HOME ਕਿਤਾਬਾਂ ਖੋਲ੍ਹੀਏ 

ਕਿਤਾਬਾਂ ਖੋਲ੍ਹੀਏ 

 ਮਨਜੀਤ ਸਿੰਘ ਬੱਧਣ 9417635053
    (ਸਮਾਜ ਵੀਕਲੀ)   ਜੀਵਨ ਜਨਮ ਤੋਂ ਲੈ ਕੇ ਇਸ ਦੇ ਅੰਤ ਤੱਕ ਕਈ ਪ੍ਰਕਾਰ ਦੇ ਪੜਾਵਾਂ ਵਿੱਚੋਂ ਗੁਜ਼ਰਦਾ ਹੈ। ਜਨਮ ਅਤੇ ਮਰਨ ਦੇ ਇਲਾਵਾ ਭੁੱਖ, ਪਿਆਸ, ਦਰਦ, ਖ਼ੁਸ਼ੀ, ਨੀਂਦ, ਸੰਤਾਨ ਉਤਪਤੀ ਆਦਿ ਇਸ ਸੰਸਾਰ ਵਿੱਚ ਆਏ ਹਰ ਇੱਕ ਜੀਵ ਦੇ ਸਾਂਝੇ ਗੁਣ ਹਨ। ਵਿਸ਼ਾਲ ਬੁੱਧੀ ਅਤੇ ਵਿਚਾਰਾਂ ਦੇ ਮੌਖਿਕ ਤੇ ਲਿਖਤੀ ਰੂਪਾਂ ਦੇ ਗੁਣ ਇਨਸਾਨ ਨੂੰ ਬਾਕੀ ਜਾਨਵਰਾਂ ਤੇ ਜੀਵਾਂ ਤੋਂ ਬਹੁਤ ਅੱਗੇ ਲੈ ਗਏ ਹਨ। ਸੁਪਨੇ ਵੇਖਣਾ ਇਕ ਅਜਿਹੀ ਅਵਸਥਾ ਹੈ ਜੋ ਹੋ ਸਕਦਾ ਹੈ ਮਨੁੱਖਾਂ ਵਾਂਗ ਹੋਰ ਜਾਨਵਰਾਂ ਦੀ ਵੀ ਹੁੰਦੀ ਹੋਵੇ। ਸੁਪਨਿਆਂ ਦਾ ਹਕੀਕਤ ਨਾਲ ਕੋਈ ਸੰਬੰਧ ਨਹੀਂ ਹੈ। ਭਾਰਤ ਦੇ ਪੂਰਵ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਕਹਿੰਦੇ ਹਨ ਕਿ ਸੁਪਨੇ ਉਹ ਨਹੀਂ ਹੁੰਦੇ ਹਨ ਜੋ ਸੁੱਤੇ ਹੋਇਆਂ ਵੇਖੇ ਜਾਣ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੋਣ ਹੀ ਨਾ ਦੇਣ। ਇਸ ਤਰ੍ਹਾਂ ਦੇ ਜਾਗਦੀਆਂ ਅੱਖਾਂ ਵਾਲ਼ੇ ਸੁਪਨਿਆਂ, ਜਿਹਨਾਂ ਨੂੰ ਅਸੀਂ ਸੁਚੇਤ ਪੱਧਰ ‘ਤੇ ਘੜਦੇ ਹਾਂ, ਨੂੰ ਕਲਪਨਾ ਕਿਹਾ ਜਾਂਦਾ ਹੈ। ਕਲਪਨਾ ਇੱਕ ਅਜਿਹਾ ਖ਼ਿਆਲੀ ਝੂਠ ਹੈ ਜੋ ਕੁਝ ਇੱਕ ਉੱਦਮਾਂ ਨਾਲ ਸੱਚ ਹੋ ਸਕਣ ਦੀ ਸਮਰੱਥਾ ਰੱਖਦਾ ਹੈ।
ਮਨੁੱਖੀ ਗਿਆਨ ਦੀ ਕੋਈ ਸੀਮਾ ਨਹੀਂ ਹੈ। ਜੋ ਕੁਝ ਕਿਸੇ ਵੇਲੇ ਕਲਪਿਤ ਸੀ ਉਹ ਹੁਣ ਸਾਡੀਆਂ ਅੱਖਾਂ ਸਾਹਮਣੇ ਸਾਡੇ ਜੀਵਨ ਦਾ ਹਿੱਸਾ ਬਣ ਗਿਆ ਹੈ। ਆਦਿ-ਮਾਨਵ ਸਮੇਂ ਵੀ ਕੁਦਰਤੀ ਤੌਰ ‘ਤੇ ਜੰਗਲਾਂ ਵਿੱਚ ਅੱਗ ਲੱਗ ਜਾਂਦੀ ਹੋਵੇਗੀ। ਅੱਗ ਨਾਲ ਸੜੀ ਹੋਈ ਬਨਸਪਤੀ ਜਾਂ ਮਾਸ ਨੂੰ ਖਾ ਕੇ ਆਦਿ ਮਾਨਵ ਨੂੰ ਅੱਗ ਦੇ ਪ੍ਰਕੋਪ ਦੇ ਨਾਲ-ਨਾਲ ਫਾਇਦੇ ਦੀ ਜਾਣਕਾਰੀ ਪ੍ਰਾਪਤ ਹੋ ਗਈ ਹੋਣੀ ਹੈ। ਪੱਥਰ ਜਾਂ ਸੁੱਕੀਆਂ ਲੱਕੜੀਆਂ ਰਗੜ ਕੇ ਅੱਗ ਬਾਲਣੀ ਸਿੱਖ ਲਈ ਅਤੇ ਇਹ ਅੱਗ ਸਾਡੇ ਦੇਸੀ ਚੁੱਲ੍ਹਿਆਂ ਤੋਂ ਹੁੰਦੀ ਹੋਈ ਅੱਜ ਰਸੋਈਆਂ ਵਿੱਚ ਗੈਸ ਸਿਲੰਡਰਾਂ ਰਾਹੀਂ ਸਾਡੇ ਜੀਵਨ ਦਾ ਆਧਾਰ ਬਣ ਚੁੱਕੀ ਹੈ। ਆਪਣੇ ਬੁੱਧੀ ਦੀ ਤਾਕਤ ਨਾਲ ਇਨਸਾਨ ਨੇ ਅਗਨੀ ਤੇ ਪ੍ਰਕਾਸ਼ ਦੇ ਹੋਰ ਵਿਕਲਪ ਵੀ ਪੈਦਾ ਕਰ ਲਏ ਹਨ। ਮਛਲੀਆਂ ਦੀ ਤਰ੍ਹਾਂ ਇਨਸਾਨ ਪਾਣੀਆਂ ਦਾ ਤਾਰੂ ਹੋ ਗਿਆ ਅਤੇ ਪੰਛੀਆਂ ਦੀ ਤਰ੍ਹਾਂ ਅਸਮਾਨਾਂ ਵਿੱਚ ਤਕਨੀਕ ਦੀ ਮਦਦ ਨਾਲ ਉੱਡਣਾ ਸਿੱਖ ਗਿਆ ਹੈ। ਇਹ ਸਭ ਕੁਝ ਵਿਗਿਆਨ ਦੇ ਗਿਆਨ ਨਾਲ ਸੰਭਵ ਹੋਇਆ ਹੈ।
ਪੁਰਾਤਨ ਸਮੇਂ ਵਿੱਚ ਵੀ ਮਨੁੱਖ ਦੇ ਜੀਵਨ ਲਈ ਲੋੜੀਂਦੀਆਂ ਵਸਤੂਆਂ ਸੀਮਤ ਸਾਧਨਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਹਨ। ਰੁੱਖਾਂ ਦੇ ਤਣਿਆਂ ਤੋਂ ਪਹਿਲਾਂ-ਪਹਿਲ ਗੱਡਿਆਂ ਦੇ ਪਹੀਏ ਬਣੇ। ਬਹੁਤ ਮਿਹਨਤ ਨਾਲ ਕਿਰਤੀਆਂ ਨੇ ਖੇਤਾਂ, ਘਰਾਂ, ਰਸੋਈਆਂ ਵਿੱਚ ਕੰਮ ਆਉਣ ਵਾਲੇ ਛੋਟੇ-ਵੱਡੇ ਸੰਦ ਬਣਾਏ, ਵਸਤੂਆਂ ਦੇ ਨਿਰਮਾਣ ਤੇ ਮੁਰੰਮਤ ਦਾ ਕੰਮ ਕੀਤਾ। ਘੋੜਿਆਂ ਦੀਆਂ ਰਕਾਬਾਂ ਤੋਂ ਮੁਟਿਆਰਾਂ ਦੀਆਂ ਪੰਜੇਬਾਂ ਤੱਕ, ਸੁਰਮੇਦਾਨੀ ਦੀ ਸਲਾਈ ਤੋਂ ਤਲਵਾਰ ਦੀ ਧਾਰ ਤੱਕ ਭੱਠੀ, ਅਹਿਰਣ ਤੇ ਵਦਾਨ ਦੀ ਮੁਹਾਰਤ ਨਾਲ ਵਰਤੋਂ ਹੋਈ। ਭਵਨ ਨਿਰਮਾਣ ਕਲਾ ਅਜਿਹੀ ਕਿ ਅੱਜ ਵੀ ਆਪਣੀ ਹੋਂਦ ਰੱਖ ਰਹੀ ਹੈ। ਲੱਕੜ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਉੱਪਰ ਕਮਾਲ ਦੀ ਮੀਨਾਕਾਰੀ। ਕਿਰਤੀਆਂ ਵੱਲੋਂ ਪੀੜੀ-ਦਰ-ਪੀੜੀ ਅਤੇ ਉਸਤਾਦ-ਸ਼ਾਗਿਰਦ ਰਿਸ਼ਤੇ ਨਾਲ ਆਪਣੀ ਕਲਾ ਅੱਗੇ ਤੋਰੀ ਰੱਖੀ ਗਈ, ਇਸੇ ਤਰ੍ਹਾਂ ਕਿਸਾਨੀ ਵੀ। ਇਹ ਕਲਾ ਨਾਲੋ-ਨਾਲ ਸਿੱਖੀ ਸਿਖਾਈ ਜਾਂਦੀ ਸੀ। ਹੌਲ਼ੀ-ਹੌਲ਼ੀ ਕਾਰੀਗਰਾਂ ਦੇ ਨਾਲ ਨਾਲ ਇਹ ਮੁਹਾਰਤ ਜਿਵੇਂ ਅਲੋਪ ਹੋਣ ਲੱਗ ਗਈ।
ਕਹਿੰਦੇ ਹਨ ਕਿਸੇ ਇਲਾਕੇ ਵਿੱਚ ਇੱਕ ਵੈਦ ਸੀ ਜੋ ਕਈ ਬਿਮਾਰੀਆਂ ਦਾ ਇਲਾਜ ਜੜੀ-ਬੂਟੀਆਂ ਦੇ ਖਾਸ ਮਿਸ਼ਰਣ ਨਾਲ ਕਰ ਦਿੰਦਾ ਸੀ। ਉਸ ਇਲਾਕੇ ਵਿੱਚ ਇੱਕ ਅਜਿਹੀ ਬਿਮਾਰੀ ਫੈਲਣ ਲੱਗੀ ਜਿਸ ਨਾਲ ਮਨੁੱਖ ਦਾ ਗਲਾ ਜਿਵੇਂ ਘੁੱਟਿਆ ਜਾਣ ਲੱਗ ਪੈਂਦਾ, ਹੱਥ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਅਤੇ ਨਾ ਹੀ ਉਹ ਕੁਝ ਬੋਲ ਸਕਦਾ। ਉਸ ਵੈਦ ਨੇ ਇਸ ਬਿਮਾਰੀ ਦਾ ਨੁਸਖਾ ਤਿਆਰ ਕਰ ਲਿਆ। ਜਿਸ ਕਿਸੇ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦੀ ਬਿਮਾਰੀ ਦਾ ਕੋਈ ਮਰੀਜ਼ ਹੁੰਦਾ ਤਾਂ ਉਹ ਜਲਦ ਤੋਂ ਜਲਦ ਉਸ ਵੈਦ ਕੋਲ ਪਹੁੰਚਦੇ ਅਤੇ ਉਹ ਮਰੀਜ਼ ਦੋ-ਤਿੰਨ ਦਿਨਾਂ ਵਿੱਚ ਤੰਦਰੁਸਤ ਹੋ ਜਾਂਦਾ। ਉਸ ਵੈਦ ਦਾ ਚੰਗਾ ਨਾਮ ਹੋ ਗਿਆ ਤੇ ਆਮਦਨ ਵੀ ਵਧ ਗਈ। ਉਸ ਦੇ ਮਨ ਲਾਲਚੀ ਹੋ ਗਿਆ ਅਤੇ ਆਪਣੀ ਨੁਸਖਿਆਂ ਵਾਲੀ ਪੱਤਰੀ ਵਿੱਚੋਂ ਇਹ ਨੁਸਖਾ ਪੂਰੀ ਤਰਾਂ ਮਿਟਾ ਦਿੱਤਾ ਮਤਾਂ ਕਿਤੇ ਪੱਤਰੀ ਚੋਰੀ ਹੋਣ ਦੀ ਸਥਿਤੀ ਵਿੱਚ ਵੀ ਕੋਈ ਹੋਰ ਬੰਦਾ ਦਵਾਈ ਤਿਆਰ ਕਰਨਾ ਸਿੱਖ ਕੇ ਪੈਸੇ ਨਾ ਕਮਾਉਣ ਲੱਗ ਜਾਵੇ। ਕਰਨੀ ਰੱਬ ਦੀ ਉਸ ਵੈਦ ਨੂੰ ਵੀ ਓਹੀ ਬਿਮਾਰੀ ਹੋ ਗਈ। ਉਹ ਤਕਲੀਫ ਵਿੱਚ ਤੜਫਨ ਲੱਗਿਆ। ਉਸ ਦਾ ਪਰਿਵਾਰ ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ  ਘੋਲ ਕੇ ਉਸ ਨੂੰ ਪਿਲਾਈ ਜਾਵੇ। ਬੋਲ ਉਹ ਸਕਦਾ ਨਹੀਂ ਸੀ ਤੇ ਨਾ ਹੀ ਲਿਖ ਹੇਵੇ। ਪਰਿਵਾਰ ਸਾਹਮਣੇ ਹੀ ਤੜਫ-ਤੜਫ ਕੇ ਉਹ ਦਮ ਤੋੜ ਜਾਂਦਾ ਹੈ। ਜੇਕਰ ਉਸ ਵੈਦ ਨੇ ਆਪਣਾ ਇਹ ਗਿਆਨ ਕਿਤਾਬਾਂ ਵਿੱਚ ਲਿਖ ਦਿੱਤਾ ਹੁੰਦਾ ਜਾਂ ਆਪਣੇ ਕਿਸੇ ਸ਼ਾਗਿਰਦ ਨੂੰ ਸਿਖਾ ਦਿੱਤਾ ਹੁੰਦਾ ਤਾਂ ਗਿਆਨ ਦਾ ਵਿਸਥਾਰ ਹੋ ਜਾਂਦਾ ਅਤੇ ਭਵਿੱਖ ਵਿੱਚ ਕਈਆਂ ਦਾ ਭਲਾ ਹੋ ਸਕਦਾ ਸੀ। ਸਾਰ ਤੱਤ ਇਹ ਹੀ ਹੈ ਕਿ ਗਿਆਨ ਮਨੁੱਖ ਨਾਲ ਖ਼ਤਮ ਨਹੀਂ ਹੋਣਾ ਚਾਹੀਦਾ ਹੈ। ਗਿਆਨ ਦੀ ਜੋਤ ਕਿਤਾਬਾਂ ਰਾਹੀਂ ਆਉਣ ਵਾਲੀਆਂ ਨਸਲਾਂ ਦਾ ਰਾਹ ਰੋਸ਼ਨ ਕਰਦੀ ਰਹਿਣੀ ਤੇ ਹੋਰ ਦੀਪ ਜਲਾਉਂਦੀ ਰਹਿਣੀ ਚਾਹੀਦੀ ਹੈ।
ਪੱਛਮੀ ਸਾਹਿਤਕਾਰ ਰਾਬਰਟ ਲੂਈਸ ਸਟੀਵਸਨ ਦਾ ਕਥਨ ਹੈ ਕਿ ਉਹ ਆਪਣੇ ਕੋਲ ਹਮੇਸ਼ਾ ਦੋ ਕਿਤਾਬਾਂ ਰੱਖਦਾ ਹੈ ਇਕ ਪੜ੍ਹਨ ਲਈ ਅਤੇ ਦੂਸਰੀ ਲਿਖਣ ਲਈ। ਇੱਥੇ ਇਹ ਵੀ ਵਿਚਾਰ਼ ਸਪੱਸ਼ਟ ਹੁੰਦਾ ਹੈ ਕਿ ਗੁਰੂ ਰਾਹੀਂ ਗਿਆਨ ਪ੍ਰਾਪਤ ਹੁੰਦਾ ਹੈ ਚਾਹੇ ਪ੍ਰਤੱਖ ਹੋਵੇ ਜਾਂ ਗੁਰੂ ਦੁਆਰਾ ਕਲਮਬੱਧ ਕੀਤਾ ਹੋਵੇ। ਗੁਰਬਾਣੀ ਵਿੱਚ ਲਿਖਿਆ ਗਿਆ ਹੈ:-
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥
ਭਾਰਤੀ ਸੱਭਿਆਚਾਰ ਵਿੱਚ ਗੁਰੂ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ। ਵਿੱਦਿਅਕ ਸੰਸਥਾਵਾਂ ਵਿੱਚ ਗਿਆਨ ਦੇਣ ਵਾਲੇ ਅਧਿਆਪਕ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਅਖਵਾਉਂਦੇ ਹਨ। ਵਿਦਿਆਰਥੀ ਜੀਵਨ ਵਿੱਚ ਅਧਿਆਪਕਾਂ ਨੇ ਵੀ ਆਪਣੇ ਅਧਿਆਪਕਾਂ ਅਤੇ ਪ੍ਰੋਫੈਸਰ ਸਾਹਿਬਾਨ ਤੋਂ ਗਿਆਨ ਲਿਆ ਹੁੰਦਾ ਹੈ ਅਤੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਸਕੂਲ ਕਾਲਜਾਂ ਵਿੱਚ ਆਪਣੇ ਤਜਰਬੇ ਤੇ ਕਿਤਾਬਾਂ ਰਾਹੀਂ ਇਹ ਗਿਆਨ ਵਿਦਿਆਰਥੀਆਂ ਨੂੰ ਦੇਣਾ ਹੁੰਦਾ ਹੈ। ਹੱਸਣਾ, ਖੇਡਣਾ, ਘੁੰਮਣਾ, ਮੌਜ-ਮਸਤੀ ਆਦਿ ਬੱਚਿਆਂ ਦੇ ਸੁਭਾਵਿਕ ਗੁਣ ਹੁੰਦੇ ਹਨ। ਬੱਚੇ ਦੇ ਸਰਬ-ਪੱਖੀ ਵਿਕਾਸ ਲਈ ਇਹ ਜਰੂਰੀ ਵੀ ਹਨ। ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਬੱਚੇ ਜੀਵਨ ਦਾ ਭਰਪੂਰ ਆਨੰਦ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਚੰਗੇ ਭਵਿੱਖ ਲਈ ਸਕੂਲ ਜਾਣਾ, ਕਿਤਾਬਾਂ ਪੜ੍ਹਨੀਆਂ, ਗਿਆਨ ਹਾਸਲ ਕਰਨਾ, ਖੇਡਾਂ ਵਿੱਚ ਵੀ ਭਾਗ ਲੈਣਾ ਵਿਦਿਆਰਥੀ ਲਈ ਬਹੁਤ ਜਰੂਰੀ ਹੁੰਦੇ ਹਨ‌।
ਵਿਦਿਆਰਥੀਆਂ ਨੂੰ ਪੂਰੇ ਚਾਅ ਨਾਲ ਸਕੂਲ ਜਾਣਾ ਚਾਹੀਦਾ ਹੈ। ਸਕੂਲ ਆਪਣੇ ਵਿਦਿਆਰਥੀਆਂ ਦੇ ਰਾਹ ਤੱਕ ਰਹੇ ਹਨ। ਵਿਦਿਆਰਥੀ ਹਨ ਤਾਂ ਸਕੂਲ ਦੇ ਹੋਂਦ ਹੈ। ਸਕੂਲ ਇੱਕ ਅਜਿਹਾ ਸਮਾਜਿਕ ਦਾਇਰਾ ਹੈ ਜਿੱਥੇ ਵਿਦਿਆਰਥੀ ਆਪਣੇ ਹਮ ਉਮਰ ਸਾਥੀਆਂ ਦੇ ਨਾਲ-ਨਾਲ ਛੋਟੀ ਅਤੇ ਵੱਡੀ ਉਮਰ ਦੇ ਵਿਦਿਆਰਥੀਆਂ ਵਿੱਚ ਰਹਿਣਾ ਸਿੱਖਦੇ ਹਨ।  ਉਹਨਾਂ ਦੇ ਮਾਤਾ-ਪਿਤਾ ਜਾਂ ਵੱਡੇ ਭੈਣ-ਭਰਾ ਦੀ ਉਮਰ ਦੇ ਅਧਿਆਪਕ, ਅਧਿਆਪਕਾਵਾਂ ਅਤੇ ਹੋਰ ਕਰਮਚਾਰੀ ਹੁੰਦੇ ਹਨ। ਸਕੂਲ ਵਿੱਚ ਵਿਚਰਦਿਆਂ ਜਿੱਥੇ ਉਹ ਵਿਹਾਰਿਕ ਸਿੱਖਿਆ ਗ੍ਰਹਿਣ ਕਰਦੇ ਹਨ ਉੱਥੇ ਉਹ ਨੈਤਿਕਤਾ ਵੀ ਸਿੱਖਦੇ ਹਨ। ਇਸੇ ਤਰਾਂ ਪਾਠਕ੍ਰਮ ਦੀਆਂ ਪੁਸਤਕਾਂ ਵਿਹਾਰਕ ਸਿੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਸਕੂਲ ਦੇ ਪੁਸਤਕਾਲਾ ਦੀਆਂ ਪੁਸਤਕਾਂ ਵਿਸਤ੍ਰਿਤ ਗਿਆਨ ਜਿਵੇਂ ਸਾਡੇ ਅਤੇ ਵਿਸ਼ਵ ਦੇ ਇਤਿਹਾਸ, ਭੂਗੋਲ, ਸੱਭਿਆਚਾਰ, ਚਲੰਤ ਮਸਲੇ, ਸਾਹਿਤ ਆਦਿ ਪ੍ਰਦਾਨ ਕਰਨ ਲਈ ਉਪਲਬਧ ਹਨ। ਕਿਤਾਬਾਂ ਰਾਹੀਂ ਪਾਠਕ ਆਪਣੇ ਆਲ਼ੇ-ਦੁਆਲ਼ੇ ਸਬੰਧੀ ਗਿਆਨ ਦੇ ਨਾਲ-ਨਾਲ ਵਿਸ਼ਵ ਦੇ ਹੋਰ ਸੱਭਿਆਚਾਰਾਂ ਤੋਂ ਵੀ ਵਾਕਫ਼ ਹੁੰਦਾ ਹੈ ਕਿਤਾਬਾਂ ਦੇ ਸ਼ਬਦਾਂ ਵਿਚ ਕੀਮਤੀ ਖ਼ਜ਼ਾਨਾ ਛੁਪਿਆ ਹੋਇਆ ਕਿਹਾ ਜਾ ਸਕਦਾ ਹੈ।
“ਕਿਤਾਬਾਂ ਉਹ ਸਾਧਨ ਹਨ ਜਿਨ੍ਹਾਂ ਰਾਹੀਂ ਅਸੀਂ ਸੱਭਿਆਚਾਰਾਂ ਵਿਚਕਾਰ ਪੁਲ ਬਣਾਉਂਦੇ ਹਾਂ।”
(ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ)
ਅੱਜ ਕੱਲ੍ਹ ਇੰਟਰਨੈੱਟ, ਮੋਬਾਈਲ ਫੋਨਾਂ ਅਤੇ ਨਵੀਨਤਮ ਅਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਕਿਤਾਬਾਂ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ। ਇਹ ਤਤਕਾਲ ਜਾਣਕਾਰੀ ਰੋਚਕ ਢੰਗ ਨਾਲ ਜ਼ਰੂਰ ਪ੍ਰਦਾਨ ਕਰਦੇ ਹਨ ਪਰ ਕਿਤਾਬਾਂ ਦੀ ਤਰ੍ਹਾਂ ਕਿਸੇ ਵੀ ਸਮੇਂ ਭਰਪੂਰ ਗਿਆਨ ਨਹੀਂ ਦੇ ਸਕਦੇ ਹਨ। ਇਹਨਾਂ ਦੀ ਲਗਾਤਾਰ ਵਰਤੋਂ ਵਿਦਿਆਰਥੀਆਂ ਦੀਆਂ ਅੱਖਾਂ, ਗਰਦਨ, ਸੁਭਾਅ ਉੱਪਰ ਮਾੜਾ ਅਸਰ ਪਾਉਂਦੀ ਹੈ। ਵਿਦਿਆਰਥੀ ਆਪਣੇ ਹੱਥੀਂ ਕਾਪੀਆਂ ਵਿੱਚ ਲਿਖਣ, ਕਿਤਾਬਾਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਤਿਆਰ ਕਰਨ ਅਤੇ ਕਿਤਾਬਾਂ ਵਿੱਚ ਦਿੱਤੀਆਂ ਉਦਾਹਰਨਾਂ ਨੂੰ ਆਪਣੇ-ਆਪ ਹੱਲ ਕਰਨ ਤੋਂ ਦੂਰ ਹੋ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਨਵੀਆਂ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਅਤੇ ਕੁਝ ਪ੍ਰਾਈਵੇਟ ਸਕੂਲਾਂ ਵਾਲ਼ੇ ਮਹਿੰਗੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਲਗਵਾਉਂਦੇ ਹਨ। ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਕੋਲ ਕਿਤਾਬਾਂ ਹੋਣ ਦੇ ਬਾਵਜ਼ੂਦ ਵੀ ਕੁਝ ਵਿਦਿਆਰਥੀ ਇੰਟਰਨੈੱਟ, ਮੋਬਾਈਲ ਫੋਨਾਂ ਅਤੇ ਏ.ਆਈ. ਨੂੰ ਹੀ ਪਹਿਲ ਦੇਣਾ ਪਸੰਦ ਕਰਦੇ ਹਨ। ਇਸ ਦੀ ਵਰਤੋਂ ਨਾਲ ਉਹ ਆਪਣੇ ਲੋੜੀਂਦੇ ਵਿਸ਼ੇ ਦੀ ਸੀਮਤ ਜਾਣਕਾਰੀ ਆਪਣੀਆਂ ਕਾਪੀਆਂ ਵਿੱਚ ਲਿਖ ਲੈਂਦੇ ਹਨ ਜਾਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਇਲਾਵਾ ਆਨ-ਲਾਈਨ ਸਟਡੀ ਦੌਰਾਨ ਅਚਾਨਕ ਅਜਿਹਾ ਕੁਝ ਆਪਣੇ ਆਪ ਮੋਬਾਈਲ ਜਾਂ ਕੰਪਿਊਟਰ ਦੀ ਸਕਰੀਨ ਉੱਪਰ ਮਸ਼ਹੂਰੀ ਦੇ ਰੂਪ ਵਿੱਚ ਸਾਹਮਣੇ ਆ ਜਾਂਦਾ ਹੈ ਜਿਸ ਦਾ ਪੜ੍ਹੇ ਜਾ ਰਹੇ ਵਿਸ਼ੇ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ। ਇਹ ਸਮਾਂ ਬਰਬਾਦ ਕਰਨ ਦੇ ਨਾਲ-ਨਾਲ ਕਿਸੇ ਠੱਗੀ, ਧਿਆਨ ਭਟਕਾਉਣ ਜਾਂ ਕੋਈ ਗੈਰ-ਕਾਨੂੰਨੀ ਗਤੀਵਿਧੀ ਕਰਨ ਲਈ ਉਕਸਾਉਣ ਦਾ ਸਬੱਬ ਵੀ ਬਣ ਸਕਦਾ ਹੈ। ਅਧਿਆਪਕ ਸਾਹਿਬਾਨ ਨੂੰ ਜੇ ਲੋੜ ਮਹਿਸੂਸ ਹੋਵੇ ਤਾਂ ਆਪਣੇ ਅਧਿਆਪਨ ਕਾਰਜ ਦੌਰਾਨ ਆਪਣੀ ਨਿਗਰਾਨੀ ਵਿੱਚ ਆਧੁਨਿਕ ਇਲੈਕਟ੍ਰੋਨਿਕਸ ਸਾਧਨਾਂ ਦੀ ਵਰਤੋਂ ਲੋੜ ਅਨੁਸਾਰ ਕਰ ਲੈਣੀ ਚਾਹੀਦੀ ਹੈ।
ਸਾਲ ਭਰ ਕੋਈ ਨਾ ਕੋਈ ਪੁਰਬ, ਤਿਉਹਾਰ, ਮੇਲੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਦੇ ਇਲਾਵਾ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਕਈ ਦਿਨ ਜਿਵੇਂ ਮਾਂ-ਦਿਵਸ, ਪਿਤਾ ਦਿਵਸ, ਓਜ਼ੋਨ ਡੇਅ, ਧਰਤੀ ਦਿਵਸ, ਬਾਲ ਦਿਵਸ, ਮਜ਼ਦੂਰ ਦਿਵਸ ਆਦਿ। ਇਸੇ ਲੜੀ ਵਿਚ ਅਧਿਆਪਕ ਦਿਵਸ ਵੀ ਸ਼ਾਮਲ ਹੈ। ਸਤੰਬਰ ਨੂੰ ਰਾਸ਼ਟਰੀ ਅਤੇ ਦਸੰਬਰ ਨੂੰ ਅੰਤਰ ਰਾਸ਼ਟਰੀ ਪੱਧਰ ‘ਤੇ ਅਧਿਆਪਕ ਦਿਵਸ ਮਨਾਏ ਜਾਂਦੇ ਹਨ। ਸਤੰਬਰ ਨੂੰ ਆਮ ਤੋਰ ‘ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਹਿਤ ਸਮਾਗਮ ਹੁੰਦੇ ਹਨ ਅਤੇ ਸਕੂਲਾਂ ਵਿੱਚ ਵੱਡੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਇਸ ਦਿਨ ਛੋਟੀਆਂ ਸ਼੍ਰੇਣੀਆਂ ਲਈ ਅਧਿਆਪਕ ਦੀ ਭੂਮਿਕਾ ਬੜੀ ਰੁਚੀ ਨਾਲ ਨਿਭਾਉਂਦੇ ਹਨ। ਇਹ ਸਿਰਫ਼ ਇੱਕ ਰਸਮ ਮਾਤਰ ਹੀ ਨਹੀਂ ਹੁੰਦੀ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸੱਚਮੁੱਚ ਅਧਿਆਪਕ ਬਣਨ ਦਾ ਜਜ਼ਬਾ ਭਰਨਾ ਵੀ ਹੁੰਦਾ ਹੈ। ਇੱਥੇ ਇੱਕ ਅਪੀਲ ਉਸ ਅਧਿਆਪਕ ਵਰਗ ਨੂੰ ਵੀ ਹੈ ਜੋ ਕਈ ਵਾਰ ਵਿਦਿਆਰਥੀਆਂ ਨੂੰ ਘਰ ਦਾ ਕੰਮ ਦਿੰਦੇ ਹੋਏ ਉਪਰੋਕਤ ਇਲੈਕਟ੍ਰੋਨਿਕਸ ਸਾਧਨਾਂ ਦੀ ਵਰਤੋਂ ਕਰਨ ਲਈ ਕਹਿ ਦਿੰਦੇ ਹਨ ਜਾਂ ਆਨ-ਲਾਈਨ ਕੰਮ ਭੇਜ ਕੇ ਆਪਣਾ ਫਰਜ਼ ਪੂਰਾ ਹੋਇਆ ਸਮਝ ਲੈਂਦੇ ਹਨ। ਸੁਚਾਰੂ ਢੰਗ ਨਾਲ ਅਧਿਐਨ-ਅਧਿਆਪਨ ਵਿਦਿਆਰਥੀਆਂ ਨੂੰ ਸਮਾਜ ਵਿੱਚ ਸਨਮਾਨ ਯੋਗ ਮੁਕਾਮ ਪ੍ਰਾਪਤ ਕਰ ਕੇ ਆਪਣੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾ ਸਕਦਾ ਹੈ‌। ਇਸ ਲਈ ਆਓ! ਜਦ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਨ ਖੁੱਲ੍ਹੇ ਹਨ ਤਾਂ ਕਿਤਾਬਾਂ ਵੀ ਖੋਲ੍ਹੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰਿਆਣਾ ਹੀ ਨਹੀਂ, ਪੰਜਾਬ ਵਿੱਚ ਵੀ ਐਸਸੀ ਵਰਗ ਨੂੰ ਦਬਾਉਣ ਦਾ ਕੀਤਾ ਜਾ ਰਿਹੈ ਕੰਮ
Next articleਅੱਜਕਲ ਉਹ ਨਹੀਂ ਹੈ ਸੰਤ ਲੋਕੋ