ਰਮੇਸ਼ ਸੇਠੀ ਬਾਦਲ
9876627233
(ਸਮਾਜ ਵੀਕਲੀ) “ਆਹ ਕੀ ਫਲ ਹੈ ਬੇਟਾ?” ਫਰਿਜ਼ ਵਿੱਚ ਪਏ ਨਵੇਂ ਜਿਹੇ ਫਲ ਨੂੰ ਵੇਖਕੇ ਮੈਂ ਛੋਟੀ ਬੇਟੀ ਨੂੰ ਪੁੱਛਿਆ।
“ਪਾਪਾ ਇਹ ਆਵਾਕਾਡੋ ਹੈ।” ਉਸਨੇ ਦੱਸਿਆ ਤੇ ਗੁੱਝੀ ਜਿਹੀ ਹੱਸੀ।
“ਬੀਂ ਪਾਪਾ ਨੂੰ ਇਹੀ ਨਹੀਂ ਪਤਾ।” ਫਰਿਜ਼ ਵਿੱਚ ਹੀ ਇੱਕ ਲਾਲ ਰੰਗ ਦਾ ਬੇਢੰਗਾ ਜਿਹਾ ਫਲ ਹੋਰ ਵੀ ਪਿਆ ਸੀ ਉਸਨੂੰ ਡਰੈਗਣ ਫਰੂਟ ਕਹਿੰਦੇ ਹਨ। ਇਸ ਬਾਰੇ ਮੈਨੂੰ ਪਿਛਲੇ ਸਾਲ ਹੀ ਪਤਾ ਲੱਗਿਆ ਹੈ। ਨਾਲ ਹੀ ਕੀਵੀ ਦਾ ਡਿੱਬਾ ਪਿਆ ਸੀ। ਕਈ ਵਾਰੀ ਇਹ ਪੋਤੀ ਲਈ ਚੈਰੀ ਵੀ ਲ਼ੈ ਆਉਂਦੇ ਹਨ। ਗਰਮੀਆਂ ਵਿੱਚ ਆਲੂ ਬੁਖਾਰੇ, ਇਲੀਚੀ ਤੇ ਖੁਰਮਾਨੀ ਵੀ ਲ਼ੈ ਆਉਂਦੇ ਹਨ। ਉਂਜ ਘਰੇ ਪਾਣੀ ਵਾਲੇ ਨਾਰੀਅਲ ਵੀ ਆਉਂਦੇ ਹਨ। ਪਹਿਲਾਂ ਇਹ੍ਹਨਾਂ ਦੇ ਦਰਸ਼ਨ ਸਮੁੰਦਰ ਦੇ ਨੇੜਲੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ। ਫਿਰ ਇਹ ਦਿੱਲੀ ਨੋਇਡਾ ਵਰਗੇ ਮੈਟਰੋ ਸਿਟੀ ਵਿੱਚ ਮਿਲਣ ਲੱਗੇ। ਹੁਣ ਤਾਂ ਨਾਰੀਅਲ ਆਮ ਮੰਡੀਆਂ ਅਤੇ ਆਮ ਘਰਾਂ ਵਿੱਚ ਪਾਹੁੰਚ ਗਏ ਹਨ। ਰੇਟ ਭਾਵੇਂ ਵੀਹ ਤੋਂ ਅੱਸੀ ਹੋ ਗਿਆ ਹੈ। ਅਨਾਨਾਸ ਦੇ ਦਰਸ਼ਨ ਵੀ ਕਈ ਵਾਰੀ ਹੋ ਜਾਂਦੇ ਹਨ। ਇਹ ਤਾਂ ਮੈਂ ਬੱਸ ਹਿੰਦੀ ਵਾਲੇ ਕਾਇਦੇ ਵਿੱਚ ਹੀ ਵੇਖਿਆ ਸੀ। ਹੁਣ ਕਈ ਸਾਲਾਂ ਦਾ ਪਪੀਤਾ ਵੀ ਬਹੁਤ ਆਉਂਦਾ ਹੈ। ਇਹ ਵੀ ਸਾਡੇ ਲਈ ਨਵਾਂ ਜਿਹਾ ਫਲ ਸੀ। ਉਪਰ ਵਾਲ਼ੇ ਫਲ ਸਾਡੀ ਬਚਪਨ ਵਾਲੀ ਡਿਕਸ਼ਨਰੀ ਚ ਨਹੀਂ ਸੀ। ਇਹ ਹੋਲੀ ਹੋਲੀ ਇਧਰ ਆਏ ਹਨ। ਇਹ ਸਾਡੇ ਇਲਾਕੇ ਜਾਂ ਸਾਡੀਆਂ ਰੁੱਤਾਂ ਦੇ ਅਨੁਕੂਲ ਫਲ ਨਹੀਂ ਹਨ। ਇਹ ਬਾਹਰੀ ਫਲ ਹਨ ਜੋ ਬਾਰਾਂ ਮਹੀਨੇ ਉਪਲਭਦ ਹੁੰਦੇ ਹਨ। ਕੋਈਂ ਸੀਜਨ ਦਾ ਚੱਕਰ ਨਹੀਂ।
ਇਹ ਗੱਲ ਨਹੀਂ ਕਿ ਪਿੰਡ ਵਿੱਚ ਰਹਿੰਦਿਆਂ ਨੂੰ ਸਾਨੂੰ ਫਲਾਂ ਦੀ ਜਾਣਕਾਰੀ ਨਹੀਂ ਸੀ। ਭੂਆ ਮਾਸੀ ਮਾਮੇ ਜਦੋਂ ਵੀ ਆਉਂਦੇ ਕੇਲੇ ਹੀ ਲਿਆਉਂਦੇ। ਇਹ ਦਰਜਨ ਦੇ ਹਿਸਾਬ ਨਾਲ ਮਿਲਦੇ ਸੀ ਤੋਲਕੇ ਨਹੀਂ। ਸੇਬ ਨੂੰ ਸਿਉ ਕਹਿੰਦੇ ਸਨ। ਡਾਕਟਰ ਮਰੀਜ ਨੂੰ ਸਿਉ ਖਵਾਉਣ ਦੀ ਸਲਾਹ ਦਿੰਦੇ ਸੀ। ਇਸੇ ਤਰਾਂ ਅਨਾਰ ਵੀ ਮਰੀਜਾਂ ਲਈ ਰਿਜ਼ਰਵ ਹੀ ਸੀ। ਸੰਤਰੇ ਵੀ ਕਦੇ ਕਦੇ ਕੋਈਂ ਚੰਗਾ ਰਿਸ਼ਤੇਦਾਰ ਲਿਆਉਂਦਾ ਸੀ। ਨਹੀਂ ਇਹ ਬਰਾਤ ਨੂੰ ਖਵਾਉਣ ਲਈ ਮੇਜ਼ ਤੇ ਕੇਲਿਆਂ ਨਾਲ ਰੱਖੇ ਜਾਂਦੇ ਸਨ। ਸੰਤਰੇ ਦੇ ਦੇਸੀ ਵਰਜਨ ਨੂੰ ਮਾਲਟਾ ਕਹਿੰਦੇ ਸਨ। ਸੁਣਿਆ ਸੀ ਇਹ ਸੰਤਰੇ ਨਾਲੋਂ ਸਸਤਾ ਹੁੰਦਾ ਸੀ। ਫਲਾਂ ਦਾ ਰਾਜਾ ਅੰਬ ਸੀਜਨ ਵਿੱਚ ਇੱਕ ਦੋ ਵਾਰੀ ਘਰ ਆਉਂਦਾ। ਉਂਜ ਆੜੂ ਦੇ ਸਾਈਜ ਦਾ ਅੰਬ ਪੰਜੀ ਦਾ ਮਿਲਦਾ ਸੀ ਜਿਸ ਨੂੰ ਚੂਸਿਆ ਜਾਂਦਾ ਸੀ ਤੇ ਇਹ ਖਟਮਿਠਾ ਜਿਹਾ ਹੁੰਦਾ ਸੀ। ਅਸੀਂ ਅੰਬ ਖਾਣ ਦੀ ਝੱਸ ਅਚਾਰ ਲਈ ਲਿਆਂਦੀਆਂ ਅੰਬੀਆਂ ਚੋ ਪੀਲੀ ਅੰਬੀ ਛਾਂਟਕੇ ਪੂਰਾ ਕਰਦੇ। ਇਸੇ ਲਈ ਤੇਸੇ ਨਾਲ ਅੰਬੀਆਂ ਕੱਟਣ ਵੇਲ਼ੇ ਅਸੀਂ ਕੋਲੇ ਬੈਠੇ ਰਹਿੰਦੇ। ਉਂਜ ਅਸੀਂ ਫੇਰੀ ਵਾਲੇ ਤੋਂ ਅਮਰੂਦ ਲੈਕੇ ਖਾਂਦੇ। ਪੇਂਦੁ ਬੇਰ ਅਸੀਂ ਦਾਣਿਆਂ ਵੱਟੇ ਲਿਆਉਂਦੇ। ਟਮਾਟਰ ਵੀ ਸਾਡੀ ਨਜ਼ਰੇ ਫਲ ਹੀ ਸੀ। ਅਕਸਰ ਅੱਧੀ ਛੁੱਟੀ ਵੇਲੇ ਮੁੱਲ ਲੈਕੇ ਟਮਾਟਰ ਹੀ ਖਾਂਦੇ। ਛੋਟੇ ਲਾਲ ਬੇਰ ਪੀਲਾਂ ਚਿੱਬੜ ਮਤੀਰੇ ਅਸੀਂ ਬਾਹਰੋਂ ਤੋੜ ਲਿਆਉਂਦੇ। ਸਾਡੇ ਫਲ ਤਾਂ ਅਲੋਪ ਹੀ ਹੋ ਗਏ। ਅਸੀਂ ਨਿੰਮ ਦੀਆਂ ਪੱਕੀਆਂ ਨਿਮੋਲੀਆਂ ਖੁਸ ਹੋਕੇ ਖਾਂਦੇ। ਨਸੂੜੇ ਤੋਂ ਨਸੂੜੀਆਂ ਨਜ਼ਾਰੇ ਨਾਲ ਖਾਂਦੇ। ਬੋਹੜ ਦੀਆਂ ਗੋਹਲਾਂ ਵੀ ਸੁਆਦ ਹੁੰਦੀਆਂ ਸਨ। ਸਾਡੇ ਪਿੰਡ ਕਮਾਦ ਨਹੀਂ ਸੀ ਬੀਜਦੇ ਅਸੀਂ ਜਵਾਰ ਦੇ ਗੰਨੇ ਚੂਪਦੇ। ਬਾਜਰੇ ਦੇ ਸਿੱਟੇ, ਛੋਲਿਆਂ ਦਾ ਸਾਗ ਖਾਂਦੇ। ਕਿੱਕਰ ਦੇ ਤੁੱਕੇ ਅਤੇ ਸੁਹਾਜਨਾਂ ਦੀਆਂ ਫਲੀਆਂ ਦਾ ਅਚਾਰ ਪਾਉਂਦੇ। ਤੂਤ ਦੀਆਂ ਤੂਤੀਆਂ ਅਤੇ ਜਾਮਣਾਂ ਦੇ ਦਰੱਖਤ ਪਬਲਿਕ ਪ੍ਰਾਪਰਟੀ ਹੋਣ ਕਰਕੇ ਖਾਣਾ ਸਾਡਾ ਅਧਿਕਾਰ ਸੀ। ਅਸੀਂ ਖੇਤਾਂ ਵਿਚੋਂ ਚਿੱਬੜ ਭਾਲਦੇ ਭਾਲਦੇ ਆਥਣ ਵੇਲੇ ਘਰ ਮੁੜਦੇ। ਅਜੋਕੇ ਵਿਦੇਸ਼ੀ ਫਲਾਂ ਨੇ ਅੱਜ ਦੀ ਪੀੜ੍ਹੀ ਨੂੰ ਆਪਣਾ ਗੁਲਾਮ ਬਣਾ ਲਿਆ ਹੈ। ਜਦੋਂ ਕਿ ਤਾਕਤ ਅਤੇ ਬਾਕੀ ਤੱਤ ਪੁਰਾਣੇ ਫਲਾਂ ਵਿੱਚ ਵੀ ਹੁੰਦੇ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



