“ਇੱਕ ਦੇਸ਼, ਇੱਕ ਸਿੱਖਿਆ ਪ੍ਰਣਾਲੀ ਸਮੇਂ ਦੀ ਲੋੜ “

(ਸਮਾਜ ਵੀਕਲੀ)    ਹਰ ਸਾਲ 24 ਜਨਵਰੀ ਨੂੰ ਵਿਸ਼ਵ ਭਰ ਵਿੱਚ ਸਿੱਖਿਆ ਦੀ ਮਹੱਤਤਾ ਨੂੰ ਸਮਝਾਉਣ ਲਈ ਅੰਤਰਰਾਸ਼ਟਰੀ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਿਆ ਸ਼ਕਤੀਸ਼ਾਲੀ ਚੀਜ਼ ਹੈ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਿੱਖਿਆ ਬਾਰੇ ਕਹਿਆ ਸੀ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜੋ ਵੀ ਇਸਨੂੰ ਪੀਵੇਗਾ ਉਹ ਦਹਾੜੇਗਾ ਵੀ। ਕਹਿਆ ਜਾਂਦਾ ਹੈ ਕਿ ਸਿੱਖਿਆ ਗਰੀਬੀ ਦੀ ਦਲਦਲ ਵਿਚੋਂ ਨਿਕਲਣ ਲਈ ਇੱਕ ਪੌੜੀ ਵਾਂਗ ਹੈ ਪਰ ਸੱਚ ਤਾਂ ਇਹ ਹੈ ਕਿ ਸਾਡੇ ਦੇਸ਼ ਦੀ ਸਿੱਖਿਆ ਦਾ ਵਪਾਰੀਕਰਨ ਅਤੇ ਦੇਸ਼ ਦਾ ਮਾੜਾ ਸਿਸਟਮ ਹੋਣ ਕਰਕੇ ਇਹ ਪੌੜੀ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਗਰੀਬ ਅਤੇ ਆਮ ਆਦਮੀ ਲਈ ਇਸ ਤੇ ਚੜ ਕੇ ਮੰਜ਼ਿਲ ਤੇ ਪਹੁੰਚਣਾ ਆਸਾਨ ਨਹੀਂ ਰਿਹਾ। ਅੱਜ ਸਾਡੇ ਦੇਸ਼ ਜਾਂ ਸੂਬੇ ਦੀ ਤ੍ਰਾਸਦੀ ਹੀ ਕਹਿ ਸਕਦੇ ਹਾਂ ਕਿ ਅਜ਼ਾਦੀ ਤੋਂ ਬਾਅਦ ਸਰਕਾਰਾਂ ਸਿੱਖਿਆ ਨੂੰ ਗਰੀਬ ਵਰਗ ਦਾ ਹਾਣੀ ਬਣਾਉਣ ਵਿੱਚ ਅਸਫਲ ਰਹੀਆਂ ਹਨ। ਅੱਜ ਦੇਸ਼ ਦੀ ਸਿੱਖਿਆ ਤਿੰਨ ਭਾਗਾਂ ਵਿੱਚ ਵੰਡ ਚੁੱਕੀ ਹੈ ਗਰੀਬ ,ਮੱਧ ਵਰਗ ਅਤੇ ਅਮੀਰ ਲੋਕਾਂ ਲਈ, ਗਰੀਬ ਲੋਕਾਂ ਲਈ ਪੜਾਈ ਰੁਜ਼ਗਾਰ ਯੋਗ ਨਹੀਂ ਰਹੀ ਮੱਧ ਵਰਗੀ ਲੋਕਾਂ ਲਈ ਵੀ ਉਚੇਰੀ ਅਤੇ ਮਿਆਰੀ ਸਿੱਖਿਆ ਇੱਕ ਸੁਪਨਾ ਬਣਦੀ ਜਾ ਰਹੀ ਹੈ ਅਤੇ ਅਮੀਰ ਵਰਗ ਇਸ ਨੂੰ ਆਪਣੀ ਮਰਜ਼ੀ ਨਾਲ ਖਰੀਦ ਸਕਦਾ ਹੈ। ਅੱਜ ਅਗਰ ਅਸੀਂ ਪੰਜਾਬ ਦੇ ਪਿੰਡਾਂ ਦੀ ਸਿੱਖਿਆ ਦੇ ਮਿਆਰ ਦੀ ਗੱਲ ਕਰੀਏ ਤਾਂ ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਹੁਣ ਪਿੰਡਾਂ ਦੇ ਸਰਕਾਰੀ ਸਕੂਲਾਂ ਚੋਂ ਪੜ ਕੇ ਬਣੇ ਡਾਕਟਰ, ਇੰਜੀਨੀਅਰ, IAS, IPS ਕਿਤੇ ਨਜ਼ਰ ਨਹੀਂ ਆਉਂਦੇ ਜਿਸ ਦੀ ਉਦਾਹਰਨ ਇਹ ਹੈ ਕਿ ਪਿੰਡਾਂ ਦੀਆਂ ਜ਼ਮੀਨਾਂ ਤੇ ਬਣੇ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾ ਵਿੱਚ ਪੜ੍ਹਨ ਵਾਲੇ ਇਨ੍ਹਾਂ ਹੀ ਪਿੰਡਾਂ ਦੇ ਗਰੀਬ ਅਤੇ ਆਮ ਵਿਦਿਆਰਥੀਆਂ ਦੀ ਗਿਣਤੀ ਨਾ ਮਾਤਰ ਹੈ ਪਰ ਇਥੇ ਦਿਹਾਤੀ ਗਰੀਬ ਨੌਜਵਾਨ ਪੰਜ ਛੇ ਹਜ਼ਾਰ ਰੁਪਏ ਵਿੱਚ ਗੁਜ਼ਾਰੇ ਵਾਸਤੇ ਕੰਮ ਕਰਦੇ ਜ਼ਰੂਰ ਮਿਲ ਜਾਣਗੇ। ਇਸ ਦਾ ਵੱਡਾ ਕਾਰਨ ਮਹਿੰਗੀ ਸਿਖਿਆ ਅਤੇ ਮਿਆਰੀ ਸਿੱਖਿਆ ਦਾ ਨਾਂ ਮਿਲਣਾ ਹੈ ਜਿਵੇਂ-ਜਿਵੇਂ ਸਰਕਾਰੀ ਸਕੂਲਾਂ ਦਾ ਮਿਆਰ ਡਿਗਦਾ ਜਾ ਰਿਹਾ ਹੈ, ਜ਼ਿਆਦਾ ਤੋਂ ਜ਼ਿਆਦਾ ਮਾਪੇ ਜਿਨ੍ਹਾਂ ਦੀ ਥੋੜ੍ਹੀ ਬਹੁਤੀ ਆਰਥਿਕ ਸਥਿਤੀ ਠੀਕ ਹੈ ਆਪਣੇ ਬੱਚਿਆ ਨੂੰ ਨਿੱਜੀ ਸਕੂਲਾਂ ਵਿੱਚ ਦਾਖਲਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਦੇ ਲਈ ਆਪਣੀ ਆਮਦਨ ਦਾ ਇੱਕ ਬਹੁਤ ਬੜਾ ਹਿੱਸਾ ਸਕੂਲ ਦੀ ਫੀਸ ‘ਤੇ ਖ਼ਰਚ ਕਰਨਾ ਆਸਾਨ ਨਹੀਂ ਹੈ। ਅੱਜ ਉਹੀ ਬੱਚੇ ਸਰਕਾਰੀ ਸਕੂਲਾਂ ਵਿੱਚ ਰਹਿ ਗਏ ਹਨ, ਜੋ ਭਾਰੀ ਫੀਸਾਂ ਦਾ ਖ਼ਰਚ ਕਰਕੇ ਕੌਨਵੈਂਟ ਸਕੂਲਾਂ ਵਿੱਚ ਦਾਖਲਾ ਲੈਣ ਦੇ ਅਸਮਰਥ ਹਨ ਜਾਂ ਸਿਧਾ ਕਹਿ ਲਈਏ ਕਿ ਸਿਰਫ ਗਰੀਬ ਘਰਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਮਜਬੂਰ ਹਨ। 2011 ਤੋਂ 2016 ਦੇ ਦਰਮਿਆਨ ਦੇਸ਼ ਭਰ ਦੇ 20 ਰਾਜਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ 1 ਕਰੋੜ 30 ਲੱਖ  ਦੀ ਕਮੀ ਹੋ ਗਈ ਸੀ ਅਤੇ ਇਹ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ, ਜਦ ਕਿ ਨਿੱਜੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਇੱਕ ਬਹੁਤ ਹੀ ਸੋਚਣ ਅਤੇ ਵਿਚਾਰਣ ਵਾਲਾਂ ਵਿਸ਼ਾ ਹੈ। ਸਾਡੀਆਂ ਸਰਕਾਰਾਂ ਨੇ ਕਦੇ ਵੀ ਇਸ ਸਬੰਧੀ ਗੌਰ ਨਹੀਂ ਕੀਤਾ ਇਸ ਤ੍ਰਾਸਦੀ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਸਿਖਿਆ ਸਾਡੇ ਦੇਸ਼ ਵਿੱਚ ਇੱਕ ਧੰਦਾ ਬਣ ਚੁੱਕੀ ਹੈ ਅਤੇ ਸਿੱਖਿਆ ਦਾ ਖੇਤਰ ਸਰਮਾਏਦਾਰਾਂ ਲਈ ਮੁਨਾਫਾ ਖੱਟਣ ਦਾ ਇੱਕ ਲਾਭਦਾਇਕ ਸਾਧਨ ਬਣ ਚੁੱਕਾ ਹੈ ਜਿਸ ਕਰਕੇ ਇਸਦਾ ਫਾਇਦਾ ਸਿਰਫ ਅਮੀਰ ਅਤੇ ਪੈਸੇ ਵਾਲੇ ਲੋਕ ਹੀ ਲੈ ਜਾਂਦੇ ਹਨ ਕਿਉਂਕਿ ਕਿ ਇਨੀਂ ਮਹਿੰਗੀ ਸਿਖਿਆ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਰਹੀ। ਸਰਕਾਰਾਂ ਦਿਹਾਤੀ ਸਰਕਾਰੀ ਸਕੂਲਾਂ ਵਿੱਚ ਕਾਨਵੇਂਟ ਸਕੂਲਾਂ ਵਰਗੀ ਮਿਆਰੀ ਸਿੱਖਿਆ ਦੇਣ ਵਿੱਚ ਵੀ ਅਸਫ਼ਲ ਰਹੀਆਂ ਹਨ ਜਿਸ ਕਰਕੇ ਇਹ ਵਿਦਿਆਰਥੀ ਹਰ ਖੇਤਰ ਵਿਚ ਪਛੜ ਜਾਂਦੇ ਹਨ। ਸਰਮਾਏਦਾਰ ਸਮਾਜ ਵਿੱਚ ਗਿਆਨ ਵੀ ਇੱਕ ਨਿੱਜੀ ਸੰਪੱਤੀ ਬਣ ਜਾਂਦਾ ਹੈ ਤੇ ਸਿਖਿਆ ਇੱਕ ਜਿਣਸ, ਮੰਡੀ ‘ਚ ਵਿਕਣ ਵਾਲੀ ਚੀਜ ਬਣ ਜਾਂਦੀ ਹੈ। 2007 ਤੋਂ ਮਗਰੋਂ ਸਿੱਖਿਆ ਦੇ ਨਿੱਜੀਕਰਨ ਨੂੰ ਹੋਰ ਵੀ ਜ਼ਿਆਦਾ ਤੇਜ ਕਰ ਦਿੱਤਾ ਗਿਆ ਹੈ। ਵਿੱਦਿਅਕ ਸੰਸਥਾਵਾਂ ਨੂੰ ਨਿੱਜੀ ਹੱਥਾਂ ਚ ਸੌਂਪਣ ਨਾਲ ਵਿਦਿਆਰਥੀਆਂ ਲਈ ਸਿੱਖਿਆ ਦਾ ਦਿਨੋਂ ਦਿਨ ਮਹਿੰਗੀ ਹੁੰਦੇ ਜਾਣਾ ਵੀ ਸੁਭਾਵਿਕ ਬਣਦਾ ਜਾ ਰਿਹਾ ਹੈ। ਅੱਜ ਦੀ ਹਾਲਤ ਇਹ ਹੈ ਕਿ ਜਿੱਥੇ ਇੱਕ ਪਾਸੇ ਸਿੱਖਿਆ ਦੇ ਨਿੱਜੀਕਰਨ ਦਾ ਕੁਹਾੜਾ ਲਗਾਤਾਰ ਆਮ ਲੋਕਾਂ ‘ਤੇ ਵਾਹਿਆ ਜਾ ਰਿਹਾ ਹੈ, ਉਥੇ ਹੀ ਮਿਆਰੀ ਸਿੱਖਿਆ ਆਮ ਅਤੇ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਾਡਾ ਵਰਤਮਾਨ ਸਿੱਖਿਆ ਢਾਂਚਾ ਵਿਦਿਆਰਥੀ ਦੀ ਪ੍ਰਤਿਭਾ ਨੂੰ ਉਭਾਰਨ ਦੀ ਥਾਂ ਉਸ ਨੂੰ ਸਿਲੇਬਸ ਦੇ ਭਾਰ ਹੇਠ ਦਬਾ ਰਿਹਾ ਹੈ। ਪਿਛਲੇ ਦੋ ਦਹਾਕਿਆਂ ਵਿੱਚ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਸਰਕਾਰੀ ਨੀਤੀਆਂ ਦਾ ਲਾਹਾ ਲੈਂਦੇ ਹੋਏ ਵੱਡੇ ਕਾਰਪੋਰੇਟ ਤੇ ਸਨਅਤੀ ਘਰਾਣਿਆਂ ਨੇ ਨਿੱਜੀ ਯੂਨੀਵਰਸਿਟੀਆਂ, ਕਾਲਜ, ਕਿੱਤਾ ਸੰਸਥਾਵਾਂ ਅਤੇ ਕਾਨਵੈਂਟ ਸਕੂਲ ਖੋਲ੍ਹ ਕੇ ਸਿੱਖਿਆ ਦੇ ਖੇਤਰ ਵਿੱਚ ਵੀ ਪੈਰ ਪਸਾਰ ਲਏ ਹਨ। ਅੱਜ ਵੱਡੇ ਬਿਜ਼ਨਸ ਮੈਨ ਇੰਡਸਟਰੀ ਲਾਉਣ ਦੀ ਬਜਾਏ ਸਕੂਲ, ਕਾਲਜ ਖੋਲ੍ਹਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਹ ਘੱਟ ਲਾਗਤ ਅਤੇ ਵੱਧ ਲਾਭ ਵਾਲਾ ਧੰਦਾ ਬਣ ਚੁੱਕਾ ਹੈ ਸਿੱਟੇ ਵਜੋਂ ਅੱਜ ਦੇਸ਼ ਦਾ ਸਮੁੱਚਾ ਸਿੱਖਿਆ ਤੰਤਰ ਡਗਮਗਾ ਗਿਆ ਹੈ। ਸਿੱਖਿਆ ਦਾ ਸਿਲੇਬਸ, ਪੁਸਤਕਾਂ, ਡਿਗਰੀਆਂ, ਕੋਰਸ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਕੋਈ ਇੱਕਸਾਰਤਾ ਨਹੀਂ ਰਹੀ। ਨਿੱਜੀ ਯੂਨੀਵਰਸਿਟੀਆਂ ਆਪਣੀ ਮਨਮਰਜ਼ੀ ਅਤੇ ਆਪਣੇ ਢੰਗ ਨਾਲ ਮਹਿੰਗੀ ਸਿੱਖਿਆ ਵੇਚ ਰਹੀਆਂ ਹਨ। ਸਮਰੱਥ ਲੋਕ ਆਪਣੇ ਬੱਚਿਆਂ ਨੂੰ ਮਹਿੰਗੀ ਉੱਚ ਸਿੱਖਿਆ ਦਿਵਾ ਕੇ ਬਾਹਰਲੇ ਮੁਲਕਾਂ ਵਿੱਚ ਭੇਜੀ ਜਾ ਰਹੇ ਹਨ ਜਾਂ ਇੱਥੇ ਹੀ ਅਡਜਸਟ ਕਰਵਾਉਣ ਵਿੱਚ ਸਫ਼ਲ ਹੋ ਜਾਂਦੇ ਹਨ। ਅੱਜ ਭਾਰਤ ਦੇ ਸਿੱਖਿਆ ਸ਼ਾਸਤਰੀਆਂ ਅਤੇ ਸਰਕਾਰਾਂ ਨੂੰ ਦੇਸ਼ ਦੇ ਭਵਿੱਖ, ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਵਰਤਮਾਨ ਦਸ਼ਾ ਵੱਲ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ। ਪੜ੍ਹਾਈ ਦੇ ਸਿਲੇਬਸ, ਪੁਸਤਕਾਂ ਅਤੇ ਸਿੱਖਿਆ ਪ੍ਰਣਾਲੀ ਵਿੱਚ ਇੱਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੀ ਰੁਚੀ ਅਤੇ ਪ੍ਰਤਿਭਾ ਅਨੁਸਾਰ ਵੱਖ-ਵੱਖ ਵਿਸ਼ਿਆਂ ਅਤੇ ਵਿਸ਼ੇਸ਼ ਅਦਾਰਿਆਂ ਵਿੱਚ ਦਾਖ਼ਲੇ ਲਈ ਨੰਬਰਾਂ ਦੀ ਥਾਂ ਨਵੇਂ ਵਿਗਿਆਨਕ ਮਾਪਦੰਡ ਸਿਰਜਣ ਦੀ ਲੋੜ ਹੈ। ਸਿਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ਏਜੰਡੇ ਨੂੰ ਮੁੜ ਵਿਚਾਰਨਾ ਅਤੇ ਪੜਚੋਲਣਾ ਚਾਹੀਦਾ ਹੈ। ਸਭ ਲਈ ਰੁਜ਼ਗਾਰ-ਪੱਖੀ ਸਿੱਖਿਆ ਦੇ ਉਦੇਸ਼ ਨੂੰ ਮੁੱਖ ਰੱਖ ਕੇ ਸਮੁੱਚੀ ਸਿੱਖਿਆ ਨੀਤੀ ਨੂੰ ਮੁੜ ਵਿਉਂਤੇ ਜਾਣਾ ਸਮੇਂ ਦੀ ਲੋੜ ਹੈ। ਸਾਨੂੰ ਵਿਕਾਸਸ਼ੀਲ ਦੇਸ਼ਾਂ ਦੀ ਤਰਜ਼ ਤੇ ਸਿਖਿਆ ਨੂੰ ਕਿੱਤਾਮੁਖੀ ਅਤੇ ਵਿਗਿਆਨਕ ਢੰਗ ਨਾਲ ਬਣਾਉਣ ਦੀ ਲੋੜ ਹੈ ਇਹੋ ਜਿਹੇ ਸਿਲੇਬਸ ਦੀ ਜ਼ਰੂਰਤ ਹੈ ਜੋਂ ਵਿਦਿਆਰਥੀਆਂ ਨੂੰ ਚੰਗਾ ਜੀਵਨ ਅਤੇ ਚੰਗਾ ਰੁਜ਼ਗਾਰ ਦੇਣ ਦੇ ਕਾਬਿਲ ਹੋਵੇ। ਅਗਰ ਸਰਕਾਰਾਂ ਦੇਸ਼ ਅਤੇ ਸੂਬਿਆਂ ਵਿੱਚੋ ਸੱਚ ਮੁੱਚ ਗਰੀਬੀ ਘੱਟ ਕਰਨਾ ਚਾਹੁੰਦੀਆਂ ਹਨ ਤਾਂ ਸਿੱਖਿਆ ਨੂੰ ਉਨ੍ਹਾਂ ਦੇ ਹਾਣੀ ਬਣਾਉਣਾ ਬਹੁਤ ਜ਼ਰੂਰੀ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਨ ਦੇ ਮਿਆਰ ਨੂੰ ਸੁਧਾਰਨ ਲਈ ਅਧਿਆਪਕ ਸਿਖਲਾਈ, ਯੋਗ ਅਧਿਆਪਕਾਂ ਦੀ ਭਰਤੀ ਅਤੇ ਕਾਰਗੁਜ਼ਾਰੀ ਅਧਾਰਤ ਪ੍ਰੋਤਸਾਹਨ ਨੂੰ ਪਹਿਲ ਦਿੱਤੀ ਜਾਵੇ। ਸਕੂਲ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨ, ਸੁਧਾਰ ਲਈ ਖੇਤਰਾਂ ਦੀ ਪਛਾਣ ਕਰਨ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਲਈ ਸਕੂਲਾਂ ਨੂੰ ਜਵਾਬਦੇਹ ਰੱਖਣ ਲਈ ਮਜ਼ਬੂਤ ਪ੍ਰਣਾਲੀਆਂ ਨੂੰ ਲਾਗੂ ਕਰੇ। ਸਰਕਾਰੀ ਸਕੂਲਾਂ ਵਿੱਚ ਭਰੋਸਾ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਸਕੂਲ ਦੇ ਫੈਸਲੇ ਲੈਣ ਵਿੱਚ ਮਾਪਿਆਂ ਅਤੇ ਭਾਈਚਾਰੇ ਦੇ ਨੇਤਾਵਾਂ ਨੂੰ ਸ਼ਾਮਲ ਕਰੇ। ਮੌਜੂਦਾ ਲੋੜਾਂ ਦੇ ਨਾਲ ਸਾਰਥਕਤਾ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਪਾਠਕ੍ਰਮ ਦੀ ਨਿਯਮਤ ਤੌਰ ‘ਤੇ ਸਮੀਖਿਆ ਅਤੇ ਅਪਡੇਟ ਕੀਤੀ ਜਾਵੇ। ਸਿੱਖਣ ਦੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਭੌਤਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਜਾਵੇ। ਨਕਾਰਾਤਮਕ ਧਾਰਨਾਵਾਂ ਨੂੰ ਦੂਰ ਕਰਨ ਅਤੇ ਦਾਖਲਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਉਪਲਬਧ ਸਿੱਖਿਆ ਦੀ ਗੁਣਵੱਤਾ ਨੂੰ ਉਜਾਗਰ ਕਰਨ ਵਾਲੀਆਂ ਮੁਹਿੰਮਾਂ ਚਲਾਈਆਂ ਜਾਣ ਕੁਲ ਮਿਲਾ ਕੇ ਸਰਕਾਰੀ ਸਕੂਲਾਂ ਦਾ ਪੱਧਰ ਕਾਨਵੇਂਟ ਸਕੂਲਾਂ ਦੇ ਬਰਾਬਰ ਦਾ ਕੀਤਾ ਜਾਵੇ। ਸਿੱਖਿਆ ਪ੍ਰਣਾਲੀ ਵਿੱਚ ਕੁਝ ਚੁਣੌਤੀਆਂ ਹਨ ਜਿਸ ਕਾਰਨ ਭਾਰਤ ਸਰਵੋਤਮ ਵਿਕਾਸ ਕਰਨ ਵਿੱਚ ਸਮਰੱਥ ਨਹੀਂ ਹੈ। ਭਾਰਤ ਵਿੱਚ ਸਿੱਖਿਆ ਦੇ ਦ੍ਰਿਸ਼ ਨੂੰ ਸੁਧਾਰਨ ਅਤੇ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਲਈ, ਭਾਰਤ ਵਿੱਚ ਇੱਕ ਬਰਾਬਰ ਅਤੇ ਮਿਆਰੀ ਸਿੱਖਿਆ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾਣ। ਇਹ ਵੀ ਸੱਚ ਹੈ ਕਿ ਅਗਰ ਦੇਸ਼ ਜਾਂ ਪੰਜਾਬ ਵਿੱਚ ਸਭ ਨੂੰ ਇੱਕੋ ਜਿਹੀ ਮਿਆਰੀ ਸਿੱਖਿਆ ਮਿਲੇ ਤਾਂ ਉਹ ਦਿਨ ਦੂਰ ਨਹੀਂ ਕਿ ਦੇਸ਼ ਦੇ ਵਿਕਾਸ ਦੀ ਰਫਤਾਰ ਜਪਾਨ, ਅਮਰੀਕਾ , ਕਨੇਡਾ ਵਰਗੇ ਮੁਲਕਾਂ ਦੇ ਬਰਾਬਰ ਹੋਵੇ। ਇਹ ਸਿਰਫ ਬਿਆਨ ਦੇਣ, ਸਮਾਰਟ ਸਕੂਲ ਬਣਾਉਣ, ਅਤੇ ਸਕੂਲਾਂ ਨੂੰ ਚਮਕਾਉਣ ਨਾਲ ਹੀ ਸੰਭਵ ਨਹੀਂ ਬਲਕਿ ਇੱਕ ਠੋਸ ਸਿੱਖਿਆ ਨੀਤੀ ਬਣਾਉਣ ਨਾਲ ਹੀ ਸੰਭਵ ਹੋ ਸਕਦਾ ਹੈ ਅਤੇ ਅੱਜ ਦੇਸ਼ ਨੂੰ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੇ ਬਦਲਾਅ ਦੀ ਲੋੜ ਹੈ। ਜਦੋਂ ਤੱਕ ਦੇਸ਼ ਵਿੱਚ ਸਿੱਖਿਆ ਵਿਕਦੀ ਰਹੇਗੀ ਗਰੀਬੀ ਹੋਰ ਵਧਦੀ ਰਹੇਗੀ। ਅਗਰ ਇੱਕ ਗਰੀਬ ਦਾ ਬੱਚਾ ਵੀ ਕਿਸੇ ਕਾਨਵੇਂਟ ਸਕੂਲ ਵਿੱਚ ਪੜਕੇ ਉਚ ਸਿੱਖਿਆ ਹਾਸਿਲ ਕਰ ਲੈਂਦਾ ਹੈ ਤਾਂ ਉਹ ਰੁਜ਼ਗਾਰ ਦੇ ਕਾਬਿਲ ਵੀ ਜ਼ਰੂਰ ਬਣ ਸਕਦਾ ਹੈ ਅਤੇ ਕਿਸੇ ਹੱਦ ਤੱਕ ਆਪਣੇ ਪਰਿਵਾਰ ਦੀ ਗਰੀਬੀ ਨੂੰ ਵੀ ਖ਼ਤਮ ਕਰ ਸਕਦਾ ਹੈ ਇਸ ਲਈ ਦੇਸ਼ ਵਿਚੋਂ ਗਰੀਬੀ ਘਟਾਉਣ ਲਈ ਸਿੱਖਿਆ ਵਿੱਚ ਇਕਸਾਰਤਾ ਲਿਆਉਣੀ ਬਹੁਤ ਅਹਿਮ ਹੈ। ਇੱਕ ਦੇਸ਼ ਇੱਕ ਚੋਣ ਪ੍ਰਣਾਲੀ ਦੀ ਤਰ੍ਹਾਂ ਇੱਕ ਦੇਸ਼, ਇੱਕ ਸਿੱਖਿਆ ਪ੍ਰਣਾਲੀ ਵੀ ਸਮੇਂ ਦੀ ਲੋੜ ਹੈ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਚੱਕ ਕਲਾਲ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 12 ਫਰਵਰੀ ਨੂੰ।
Next articleOpportunities and Challenges of Global Trade in Trump Era: A Needonomics Perspective