(ਸਮਾਜ ਵੀਕਲੀ): ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘‘ਅਸੀਂ ਵਿਰੋਧੀ ਧਿਰ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਕਹਾਂਗੇ ਕਿ ਉਹ ਮੌਨਸੂਨ ਇਜਲਾਸ ਦੌਰਾਨ ਰੋਜ਼ਾਨਾ ਸਦਨ ਦੇ ਅੰਦਰ ਖੇਤੀ ਕਾਨੂੰਨਾਂ ਨਾਲ ਸਬੰਧਤ ਮੁੱਦੇ ਨੂੰ ਉਭਾਰਨ ਜਦੋਂਕਿ ਅਸੀਂ ਸੰਸਦ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰਾਂਗੇ। ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਉਹ ਸਰਕਾਰ ਨੂੰ ਮੌਨਸੂਨ ਇਜਲਾਸ ਅਜਾਈਂ ਜਾਣ ਦੇਣ ਦਾ ਲਾਹਾ ਨਾ ਲੈਣ ਦੇਣ। ਜਦੋਂ ਤੱਕ ਸਰਕਾਰ ਇਸ ਮੁੱਦੇ ਦੇ ਮੁਖਾਤਿਬ ਨਹੀਂ ਹੁੰਦੀ ਇਜਲਾਸ ਨੂੰ ਨਾ ਚੱਲਣ ਦਿੱਤਾ ਜਾਵੇ।’’ ਮੌਨਸੂਨ ਇਜਲਾਸ 19 ਜੁਲਾਈ ਨੂੰ ਸ਼ੁਰੂ ਹੋ ਕੇ 8 ਅਗਸਤ ਤੱਕ ਚੱਲੇਗਾ।
ਉਨ੍ਹਾਂ ਕਿਹਾ, ‘‘ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਧਰਦੀ, ਅਸੀਂ ਸੰਸਦ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਜਾਰੀ ਰੱਖਾਂਗੇੇ।’’ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਪਿਯੂਸ਼ ਗੋਇਲ ਇਹ ਕਹਿੰਦੇ ਰਹੇ ਹਨ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ, ਬਸ਼ਰਤੇ ਕਿਸਾਨ ਕਾਨੂੰਨਾਂ ਦੇ ਉਨ੍ਹਾਂ ਹਿੱਸਿਆਂ ’ਤੇ ਗੱਲ ਕਰਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਾਨੂੰਨਾਂ ’ਚ ਸੋਧਾਂ ਸਵੀਕਾਰ ਨਹੀਂ। ਰਾਜੇਵਾਲ ਕਿਹਾ ਕਿ ਹਰੇਕ ਕਿਸਾਨ ਯੂਨੀਅਨ ਤੋਂ ਪੰਜ ਮੈਂਬਰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਦੇਸ਼ਵਿਆਪੀ ਰੋਸ਼ ਮੁਜ਼ਾਹਰੇ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਆਪਣੇ ਵਾਹਨਾਂ ਨੂੰ ਸੂਬਾਈ ਤੇ ਕੌਮੀ ਸ਼ਾਹਰਾਹਾਂ ’ਤੇ ਖੜ੍ਹਾ ਕੇ ਆਪਣਾ ਰੋਸ ਦਰਜ ਕਰਵਾਉਣ। ਰਾਜੇਵਾਲ ਨੇ ਕਿਹਾ, ‘‘ਤੁਹਾਡੇ ਕੋਲ ਟਰੈਕਟਰ, ਟਰਾਲੀ, ਕਾਰ, ਸਕੂਟਰ ਜਾਂ ਫਿਰ ਕੋਈ ਵਾਹਨ ਹੋਵੇ, ਉਸ ਨੂੰ ਨੇੜਲੇ ਸੂਬਾਈ ਜਾਂ ਕੌਮੀ ਸ਼ਾਹਰਾਹ ’ਤੇ ਲਿਆ ਕੇ ਖੜ੍ਹਾਇਆ ਜਾਵੇ। ਪਰ ਖਿਆਲ ਰੱਖਣਾ ਕਿ ਇਸ ਨਾਲ ਆਵਾਜਾਈ ’ਚ ਵਿਘਨ ਨਾ ਪਏ।’’ ਉਨ੍ਹਾਂ ਧਰਨੇ ਪ੍ਰਦਰਸ਼ਨਾਂ ਵਾਲੀ ਥਾਂ ਰਸੋਈ ਗੈਸ ਸਿਲੰਡਰ ਲਿਆਉਣ ਲਈ ਵੀ ਕਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly