ਫਾਸੀਵਾਦੀ ਤਾਕਤਾਂ ਦੀ ਮੁਖਾਲਫਤ ਕਰਨ ਵਾਲਾ ਅਧਿਆਪਕ ਆਗੂ – ਜਸਦੇਵ ‘ਲਲਤੋਂ’

ਜਸਦੇਵ ‘ਲਲਤੋਂ’

(ਸਮਾਜ ਵੀਕਲੀ)-  ਉੱਚਾ-ਲੰਮਾ ਕੱਦ,ਪਤਲਾ ਛਾਟਵਾਂ ਜੁੱਸਾ,ਸਧਾਰਨ ਕੁੜਤੇ ਪਜਾਮੇ ਵਾਲਾ ਪਹਿਰਾਵਾ,ਗੱਲਬਾਤ ਵਿੱਚ ਚੁਸਤ ਤੇ ਫੁਰਤੀਲਾ,ਕਿਸੇ ਵੀ ਵਿਸ਼ੇ ਦੀ ਅਥਾਹ ਜਾਣਕਾਰੀ ਨਾਲ ਲੈਸ ,ਘੰਟਿਆਂ ਬੱਧੀ ਸਰੋਤਿਆਂ ਨੂੰ ਕੀਲ ਕੇ ਰੱਖਣ ਵਾਲੇ ਸਾਢੇ ਛੇ ਦਹਾਕਿਆਂ ਦੇ ਗੱਭਰੂ ਸਾਥੀ ਜਸਦੇਵ ਲਲਤੋਂ ਦਾ ਜਨਮ ਗਦਰੀ ਦੇਸ਼ ਭਗਤ ਬਾਬਾ ਗੁਰਮੁਖ ਸਿੰਘ ਦੇ ਜੱਦੀ ਪਿੰਡ ਲਲਤੋਂ ਖੁਰਦ ਵਿਖੇ 1953 ਚ ਪਿਤਾ ਸੇਵਾ ਸਿੰਘ ਤੇ ਮਾਤਾ ਜਸਮੇਲ ਕੌਰ ਦੇ ਘਰ ਹੋਇਆ।ਲਲਤੋਂ ਮੱਧਵਰਗੀ ਕਿਰਸਾਨੀ ਪਰਿਵਾਰ ਨਾਲ ਸਬੰਧਤ ਹਨ।ਜਸਦੇਵ ਲਲਤੋਂ ਨੇ ਅਧਿਆਪਨ ਕਿੱਤੇ ਨੂੰ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਉਂਦੇ ਹੋਏ ਹਜਾਰਾਂ ਹੀ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਵੰਡਣ ਦੀ ਪਵਿੱਤਰ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ।

ਸ਼ਹੀਦ ਭਗਤ ਸਿੰਘ ,ਕਰਤਾਰ ਸਿੰਘ ਸਰਾਭਾ ਗਦਰੀ ਦੇਸ਼ ਭਗਤ ਗੁਰਮੁਖ ਸਿੰਘ ਤੋਂ ਇਲਾਵਾ ਮਾਰਕਸ ਅਤੇ ਲੈਨਿਨ ਵਰਗੀਆਂ ਸ਼ਖਸੀਅਤਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਿਆਂ ਲਲਤੋਂ ਦੇ ਜੀਵਨ ਦਾ ਸਫਰ ਲੋਕ ਹਿੱਤੂ ਸ਼ੰਘਰਰਸ਼ਾਂ ਨਾਲ ਭਰਪੂਰ ਕਾਲਜ ਪੱਧਰ ਤੋਂ ਹੀ ਸਾਮਰਾਜੀ ਤਾਕਤਾਂ ਦੀ ਮੁਖਾਲਫਤ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਹੋ ਗਿਆ।ਵਿਦਿਆਰਥੀ,ਮੁਲਾਜਮ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਵਿੱਚ ਜੁਝਾਰੂ ਆਗੂ ਵਜੋਂ ਵਿਚਰਦਿਆਂ ਜਸਦੇਵ ਲਲਤੋਂ ਨੇ ਆਮ ਲੋਕਾਂ,ਮੁਲਾਜਮਾਂ,ਅਧਿਆਪਕਾਂ,ਵਿਦਿਆਰਥੀਆਂ,ਮਜਦੂਰਾਂ,ਕਿਸਾਨਾਂ ਦੇ ਹਿੱਤਾਂ ਦੀ ਪੈਰਵਾਈ ਨਿਡਰ ਤੇ ਨਿਧੜਕ ਹੁੰਦਿਆਂ ਸਮੇਂ ਸਮੇਂ ਤੇ ਕੀਤੀ।

ਬੇਸ਼ੱਕ ਜਸਦੇਵ ਲਲਤੋਂ ਅਧਿਆਪਨ ਕਾਰਜ ਤੋਂ 2011 ਵਿੱਚ ਸੇਵਾ ਮੁਕਤ ਹੋ ਚੁੱਕਾ ਹੈ ਪਰ ਅਜੇ ਵੀ ਉਸਦੇ ਦਿਲੋ ਦਿਮਾਗ ਅੰਦਰ ਗਦਰੀ ਦੇਸ਼ ਭਗਤਾਂ ਦੀ ਸਮਾਜਵਾਦੀ ਵਿਚਾਰਧਾਰਾ ਦੀ ਲਾਟ ਲਟ ਲਟ ਬਲ ਰਹੀ ਹੈ ਉਹ ਨਾ ਕੇਵਲ ਆਪਣੇ ਰੁਝੇਵਿਆਂ ਤਹਿਤ ਧਰਨਿਆਂ,ਮੁਜਾਰਿਆਂ,ਅੰਦੋਲਨਾਂ,ਸੈਮੀਨਾਰਾਂ,ਲੋਕ ਇਕੱਠਾਂ ਰਾਹੀਂ ਸਮਾਜਵਾਦੀ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਵਿੱਚ ਯਤਨਸ਼ੀਲ ਹੈ ਬਲਕਿ ਉਹ ਤਾਂ ਕਿਰਤੀ ਅਤੇ ਸ਼ੋਸ਼ਿਤ ਜਮਾਤਾਂ ਦੇ ਹੱਕਾਂ ਦੀ ਗੱਲ ਆਪਣੀਆਂ ਰਚਨਾਵਾਂ ਰਾਹੀਂ ਵੀ ਕਰਦਾ ਹੈ।

“ਅਰਾਮ” ਸ਼ਬਦ ਸਾਥੀ ਲਲਤੋਂ ਦੇ ਸ਼ਬਦ ਕੋਸ਼ ਵਿੱਚ ਦਰਜ ਨਹੀਂ ਹੈ।ਉਹ ਹਰ ਪਲ ,ਹਰ ਦਿਨ ਲੋਕ ਪੱਖੀ ਸੰਘਰਸ਼ਾਂ ਵਿੱਚ ਮਸ਼ਰੂਫ ਰਹਿੰਦਾ ਹੈ।ਕਿਰਸਾਨੀ ਅੰਦੋਲਨ ਵਿੱਚ ਉਹ ਪੂਰਾ ਸਰਗਰਮ ਹੈ,ਆਪਣੇ ਭਾਸ਼ਣਾਂ ਅਤੇ ਤਰਕਮਈ ਦਲੀਲਾਂ ਨਾਲ ਉਹ ਸਮੇਂ ਦੀਆਂ ਸਰਕਾਰਾਂ ਨੂੰ ਵੰਗਾਰ ਰਿਹਾ ਹੈ ।

ਉਹ ਫੋਕੀ ਸ਼ੋਹਰਤ ਤੋਂ ਕੋਹਾਂ ਦੂਰ ਹੈ,ਅਹੁਦਿਆਂ .ਪ੍ਰਧਾਨਗੀਆਂ ਅਤੇ ਸਿਆਸੀ ਲਾਹਿਆਂ ਵਾਲੀ ਸੋਚ ਦਾ ਧਾਰਨੀ ਨਹੀਂ ।ਇਨਕਲਾਬੀ ਸਾਹਿਤ,ਆਪਣੀਆਂ ਰਚਨਾਵਾਂ ਤੇ ਸ਼ੰਘਰਸ਼ੀ ਪੈਂਫਲਿਟ ਉਸਦੇ ਝੋਲੇ ਵਿੱਚ ਹੁੰਦੇ ਹਨ ਤਾਂ ਬਜਾਜ ਚੇਤਕ ਸਕੂਟਰ ‘ਤੇ ਸਵਾਰ ਹੋਕੇ ਉਹ ਸਮਾਜਵਾਦੀ ਵਿਚਾਰਾਂ ਦੇ ਹਾਮੀ ਲੋਕਾਂ ਤੱਕ ਦੇਰ ਰਾਤ ਆਪਣੀ ਸੇਵਾ ਨਿਭਾ ਰਿਹਾ ਹੁੰਦਾ ਹੈ।

ਸਾਮਰਾਜੀ ਨੀਤੀਆਂ ਤਹਿਤ ਪੂੰਜੀਪਤੀ ਤਾਕਤਾਂ ਦੇ ਨਾਕਸ ਤੇ ਨਿਪੁੰਸਕ ਪ੍ਰਬੰਧ ਦਾ ਸ਼ਿਕਾਰ ਹੋ ਰਹੇ ਮਜਦੂਰਾਂ,ਛੋਟੇ ਕਿਸਾਨਾਂ,ਦਲਿਤਾਂ ਦੇ ਜਮਹੂਰੀ ਹੱਕਾਂ ਤੋਂ ਇਲਾਵਾ ਕਿਰਸਾਨੀ ਖੁਦਕੁਸ਼ੀਆਂ,ਮੌਜੂਦਾ ਸਮਿਆਂ ਵਿੱਚ ਆਮ ਲੋਕਾਂ ਨੂੰ ਦਰਪੇਸ਼ ਲੱਚਰ ਸੱਭਿਆਚਾਰਾਂ,ਨਸ਼ਿਆਂ,ਫੋਕੀਆਂ ਸਿਆਸੀ ਚੌਧਰਾਂ ਆਦਿ ਵਿਸ਼ਿਆਂ ਨੂੰ ਛੋਂਹਦਿਆਂ ਉਸਨੇ ਆਪਣੇ ਚਾਰ ਕਾਵਿ ਸੰਗ੍ਰਹਿਾਂ “ ਗੂੰਜ ਬਗਾਵਤ ਦੀ”, “ਛੱਲਾਂ ਲਹਿਰ ਦੀਆਂ” “ਬਾਗੀ ਬੋਲ” ਅਤੇ “ਗਦਰ ਜਾਰੀ ਹੈ” ਵਿੱਚ ਸ਼ੋਸਿਤ ਜਮਾਤ ਨੂੰ ਫਾਸੀਵਾਦੀ ਸੋਚ ਦੇ ਖਿਲਾਫ ਆਪਣੇ ਹੱਕਾਂ ਵਾਸਤੇ ਡਟਕੇ ਜੂਝਣ ਦਾ ਸੁਨੇਹਾ ਦਿੱਤਾ।

ਜਸਦੇਵ ਲਲਤੋਂ ਜਿੱਥੇ ਆਪਣੇ ਕਾਵਿ ਸੰਗ੍ਰਹਿਆਂ ਰਾਹੀਂ ਲੋਕਾਂ ਨੂੰ ਉਸਾਰੂ ਤੇ ਨਿੱਘਰ ਸੋਚ ਵੱਲ ਪ੍ਰੇਰਿਤ ਕਰ ਰਿਹਾ ਹੈ ਉੱਥੇ ਉਸਦੀਆਂ ਵੱਖ ਵੱਖ ਅਖਬਾਰਾਂ ਵਿੱਚ ਛਪਦੀਆਂ ਬੌਧਿਕਤਾ ਅਤੇ ਤਰਕ ਨਾਲ ਭਰਪੂਰ ਰਚਨਾਵਾਂ ਆਮ ਲੋਕਾਂ ਨੂੰ ਜਾਗਰੀਦਾਰੂ ਤੇ ਲੋਟੂ ਪ੍ਰਬੰਧ ਖਿਲਾਫ ਲਾਮਬੰਦ ਹੋਣ ਲਈ ਪ੍ਰੇਰਦੀਆ ਹਨ।

ਮਾ: ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106

Previous articleਦਲਿਤ ਸਮਾਜ ਨੂੰ ਸਿਆਸੀ ਸਫਾਂ ਤੇ ਉਭਾਰਨ ਵਾਲਾ ਯੋਧਾ –ਸਾਹਿਬ ਸ਼੍ਰੀ ਕਾਸ਼ੀ ਰਾਮ ਜੀ
Next articleT20 World Cup: BCCI have five more days to make any changes to the squad; report