ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਵਿਗਿਆਨ ਸੰਸਥਾ (ਆਈਆਈਐੱਸਸੀ) ਨੇ ‘ਟਾਈਮਜ਼ ਹਾਇਰ ਐਜੂਕੇਸ਼ਨ (ਟੀਐੱਚਈ) ਵਿਸ਼ਵ ਯੂਨੀਵਰਸਿਟੀ ਰੈਂਕਿੰਗ 2023’ ਵਿੱਚ ਆਪਣੇ ਰੈਂਕ ਦਾ ਸੁਧਾਰ ਕੀਤਾ ਹੈ ਅਤੇ ਉਹ ਸਿਖਰਲੀਆਂ 300 ਸੰਸਥਾਵਾਂ ਦੀ ਸੂਚੀ ਵਿੱਚ ਥਾਂ ਬਣਾਉਣ ਵਾਲੀ ਇੱਕੋ-ਇੱਕ ਭਾਰਤੀ ਯੂਨੀਵਰਸਿਟੀ ਰਹੀ। ਹਾਲਾਂਕਿ ਕਈ ਭਾਰਤੀ ਤਕਨੀਕੀ ਸੰਸਥਾਵਾਂ (ਆਈਆਈਟੀ) ਨੇ ਟੀਐੱਚਈ ਰੈਂਕਿੰਗ ਦੇ ਪੈਮਾਨਿਆਂ ਤੇ ਪਾਰਦਰਸ਼ਤਾ ’ਤੇ ਸਵਾਲ ਚੁਕਦਿਆਂ ਲਗਾਤਾਰ ਤੀਜੇ ਸਾਲ ਇਸ ਦਾ ਬਾਈਕਾਟ ਕੀਤਾ ਹੈ। ਭਾਰਤ ਦੀਆਂ 75 ਸੰਸਥਾਵਾਂ 2023 ਦੀ ਰੈਂਕਿੰਗ ਦਾ ਹਿੱਸਾ ਸਨ ਜਦਕਿ ਇਸ ਤੋਂ ਪਹਿਲਾਂ 2020 ’ਚ 56 ਤੇ 2017 ’ਚ 31 ਭਾਰਤੀ ਸੰਸਥਾਵਾਂ ਇਸ ’ਚ ਸ਼ਾਮਲ ਕੀਤੀਆਂ ਗਈਆਂ ਸਨ।
ਭਾਰਤ ਦੇ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਅਤੇ ਕਿਊਐੱਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ 2023 ’ਚ ਜਿਹੜੀਆਂ ਯੂਨੀਵਰਸਿਟੀਆਂ ਹੇਠਲੇ ਸਥਾਨ ’ਤੇ ਸੀ, ਉਨ੍ਹਾਂ ਟੀਐੱਚਈ ਦੀ ਰੈਂਕਿੰਗ ’ਚ ਜੇਐੱਨਯੂ, ਜਾਮੀਆ ਮਿਲੀਆ ਇਸਲਾਮੀਆ, ਬੀਐੱਚਯੂ ਤੇ ਏਐੱਮਯੂ ਵਰਗੀਆਂ ਉੱਚ ਸਿੱਖਿਆ ਸੰਸਥਾਵਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਜਿਸ ਕਾਰਨ ਇਸ ਦੇ ਪੈਮਾਨਿਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਛੇ ਨਵੀਆਂ ਭਾਰਤੀ ਯੂਨੀਵਰਸਿਟੀਆਂ ਨੇ ਇਸ ਸਾਲ ਰੈਂਕਿੰਗ ’ਚ ਆਪਣਾ ਖਾਤਾ ਖੋਲ੍ਹਿਆ ਅਤੇ ਉਨ੍ਹਾਂ 351 ਤੋਂ 400 ਦੀ ਰੈਂਕਿੰਗ ਦਰਮਿਆਨ ਸਥਾਨ ਹਾਸਲ ਕੀਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly