ਕੈਨੇਡਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੈਨੇਡਾ ਦੇ ਪ੍ਰਸਿੱਧ ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਦੀ ਮਿਆਦ ਦੇ ਤਿੰਨ ਸਾਲ ਪੂਰੇ ਹੋਣ ਤੇ ਦੁਬਾਰਾ ਚੋਣ ਪ੍ਰਕਿਰਿਆ ਚਲਾਈ ਗਈ ਜਿਸ ਵਿੱਚ ਮੈਂਬਰਾਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਵੋਟਾਂ ਨਾ ਕਰਵਾ ਕੇ ਸਰਬਸੰਮਤੀ ਨਾਲ ਕਮੇਟੀ ਦੇ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਜਿਸ ਨਾਲ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਇਹ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇਲੈਕਸ਼ਨ ਕਮਿਸ਼ਨ ਦੇ ਰੂਪ ਵਿੱਚ ਲਖਵਿੰਦਰ ਸਿੰਘ ਸੰਧੂ, ਬਲਜੀਤ ਸਿੰਘ ਮੋਰ ਅਤੇ ਰੂਪੀ ਕੌਰ ਗਿੱਧਾ ਦੀ ਜ਼ਿਮੇਵਾਰੀ ਲਗਾਈ ਗਈ ਜਿਨ੍ਹਾਂ ਨੇ ਅੱਜ ਸੰਗਤਾਂ ਦੇ ਭਰਵੇਂ ਇਕੱਠ ਵਿਚ ਸਰਬਸੰਮਤੀ ਨਾਲ ਚੁਣੇ ਹੋਏ ਡਾਇਰੈਕਟਰਾਂ ਦੇ ਨਾਂਮ ਅਨਾਊਂਸ ਕੀਤੇ ਜਿਨ੍ਹਾਂ ਨੂੰ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਵੀਕਾਰ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹਾਲ ਨੰਬਰ ਤਿੰਨ ਚਾਰ ਵਿੱਚ ਰੱਖੇ ਗਏ ਸ਼ੁਕਰਾਨਾ ਸਮਾਗਮ ਵਿੱਚ ਬੋਲਦਿਆਂ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਇੰਨਾ ਵੱਡਾ ਵਿਸ਼ਵਾਸ ਇਸ ਪ੍ਰਬੰਧਕ ਕਮੇਟੀ ਦੀ ਪੁਨਰ ਚੋਣ ਦੇ ਫਤਵੇ ਦੇ ਰੂਪ ਵਿੱਚ ਉਨ੍ਹਾਂ ਦੀ ਝੋਲੀ ਵਿਚ ਪਿਆ ਹੈ। ਉਨ੍ਹਾਂ ਸੰਗਤਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿਹਾ ਕਿ ਆਪ ਜੀ ਦੇ ਸਹਿਯੋਗ ਸਦਕਾ ਅੱਜ ਪੱਚੀ ਸਾਲ ਬਾਅਦ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨਾਲ ਹੀ ਗੁਰਦੁਆਰਾ ਸਾਹਿਬ ਦੇ ਫਾਉਂਡਰ ਮੈਂਬਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੀ ਬਦੌਲਤ ਇੰਨਾ ਵੱਡਾ ਧਾਰਮਿਕ ਅਸਥਾਨ ਹੋਂਦ ਵਿੱਚ ਆਇਆ। ਇਸ ਮੌਕੇ ਉਨ੍ਹਾਂ ਆਪਣੇ ਬਾਕੀ ਡਾਇਰੈਕਟਰ ਸਾਥੀਆਂ ਨਾਲ ਪ੍ਰਣ ਕੀਤਾ ਕਿ ਸੰਗਤਾਂ ਵਲੋਂ ਅਗਲੇ ਤਿੰਨ ਸਾਲਾਂ ਲਈ ਮਿਲ਼ੀ ਹੋਈ ਜੁੰਮੇਵਾਰੀ ਨੂੰ ਤਨ ਮਨ ਨਾਲ ਨਿਭਾਉਂਦਿਆਂ ਸੰਗਤਾਂ ਦੇ ਵਿਸ਼ਵਾਸ ਉਤੇ ਖ਼ਰਾ ਉੱਤਰ ਸਕਣ ਲਈ ਉਹ ਹਮੇਸ਼ਾ ਪਾਬੰਦ ਰਹਿਣਗੇ। ਉਨ੍ਹਾਂ ਵਲੋਂ ਹਾਜ਼ਰ ਸੰਗਤਾਂ, ਮੀਡੀਆ, ਸਮੂਹ ਮੈਂਬਰ ਸਾਹਿਬਾਨ, ਪੁਰਾਣੇ ਕਮੇਟੀ ਮੈਂਬਰ ਸਾਹਿਬਾਨ, ਸਟਾਫ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਵਨਿਯੁਕਤ ਡਾਇਰੈਕਟਰ ਭੁਪਿੰਦਰ ਸਿੰਘ ਬਾਠ, ਸਰਬਜੀਤ ਸਿੰਘ, ਬਲਜੀਤ ਸਿੰਘ ਪੰਡੋਰੀ, ਸਰਦਾਰਾ ਸਿੰਘ, ਪਰਮਜੀਤ ਸਿੰਘ ਗਿੱਲ, ਜਸਵਿੰਦਰ ਸਿੰਘ, ਗੁਰਿੰਦਰਜੀਤ ਸਿੰਘ ਭੁੱਲਰ, ਨਵਜੀਤ ਸਿੰਘ, ਦਵਿੰਦਰ ਸਿੰਘ ਧਾਲੀਵਾਲ ਅਤੇ ਗੁਰਦੇਵ ਸਿੰਘ ਨਾਹਲ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj