(ਸਮਾਜ ਵੀਕਲੀ)
ਘਰ ਵਿਚ ਪਾਰਟੀ ਚੱਲ ਰਹੀ ਸੀ। ਕਮਰੇ ਨੂੰ ਖੂਬ ਸ਼ਿਗਾਰਿਆ ਹੋਇਆ ਸੀ। ਗਾਣਿਆਂ ਦੀ ਮਿੱਠੀ ਧੁੰਨ ਨੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਰੱਖਿਆ ਸੀ। ਰਮੇਸ਼ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ‘ਚ ਮਸ਼ਰੂਫ ਸੀ। ਤੇ ਉਸਦੀ ਵਹੁਟੀ ਦੀਪਤੀ ਸਹੇਲੀਆਂ ਨਾਲ ਗੱਲਾਂ ਵਿੱਚ ਮਗਨ ਸੀ।ਮਾਹੌਲ ਖੁਸ਼ੀ ਨਾਲ ਨਸ਼ਿਆਇਆ ਹੋਇਆ ਸੀ।
ਤਦੇ ਹੀ ਇੱਕ ਬਜ਼ੁਰਗ ਔਰਤ ਨੇ ਮੈਲੇ – ਕੁਚੇਲੇ ਕੱਪੜਿਆਂ ਵਿੱਚ ਪ੍ਰਵੇਸ਼ ਕੀਤਾ।ਸਭ ਦਾ ਧਿਆਨ ਉਸ ਵੱਲ ਹੋ ਗਿਆ। “ਤੂੰ ਇੱਥੇ ਕਿਉਂ ਆ ਗਈ ਏ ?” ਰਮੇਸ਼ ਮਾਂ ਦੇ ਕੋਲ ਜਾ ਕੇ ਦਬਵੀਂ ਆਵਾਜ਼ ‘ਚ ਕੜਕਿਆ। “ਪੁੱਤ ਭੁੱਖ ਲੱਗੀ….” ਤੇ ਬੁੱਢੀ ਔਰਤ ਦਾ ਗਲਾ ਭਰ ਆਇਆ ਤੇ ਉਸ ਦੇ ਹੰਝੂ ਝੁਰੜੀਆਂ ਨਾਲ ਭਰੇ ਹੋਏ ਚਿਹਰੇ ਤੇ ਉਤਰ ਆਏ।
ਰਮੇਸ਼ ਨੇ ਘੂਰਦਿਆਂ ਹੋਇਆ ਮਾਂ ਦੇ ਹੋਰ ਕੋਲ ਜਾ ਕੇ ਕਿਹਾ,”ਬੇਇੱਜ਼ਤੀ ਕਰਾਣੀ ਆ, ਰਸੋਈ ਵਿੱਚ ਜਾ ਕੇ ਕੁਝ ਖਾ ਲੈ” “ਪਰ ਪੁੱਤ ਉਥੇ ਤੇ ਕੁਝ ਵੀ ਨਹੀਂ…” ਬੁੱਢੀ ਨੇ ਕੰਬਦੀ ਅਵਾਜ਼ ਵਿਚ ਕਿਹਾ। ਦੀਪਤੀ ਛੇਤੀ ਨਾਲ ਬੁੱਢੀ ਸੱਸ ਨੂੰ ਫੜ ਕੇ ਦੂਜੇ ਕਮਰੇ ਵਿਚ ਛੱਡ ਆਈ।
ਪਾਰਟੀ ਮੁੱਕਣ ‘ਤੇ ਲੋਕ ਰਮੇਸ਼ ਨੂੰ ਵਧਾਈਆਂ ਦੇਣ ਲੱਗੇ। ਦੋਸਤ-ਮਿੱਤਰ ਉਸ ਦੀ ਤਾਰੀਫ਼ ਕਰਦੇ ਘਰਾਂ ਨੂੰ ਚਲੇ ਗਏ।
“ਮਾਂ ਤੂੰ ਜ਼ਰਾ ਸਬਰ ਨਹੀਂ ਸੀ….।” ਅਜੇ ਸ਼ਬਦ ਉਸ ਦੇ ਮੂੰਹ ਵਿਚ ਹੀ ਸੀ ਕਿ ਮਾਂ ਦੇ ਕਮਰੇ ‘ਚ ਵੜਦਿਆਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਬੁੱਢੀ ਮਰ ਚੁੱਕੀ ਸੀ, ਸ਼ਾਇਦ ਭੁੱਖ ਕਾਰਨ….। ਉਸ ਦੇ ਸਰੀਰ ਨੂੰ ਸਸਕਾਰ ਲਈ ਜੱਦੀ ਪਿੰਡ ਲਿਜਾਇਆ ਗਿਆ । ਤੇ ਉਥੇ ਸਭ ਨੂੰ ਰੱਜ ਕੇ ਭੋਜ ਕਰਾਇਆ ਗਿਆ। ਰਮੇਸ਼ ਸਾਰਿਆਂ ਨੂੰ ਕਹਿ ਰਿਹਾ ਸੀ,”ਯਾਰ, ਮਾਂ ਨੇ ਤਾਂ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ।”
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ ,ਬੀ .ਐੱਡ । ਫ਼ਿਰੋਜ਼ਪੁਰ ਸ਼ਹਿਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly