ਆਨਲਾਈਨ ਬਦਲੀਆਂ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਅਧਿਆਪਕ ਹੋਏ ਪ੍ਰੇਸ਼ਾਨ, ਕਈ ਅਧਿਆਪਕਾਂ ਦੀਆਂ ਖਾਲੀ ਸਟੇਸ਼ਨਾਂ ਤੇ ਵੀ ਨਹੀਂ ਹੋਈਆਂ ਬਦਲੀਆਂ

*ਡਾਟਾ ਮਿਸਮੈਚ ਕਾਰਨ ਅਧਿਆਪਕ ਬਦਲੀਆਂ ਦੇ ਦੋ ਮੌਕਿਆਂ ਤੋਂ ਰਹੇ ਵਾਂਝੇ*ਆਨਲਾਈਨ  ਬਦਲੀਆਂ ਦੇ ਡਾਟਾਮਿਸਮੈਚ ਕਾਰਨ ਅਧਿਆਪਕ ਨਾ ਜ਼ਿਲ੍ਹੇ ਅੰਦਰ ਨਾ ਜ਼ਿਲ੍ਹੇ ਦੇ ਬਾਹਰ ਕਰਵਾ ਸਕੇ ਬਦਲੀ*ਡਾਟਾ ਮਿਸਮੈਚ ਠੀਕ ਕਰਕੇ ਅਧਿਆਪਕਾਂ ਨੂੰ ਬਦਲੀ ਦਾ ਦਿੱਤਾ ਜਾਵੇ ਵਿਸ਼ੇਸ਼ ਮੌਕਾ ਤੇ 6635 ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਲੰਬੀ ੳਡੀਕ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਸੀ ਜਿਸ ਵਿਚ ਵੱਖ ਵੱਖ ਸਮੇਂ ਤੇ ਹੋਈਆਂ ਭਰਤੀਆਂ ਸਮੇਤ 3704 ਮਾਸਟਰ ਕੇਡਰ, 2392 ਮਾਸਟਰ ਕੇਡਰ,  873 ਡੀ.ਪੀ.ਈ, 53 ਡੀ.ਪੀ.ਈ, 3582 ਮਾਸਟਰ ਕੇਡਰ ਵੇਟਿੰਗ, 180 ਈ.ਟੀ.ਟੀ ਅਤੇ 4161 ਮਾਸਟਰ ਕੇਡਰ, ਸਪੈਸ਼ਲ ਕੈਟਾਗਿਰੀ ਅਧਿਆਪਕ ਵਰਗ ਵਿਚੋਂ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਪਹਿਲੇ ਗੇੜ (ਜ਼ਿਲੇ ਦੇ ਅੰਦਰ) ਲਈ ਸਟੇਸ਼ਨ ਚੋਣ ਦੀ ਆਪਸ਼ਨ ਖੋਲ੍ਹੀ ਗਈ ਪਰ ਇਸ ਆਪਸ਼ਨ ਦੇ ਖੁੱਲਦਿਆਂ ਹੀ ਬਦਲੀਆਂ ਦੀ ਆਸ ਵਿੱਚ ਬੈਠੇ ਵੱਖ ਵੱਖ ਕੈਟਾਗਿਰੀ ਦੇ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਅਤੇ ਬੇਚੈਨੀ ਦਾ ਆਲਮ ਪੈਦਾ ਹੋ ਗਿਆ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਤੇ ਸਕੱਤਰ ਸੁਖਵਿੰਦਰ ਸਿੰਘ ਮੱਕੜ  ਨੇ ਕਿਹਾ ਕਿ ਕੱਲ੍ਹ ਜਦੋਂ ਬਦਲੀਆਂ ਲਈ ਸਟੇਸ਼ਨ ਚੋਣ ਪੋਰਟਲ ਖੁੱਲਿਆ ਤਾਂ ਹਜ਼ਾਰਾਂ ਅਧਿਆਪਕਾਂ ਨੂੰ ਡਾਟਾ ਮਿਸਮੈਚ, ਸਰਵਿਸ ਹਿਸਟਰੀ ਮਿਸਮੈਚ, ਰਿਜ਼ਲਟ ਮਿਸਮੈਚ ਆਦਿ ਜਿਹੇ ਇਤਰਾਜ਼ ਲਾ ਕੇ ਬਦਲੀਆਂ ਤੋਂ ਅਯੋਗ ਠਹਿਰਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਵਿਸ਼ੇਸ਼ ਰਾਖਵਾਂਕਰਨ ਦੇ ਹੱਕਦਾਰ ਵਿਧਵਾ/ਵਿਧੁਰ, ਅੰਗਹੀਣ ਅਤੇ ਉਹ ਅਧਿਆਪਕਾਵਾਂ ਜਿੰਨਾਂ ਦੇ ਪਤੀ ਸੈਨਾ ਵਿੱਚ ਨੌਕਰੀ ਕਰ ਰਹੇ ਹਨ, ਇਹਨਾਂ ਸਭ ਲਈ ਸਿੱਖਿਆ ਵਿਭਾਗ ਦੀ ਟਰਾਂਸਫ਼ਰ ਪਾਲਿਸੀ ਲਈ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਜਾਂ ਇਕੋ ਸਕੂਲ ਵਿੱਚ ਤਿੰਨ ਸਾਲ ਦੀ ਨੌਕਰੀ ਕਰਨ ਦੀ ਕੋਈ ਸ਼ਰਤ ਨਾ ਹੋਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਵੀ ਕੋਈ ਨਾ ਕੋਈ ਇਤਰਾਜ਼ ਲਾ ਕੇ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤੇ ਗਏ ਅਧਿਆਪਕਾਂ ਦਾ ਡਾਟਾ ਵੱਡੇ ਪੱਧਰ ਤੇ ਮਿਸਮੈਚ ਹੈ ਅਤੇ ਬਹੁਤ ਸਾਰੇ ਅਧਿਆਪਕਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਵੀ ਅਯੋਗ ਠਹਿਰਾਇਆ ਗਿਆ ਹੈ। ਸਿੱਖਿਆ ਵਿਭਾਗ ਨੇ ਇਸ ਵੱਡੇ ਪੱਧਰ ਤੇ ਡਾਟਾ ਮਿਸਮੈਚ ਦਰੁੱਸਤ ਕਰਨ ਕੋਈ ਵੀ ਵਿਭਾਗੀ ਪੱਤਰ ਜਾਰੀ ਨਹੀਂ ਕੀਤਾ ਜਿਸ ਕਾਰਨ ਅਧਿਆਪਕ ਦੋ ਦਿਨ ਖੱਜਲ ਖੁਆਰ ਹੁੰਦੇ ਰਹੇ ਜਦ ਕਿ ਵਿਭਾਗ ਵਲੋਂ 29 ਅਗਸਤ ਨੂੰ ਆਨਲਾਈਨ ਬਦਲੀਆਂ ਕਰ ਦਿੱਤੀਆਂ। ਵਿਭਾਗ ਵਲੋਂ ਡਾਟਾ ਮਿਸਮੈਚ ਦੀ ਗਲਤੀ ਸੁਧਾਰਨ ਦੀ ਥਾਂ  29 ਅਗਸਤ ਨੂੰ ਹੀ ਅੰਤਰ ਜ਼ਿਲ੍ਹਾ ਬਦਲੀਆਂ ਕਰਨ ਲਈ ਸਟੇਸ਼ਨ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ।ਜਿਸ ਕਾਰਨ ਸੈਂਕੜੇ ਕਿਲੋਮੀਟਰ ਕੰਮ ਕਰ ਰਹੇ ਅਧਿਆਪਕ ਡਾਟਾ ਮਿਸਮੈਚ ਕਰਨ ਬਦਲੀਆਂ ਦੇ ਦੂਸਰੇ ਮੌਕੇ ਤੋਂ ਵੀ ਵਾਂਝੇ ਰਹਿ ਗਏ। ਕਈ ਅਧਿਆਪਕਾਂ ਦੇ ਕੇਸ ਵਿੱਚ ਕਾਫ਼ੀ ਹੈਰਾਨੀ ਜਨਕ ਤੱਥ ਵੀ ਸਾਹਮਣੇ ਆਏ ਹਨ ਕਿ ਇਕੋ ਜਿਹੀ ਕੈਟਾਗਿਰੀ, ਸਰਵਿਸ ਵਿੱਚ ਆਉਣ ਦੀ ਇਕੋ ਹੀ ਮਿਤੀ ਅਤੇ ਬਦਲੀ ਅਪਲਾਈ ਕਰਨ ਸਮੇਂ ਇਕੋ ਜਿਹਾ ਡਾਟਾ ਭਰਨ ਦੇ ਬਾਵਜੂਦ ਵਿਭਾਗ ਵੱਲੋਂ ਕਿਸੇ ਅਧਿਆਪਕ ਨੂੰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਕਿਸੇ ਅਧਿਆਪਕ ਨੂੰ ਬਿਨਾਂ ਕੋਈ ਠੋਸ ਕਾਰਨ ਦੱਸਿਆਂ ਨਾਂਹ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਦਲੀਆਂ ਲਈ ਚਾਹਵਾਨ ਕਰਮਚਾਰੀਆਂ ਵੱਲੋਂ ਬਦਲੀ ਅਪਲਾਈ ਕਰਨ ਤੋਂ ਬਾਅਦ ਸਾਰਾ ਡਾਟਾ ਚੈੱਕ ਕਰਕੇ ਡੀ.ਡੀ.ਉਜ਼ (ਪ੍ਰਿੰਸੀਪਲ) ਨੇ ਅਪਰੂਵ ਕਰਕੇ ਵਿਭਾਗ ਨੂੰ ਭੇਜਣਾ ਹੁੰਦਾ ਹੈ ਪਰ ਡੀ. ਡੀ. ਉਜ਼ ਦੀ ਅਣਗਹਿਲੀ ਅਤੇ ਵਿਭਾਗੀ ਖਾਮੀਆਂ ਦਾ ਖ਼ਮਿਆਜ਼ਾ ਘਰਾਂ ਤੋਂ ਕਈ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿੱਖਿਆ ਵਿਭਾਗ ਦੀ ਇਸ ਲਾਪ੍ਰਵਾਹੀ ਨੇ ਇੱਕ ਵਾਰ ਫਿਰ ਤੋਂ ਹਜ਼ਾਰਾਂ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਦੇ ਨਿਰਾਸ਼ ਕਰਕੇ ਰੱਖ ਦਿੱਤਾ ਹੈ। ਸਮੁੱਚਾ ਅਧਿਆਪਕ ਵਰਗ ਆਪਣੇ ਆਪ ਨੂੰ ਲਾਚਾਰ ਅਤੇ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਸਾਈਟ ‘ਈ.ਪੰਜਾਬ’ ਵੀ ਨਾ-ਮਾਤਰ ਹੀ ਚੱਲ ਰਹੀ ਹੈ। ਸਮੂਹ ਪੀੜਤ ਅਧਿਆਪਕ ਵਰਗ ਦੀ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਤੇ ਡੀ. ਪੀ. ਆਈ (ਸਕੈਂਡਰੀ) ਤੋਂ ਪੁਰਜ਼ੋਰ ਮੰਗ ਹੈ ਕਿ ਸਟੇਸ਼ਨ ਚੋਣ  ਬਦਲੀਆਂ ਦੇ ਚਾਹਵਾਨ ਅਧਿਆਪਕਾਂ ਦੇ ਡਾਟੇ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਕੇ ਸਾਰੇ ਯੋਗ ਅਧਿਆਪਕਾਂ ਨੂੰ ਬਦਲੀਆਂ ਲਈ  ਤੁਰੰਤ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਤਾਂ ਜੋ  ਜਿਲ੍ਹੇ ਵਿੱਚ ਬਦਲੀਆਂ ਅਤੇ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਸਰੇ ਜ਼ਿਲਿਆਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਮਿਲ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਜੱਥੇਦਾਰ ਨਿਮਾਣਾ ਤੇ ਮਖੂ ਦੀ ਅਗਵਾਈ ਹੇਠ ਹੋਏ ਵੱਡੇ ਫੈਸਲੇ ਦੋ ਸਤੰਬਰ ਨੂੰ ਕੰਗਣਾ ਰਣੌਤ ਤੇ ਉਸਦੀ ਫ਼ਿਲਮ ਦਾ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਸਖ਼ਤ ਵਿਰੋਧ ਕੀਤਾ ਜਾਵੇਗਾ
Next article2 ਸਤੰਬਰ ਨੂੰ ਪੰਜਾਬ ਦੇ ਕਿਸਾਨ, ਕਿਸਾਨ ਮਹਾਂ ਪੰਚਾਇਤ ਵਿਚ ਵਹੀਰਾਂ ਘੱਤ ਕੇ ਚੰਡੀਗੜ੍ਹ ਪੁੱਜਣ -ਫੁਰਮਾਨ ਸਿੰਘ ਸੰਧੂ