ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਅੱੱਗੇ 11 ਮੰਗਾਂ ਰੱਖੀਆਂ; 20 ਤੋਂ 30 ਸਤੰਬਰ ਤੱਕ ਪ੍ਰਦਰਸ਼ਨ ਕਰਨ ਦਾ ਐਲਾਨ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਸਮੇਤ 19 ਵਿਰੋਧੀ ਧਿਰਾਂ ਨੇ ਪੈਗਾਸਸ ਜਾਸੂਸੀ ਮਾਮਲਾ, ਕਿਸਾਨ ਅੰਦੋਲਨ, ਮਹਿੰਗਾਈ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਹਮਲਾ ਕੀਤਾ ਹੈ। ਉਨ੍ਹਾਂ 11 ਸੂਤਰੀ ਮੰਗ ਰੱਖਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ 20 ਤੋਂ 30 ਸਤੰਬਰ ਤੱਕ ਦੇਸ਼ ਪੱਧਰੀ ਪ੍ਰਦਰਸ਼ਨ ਕਰਨਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬੁਲਾਈ ਗਈ ਵਰਚੁਅਲੀ ਮੀਟਿੰਗ ਮਗਰੋਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਪੈਗਾਸਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜਾਂਚ ਕਰਵਾਏ, ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਮਹਿੰਗਾਈ ’ਤੇ ਲਗਾਮ ਕਸੇ ਅਤੇ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰੇ।

ਉਨ੍ਹਾਂ ਕਿਹਾ, ‘‘ਅਸੀਂ ਕੇਂਦਰ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇ ਉਸ ਰਵੱਈਏ ਦੀ ਨਿਖੇਧੀ ਕਰਦੇ ਹਾਂ, ਜਿਸ ਤਰ੍ਹਾਂ ਉਸ ਨੇ ਮੌਨਸੂਨ ਸੈਸ਼ਨ ਦੌਰਾਨ ਅੜਿੱਕਾ ਪਾਇਆ, ਪੈਗਾਸਸ ਫ਼ੌਜੀ ਸਪਾਈਵੇਅਰ ਦੀ ਗ਼ੈਰ-ਕਾਨੂੰਨੀ ਵਰਤੋਂ ’ਤੇ ਬਹਿਸ ਕਰਵਾਉਣ ਜਾਂ ਜਵਾਬ ਦੇਣ ਤੋਂ ਇਨਕਾਰ ਕੀਤਾ, ਖੇਤੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ, ਕੋਵਿਡ ਮਹਾਮਾਰੀ ਦੇ ਕੁਪ੍ਰਬੰਧ, ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਚਰਚਾ ਨਹੀਂ ਕਰਵਾਈ।’’ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭੀਮਾ ਕੋਰੇਗਾਓਂ ਮਾਮਲੇ ਅਤੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਯੂਏਪੀਏ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਲੋਕਾਂ ਸਮੇਤ ਸਾਰੇ ‘ਸਿਆਸੀ ਕੈਦੀਆਂ’ ਨੂੰ ਰਿਹਾਅ ਕੀਤਾ ਜਾਵੇ।

ਮੀਟਿੰਗ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਤਾਮਿਲਨਾਡੂ ਦੇ ਕ੍ਰਮਵਾਰ ਮੁੱਖ ਮੰਤਰੀ ਮਮਤਾ ਬੈਨਰਜੀ, ਊਧਵ ਠਾਕਰੇ ਅਤੇ ਐੱਮਕੇ ਸਟਾਲਿਨ ਨੇ ਵੀ ਹਿੱਸਾ ਲਿਆ। ਮੀਟਿੰਗ ਵਿੱਚ ਟੀਐੱਮਸੀ, ਐੱਨਸੀਪੀ, ਡੀਐੱਮਕੇ, ਸ਼ਿਵ ਸੈਨਾ, ਜੇਐੱਮਐੱਮ, ਸੀਪੀਆਈ, ਸਪੀਆਈਐੱਮ, ਐੱਨਸੀ, ਆਰਜੇਡੀ, ਏਆਈਯੂਡੀਐੱਫ, ਵੀਸੀਕੇ, ਲੋਕਤੰੰਤਰਿਕ ਜਨਤਾ ਦਲ, ਜੇਡੀ(ਐੱਸ), ਆਰਐੱਲਡੀ, ਆਰਐੱਸਪੀ, ਕੇਰਲਾ ਕਾਂਗਰਸ (ਮਨੀ), ਪੀਡੀਪੀ ਅਤੇ ਆਈਯੂਐੱਮਲ ਪਾਰਟੀਆਂ ਨੇ ਸ਼ਮੂਲੀਅਤ ਕੀਤੀ, ਜਦੋਂਕਿ ‘ਆਪ’, ਬਸਪਾ ਅਤੇ ਸਪਾ ਆਗੂ ਹਾਜ਼ਰ ਨਹੀਂ ਹੋਏ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ ਬੰਨ੍ਹਾਈਂ ਵੀਰਿਆ
Next articleਕਿਸਾਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਆਏ ਸਿਆਸਤਦਾਨ ਘੇਰੇ