ਭਾਰਤ ’ਚ 854 ਵਿਅਕਤੀਆਂ ਮਗਰ ਇਕ ਡਾਕਟਰ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ਵਿਚ ਦੱਸਿਆ ਕਿ ਦੇਸ਼ ਵਿਚ ਹਰ 854 ਵਿਅਕਤੀਆਂ ਮਗਰ ਇਕ ਡਾਕਟਰ ਉਪਲੱਬਧ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿਚ 80 ਪ੍ਰਤੀਸ਼ਤ ਉਪਲੱਬਧਤਾ ਰਜਿਸਟਰਡ ਐਲੋਪੈਥਿਕ ਡਾਕਟਰਾਂ ਦੀ ਹੈ। ਇਸ ਤੋਂ ਇਲਾਵਾ 5.65 ਲੱਖ ਆਯੂਸ਼ ਡਾਕਟਰ ਹਨ। ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲਿਖਤੀ ਜਵਾਬ ਵਿਚ ਕਿਹਾ ਕਿ ਰਜਿਸਟਰਡ ਨਰਸਾਂ ਦੀ ਕਰੀਬ 70 ਪ੍ਰਤੀਸ਼ਤ ਉਪਲੱਬਧਤਾ ਉਤੇ ਵਿਚਾਰ ਕਰਦਿਆਂ ਨਰਸਾਂ ਤੇ ਆਬਾਦੀ ਦਾ ਅਨੁਪਾਤ 1:559 ਬਣਦਾ ਹੈ।

ਉਨ੍ਹਾਂ ਕਿਹਾ ਕਿ ਰਾਜ ਸਿਹਤ ਕੌਂਸਲਾਂ ਤੇ ਕੌਮੀ ਮੈਡੀਕਲ ਕਮਿਸ਼ਨ ਦੇ ਨਾਲ 12.68 ਲੱਖ ਐਲੋਪੈਥਿਕ ਡਾਕਟਰ ਰਜਿਸਟਰਡ ਹਨ। ਮੰਤਰੀ ਨੇ ਕਿਹਾ ਕਿ ਭਾਰਤੀ ਨਰਸਿੰਗ ਕੌਂਸਲ ਮੁਤਾਬਕ ਦੇਸ਼ ਵਿਚ ਕੁੱਲ 32.63 ਲੱਖ ਰਜਿਸਟਰਡ ਨਰਸਿੰਗ ਸਟਾਫ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਡਾਕਟਰਾਂ, ਨਰਸਾਂ ਤੇ ਪੈਰਾ-ਮੈਡੀਕਲ ਸਟਾਫ਼ ਦੀ ਗਿਣਤੀ ਵਧਾਉਣ ਲਈ ਕਈ ਕਦਮ ਚੁੱਕ ਰਹੀ ਹੈ। ਕੇਂਦਰੀ ਸਕੀਮਾਂ ਤਹਿਤ ਨਵੇਂ ਹਸਪਤਾਲ ਉਸਾਰੇ ਜਾ ਰਹੇ ਹਨ ਤੇ ਪੁਰਾਣਿਆਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਬਾਰੇ ਜਾਣਕਾਰੀ ਦਿੰਦਿਆਂ ਸਰਕਾਰ ਨੇ ਦੱਸਿਆ ਕਿ 1.37 ਕਰੋੜ ਉਮੀਦਵਾਰ ਇਸ ਯੋਜਨਾ ਦੇ ਘੇਰੇ ਵਿਚ ਆ ਚੁੱਕੇ ਹਨ ਤੇ ਉਨ੍ਹਾਂ ਵਿਚੋਂ 1.29 ਕਰੋੜ ਉਮੀਦਵਾਰ ਜਾਂ ਤਾਂ ਸਿਖ਼ਲਾਈ ਲੈ ਚੁੱਕੇ ਹਨ ਜਾਂ ਮੁਕੰਮਲ ਕਰਨ ਦੇ ਨੇੜੇ ਹਨ।

ਇਸ ਯੋਜਨਾ ਬਾਰੇ ਅੱਜ ਕੌਸ਼ਲ ਵਿਕਾਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਜ ਸਭਾ ਵਿਚ ਲਿਖਤੀ ਜਵਾਬ ਦਾਖਲ ਕੀਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ 18,353 ਉਦਯੋਗਿਕ ਯੂਨਿਟ ਵੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਿਖ਼ਲਾਈ ਦੇ ਰਹੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਸੰਸਦ ਵਿਚ ਸਰਕਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਪ੍ਰਸ਼ਾਸਕੀ ਸੇਵਾ (ਆਈਏਐੱਸ) ਤੇ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਵਿਚ 1585 ਔਰਤਾਂ ਸੇਵਾਵਾਂ ਦੇ ਰਹੀਆਂ ਹਨ। ਇਨ੍ਹਾਂ ਵਿਚੋਂ 1074 ਆਈਏਐੱਸ ਹਨ ਤੇ 511 ਆਈਪੀਐੱਸ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ ਪੁਲੀਸ ਨੇ ਧਮਾਕਾਖੇਜ਼ ਸਮੱਗਰੀ ਸਣੇ ਡਰੋਨ ਡੇਗਿਆ
Next articleਪੈਗਾਸਸ ਜਾਸੂਸੀ ਕਾਂਡ: ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ