(ਸਮਾਜ ਵੀਕਲੀ) ਚਲਦੀ ਗੱਡੀ ਦੇ ਮਿੱਤ ਸਾਰੇ, ਖੜ੍ਹੀ ਨੂੰ ਨੀ ਕੋਈ ਪੁੱਛਦਾ । ਇਹ ਪੰਕਤੀ ਇਸ ਲਾਵਾਰਸ-ਬੇਘਰ ਮਰੀਜ਼ ਦਰੋਪਤੀ ਵਾਰੇ ਪੂਰੀ ਤਰ੍ਹਾਂ ਢੁੱਕਦੀ ਹੈ। ਕੁੱਝ ਹਫਤੇ ਪਹਿਲਾਂ ਜਿਲ੍ਹਾ ਲੁਧਿਆਣਾ ਦੇ ਕਸਬੇ ਮੁੱਲਾਂ ਪੁਰ ਦੇ ਨਜ਼ਦੀਕ ਪੈਂਦੇ ਪੰਡੋਰੀ ਪਿੰਡ ਦੇ ਹਸਪਤਾਲ ਕੋਲ ਸੜਕ ‘ਤੇ ਬੈਠੀ ਇੱਕ ਦਰੋਪਤੀ ਨਾਮ ਦੀ ਔਰਤ ਨੂੰ ਕੋਈ ਵਿਅਕਤੀ ਚੁੱਕ ਕੇ ਸਿਵਲ ਹਸਪਤਾਲ ਲੁਧਿਆਣਾ ਵਿੱਚ ਦਾਖਲ ਤਾਂ ਕਰਵਾ ਗਿਆ ਪਰ ਮੁੜਕੇ ਨਹੀਂ ਆਇਆ। ਸਿਵਲ ਹਸਪਤਾਲ ਦੇ ਸਟਾਫ ਨੇ ਦਰੋਪਤੀ ਨੂੰ ਦਾਖਲ ਕਰਵਾਉਣ ਵਾਲੇ ਉਸ ਵਿਅਕਤੀ ਨੂੰ ਢੂੰਢਣ ਦੀ ਕੋਸ਼ਿਸ਼ ਕੀਤੀ ਪਰ ਉਸ ਵਾਰੇ ਕੁੱਝ ਵੀ ਪਤਾ ਨਹੀਂ ਲੱਗਿਆ। ਅਖੀਰ ਸਿਵਲ ਹਸਪਤਾਲ ਦੇ ਸਟਾਫ ਨੇ ਦਰੋਪਤੀ ਨੂੰ 26 ਜੁਲਾਈ ਨੂੰ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ‘ਚ ਭੇਜ ਦਿੱਤਾ ਹੈ। ਜਿੱਥੇ ਹੁਣ ਇਸ ਦੀ ਆਸ਼ਰਮ ਦਾ ਮੈਡੀਕਲ ਸਟਾਫ ਅਤੇ ਸੇਵਾਦਾਰ ਦੇਖਭਾਲ ਕਰ ਰਹੇ ਹਨ ।
ਦਰੋਪਤੀ ਅਧਰੰਗ ਦੀ ਬਿਮਾਰੀ ਨਾਲ ਪੀੜਤ ਹੈ । ਆਪਣੇ-ਆਪ ਤੁਰ ਫਿਰ ਨਹੀਂ ਸਕਦੀ। ਅਧਰੰਗ ਦੇ ਅਸਰ ਕਰਕੇ ਬੋਲਦੀ ਵੀ ਤਤਲੀ ਹੈ ਜਿਸ ਕਰਕੇ ਦੂਜੇ ਵਿਅਕਤੀ ਨੂੰ ਇਸ ਦੀ ਗੱਲ-ਬਾਤ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਦਾ ਪਤੀ ਸੁਰਗਵਾਸ ਹੋ ਚੁੱਕਾ ਹੈ। ਪਰ ਇਹ ਆਪਣੇ ਪਤੀ ਦਾ ਨਾਮ ਨਹੀਂ ਦੱਸ ਸਕਦੀ। ਹੋਰ ਪਰਿਵਾਰ ਜਾਂ ਰਿਸ਼ਤੇਦਾਰਾਂ ਵਾਰੇ ਵੀ ਦੱਸਣ ਤੋਂ ਅਸੱਮਰਥ ਹੈ। ਲੱਗਦਾ ਹੈ ਕਿ ਇਸ ਦਾ ਆਪਣਾ ਸਕਾ ਸਬੰਧੀ ਕੋਈ ਨਹੀਂ। ਉਮੀਦ ਹੈ ਕਿ ਦਰੋਪਤੀ ਆਸ਼ਰਮ ਵਿੱਚ ਚੰਗੀ ਦੇਖਭਾਲ ਸਦਕਾ ਆਪਣੀ ਕਿਰਿਆ ਆਪ ਸੋਧਣ ਜੋਗੀ ਹੋ ਜਾਵੇਗੀ ਅਤੇ ਆਪਣੀ ਜਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਕੇਗੀ।
ਇਹ ਆਸ਼ਰਮ ਪਿਛਲੇ 20 ਸਾਲਾਂ ਤੋਂ ਸੜਕਾਂ ਤੇ ਰੁਲ਼ਦੇ ਅਜਿਹੇ ਲਾਵਾਰਸ-ਬੇਘਰ ਮਰੀਜ਼ਾਂ ਦੀ ਦੇਖਭਾਲ ਕਰ ਰਿਹਾ ਹੈ ਜਿਹਨਾਂ ਲਈ ਸਮਾਜ ਦੇ ਦਰਵਾਜੇ ਬੰਦ ਹੋ ਚੁੱਕੇ ਹਨ। ਇਸ ਸੰਸਥਾ ਦੇ ਬਾਨੀ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਦੋ ਸੌ (200) ਤੋਂ ਜਿਆਦਾ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਵਾਰਸ-ਬੇਘਰ ਮਰੀਜ਼ ਰਹਿੰਦੇ ਹਨ ਜਿਹਨਾਂ ‘ਚ ਬਹੁਤ ਸਾਰੇ ਮਰੀਜ਼ ਪੂਰੀ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਇਸ ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੁਹਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ (ਇੰਡੀਆ):95018-42505; ਕੈਨੇਡਾ: 403-401-8787 ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly