- ਕਬੀਲਿਆਂ ਦੇ ਸਭਿਆਚਾਰ ਨੂੰ ਸੰਭਾਲਣ ’ਤੇ ਦਿੱਤਾ ਜ਼ੋਰ
ਖੁੰਟੀ (ਸਮਾਜ ਵੀਕਲੀ): ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇਥੇ ਸਥਾਨਕ ਸਵੈ ਸਹਾਇਤਾ ਗਰੁੱਪ ਦੀਆਂ ਮਹਿਲਾਵਾਂ ਸਬੰਧੀ ਕਰਵਾਏ ਗਏ ਸਮਾਗਮ ‘ਮਹਿਲਾ ਸਵੈ ਸਹਾਇਤਾ ਗਰੁੱਪ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਬਾਇਲੀ ਔਰਤਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ। ਉਹ ਝਾਰਖੰਡ ਦੇ ਆਪਣੇ ਤਿੰਨ ਰੋਜ਼ਾ ਦੌਰੇ ’ਤੇ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਅਨੁਸੂਚਿਤ ਕਬੀਲਿਆਂ ਦੀ ਸਭਿਆਚਾਰਕ ਪਛਾਣ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ, ‘ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਜਾਵੇ ਤਾਂ ਝਾਰਖੰਡ ਦੀਆਂ ਕਬਾਇਲੀ ਔਰਤਾਂ ਦੇਸ਼ ਦੇ ਹੋਰਨਾ ਸੂਬਿਆਂ ਨਾਲੋਂ ਕਿਤੇ ਅੱਗੇ ਹਨ। ਝਾਰਖੰਡ ਦੀਆਂ ਕਬਾਇਲੀ ਔਰਤਾਂ ਨੇ ਖੇਡਾਂ ਵਿੱਚ ਮਿਸਾਲੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਤੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਵੀ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ।’
ਇਸ ਮੌਕੇ ਸ੍ਰੀਮਤੀ ਮੁਰਮੂ ਨੇ ਸਥਾਨਕ ਸਵੈ ਸਹਾਇਤਾ ਗਰੁੱਪ ਵਿੱਚ ਕੰਮ ਕਰਦੀਆਂ ਔਰਤਾਂ ਨਾਲ ਗੱਲਬਾਤ ਵੀ ਕੀਤੀ। ਇਹ ਸਮਾਗਮ ਟ੍ਰਾਈਬਲ ਕੋਆਪਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਫ ਇੰਡੀਆ ਅਤੇ ਨੈਸ਼ਨਲ ਸ਼ਡਿਊਲ ਟ੍ਰਾਈਬਜ਼ ਫਾਈਨਾਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ ਸੀ। ਸਥਾਨਕ ਬਿਰਸਾ ਮੁੰਡਾ ਕਾਲਜ ਦੇ ਸਟੇਡੀਅਮ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਲਗਪਗ 25 ਹਜ਼ਾਰ ਔਰਤਾਂ ਨੇ ਭਾਗ ਲਿਆ। ਇਸ ਸਮਗਾਮ ਦੌਰਾਨ ਰਾਸ਼ਟਰਪਤੀ ਨੇ ਕਬੀਲਿਆਂ ਦੀ ਸੱਭਿਆਚਾਰਕ ਪਛਾਣ ਨੂੰ ਬਚਾਉਣ ਅਤੇ ਸੰਭਾਲਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਬੀਲਿਆਂ ਦਾ ਸੱਭਿਆਚਾਰ ਹਾਲੇ ਵੀ ਦਹੇਜ ਵਰਗੀਆਂ ਅਲਾਮਤਾਂ ਤੋਂ ਮੁਕਤ ਹੈ। ਇਸ ਮੌਕੇ ਸ੍ਰੀਮਤੀ ਮੁਰਮੂ ਨੇ ਇਥੇ ਲਗਾਏ ਗਏ ਸਟਾਲਾਂ ਦਾ ਵੀ ਨਿਰੀਖਣ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly