ ਜਨਰਲ ਸਕੱਤਰ ਬਸਪਾ ਫਿਰੋਜਪੁਰ ਨੇ ਆਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰਿਆਣਾ ਕੈਬਨਿਟ ਦਾ ਫੈਸਲਾ : ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਤਮਗਾ ਜੇਤੂ ਵਾਂਗ ਮਿਲੇਗਾ ਸਨਮਾਨ
Next articleਨਾਥ ਸੰਪਰਦਾ ਅਤੇ ਯੋਗ ਪੁਸਤਕ ਬਾਰੇ ਰਚਾਇਆ ਗੰਭੀਰ ਸੰਵਾਦ