ਪੁਸਤਕ ਦਾ ਨਾਂ – ਤਿਲ਼ਫੁੱਲ (ਕਾਵਿ ਸੰਗ੍ਰਹਿ)
ਲੇਖਕ – ਪ੍ਰੋ. ਸ਼ੇਰ ਸਿੰਘ ਕੰਵਲ
ਪੰਨੇ – 132 ਕੀਮਤ – 395/- ਰੁਪਏ
ਪ੍ਰਕਾਸ਼ਕ – ਲੋਕ ਗੀਤ ਪ੍ਰਕਾਸ਼ਨ, ਮੁਹਾਲੀ।

(ਸਮਾਜ ਵੀਕਲੀ) ਹਥਲੀ ਪੁਸਤਕ ‘ਤਿਲ਼ਫੁੱਲ’ ਪ੍ਰਵਾਸੀ ਲੇਖਕ ਪ੍ਰੋ. ਸ਼ੇਰ ਸਿੰਘ ਕੰਵਲ ਦੀ ਯਾਰਵੀਂ ਕਾਵਿ ਪੁਸਤਕ ਹੈ। ਇਸ ਪੁਸਤਕ ਤੋਂ ਪਹਿਲਾਂ ਇਕ ਗ਼ਜ਼ਲ ਸੰਗ੍ਰਹਿ, ਦੋ ਵਿਅੰਗ ਪੁਸਤਕਾਂ, ਇਕ ਕਿੱਸਾ ਪੁਸਤਕ ਅਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਪਾਠਕਾਂ ਦੇ ਸਨਮੁੱਖ ਹੋ ਚੁੱਕੀਆਂ ਹਨ। ਲੇਖਕ ਨੇ ਇਹ ਪੁਸਤਕ ਆਪਣੀ ਸੁਪਤਨੀ ਸ੍ਰੀਮਤੀ ਸਤਵੰਤ ਕੌਰ ਨੂੰ ਸਮਰਪਿਤ ਕੀਤੀ ਹੈ। ਕੁਝ ਪੁਸਤਕਾਂ ਪੁਰਸਕਾਰ ਪ੍ਰਾਪਤ ਵੀ ਹਨ।
ਪੁਸਤਕ ਦਾ ਨਿੱਠ ਕੇ ਅਧਿਐਨ ਕਰਨ ਤੇ ਗਿਆਨ ਗੋਚਰ ਹੁੰਦੀ ਪੁਸਤਕ ਤਿਲ਼ਫੁੱਲ ਦੱਸਦੀ ਹੈ ਕਿ ਲੇਖਕ ਭਾਵੇਂ ਇਸ ਸਮੇਂ ਪ੍ਰਦੇਸ ਵਿਚ ਹੈ ਪਰ ਮੌਲਿਕ ਤੌਰ ਤੇ ਭਾਰਤੀ, ਖਾਸ ਤੌਰ ਤੇ ਪੰਜਾਬੀ ਹੈ। ਉਸ ਨੂੰ ਭਾਰਤ ਅਤੇ ਪੰਜਾਬ ਦੀ ਸਿਆਸਤ ਬਹੁਤ ਪ੍ਰੇਸ਼ਾਨ ਕਰਦੀ ਜਾਪਦੀ ਹੈ। ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਵਿਅੰਗ ਵਹਿਣ ਦਾ ਹੈ ਜਿਹੜਾ ਪੁਸਤਕ ਦਾ ਅੱਧ ਤੋਂ ਵੱਧ ਭਾਗ ਘੇਰਦਾ ਹੈ ਅਤੇ ਦੂਜਾ ਕਾਵਿ ਰੰਗ, ਜਿਸ ਵਿੱਚ ਕੁਝ ਕਾਵਿ ਚਿੱਤਰ ਅਤੇ ਕਵਿਤਾਵਾਂ ਦਰਜ ਕੀਤੀਆਂ ਹਨ। ਵਿਅੰਗ ਵਹਿਣ ਨੂੰ ਛੇ – ਛੇ ਬੰਦਾਂ ਵਿੱਚ ਕਵੀਸ਼ਰੀ ਵਾਂਗ ਜੋੜਿਆ ਗਿਆ ਹੈ। ਇਹ ਭਾਗ ਭਾਵੇਂ ਵਿਦੇਸ਼ੀ ਪੰਜਾਬੀ ਪੱਤਰਾਂ ਵਿੱਚ ਛਪਦਾ ਰਿਹਾ ਹੈ ਪਰ ਉਸ ਨੇ ਪਾਠਕਾਂ ਨੂੰ ਪੁਸਤਕ ਦੇ ਰੂਪ ਵਿਚ ਭੇਟ ਕੀਤਾ ਹੈ।
ਪੰਜਾਬ ਦੀ ਸਿਆਸਤ ਵਿੱਚ ਅਕਾਲੀ ਭਾਜਪਾ ਗਠਜੋੜ ਵੱਲੋਂ ਕੀਤੇ ਪੰਜਾਬ ਦੇ ਨੁਕਸਾਨ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ। ਪੰਜਾਬ ਵਿੱਚ ਵਧਦੇ ਨਸ਼ੇ, ਕਿਸਾਨੀ ਦੀ ਬਦਤਰ ਹਾਲਤ, ਚਿੱਟੇ ਬਗਲੇ ਸਾਧ, ਰੇਤੇ ਬਜਰੀ ਦੀ ਲੁੱਟ, ਦਲ ਬਦਲੀ, ਰਿਜਰਵੇਸ਼ਨ, ਪਾਣੀਆਂ ਦੇ ਮਸਲੇ, ਐਸ ਵਾਈ ਐਲ, ਬੇਰੋਜ਼ਗਾਰੀ ਅਤੇ ਸਿਆਸਤ ਦੀ ਕਾਰਗੁਜਾਰੀ ਬਾਰੇ ਕਾਵਿ ਛੰਦਾਂ ਰਾਹੀਂ ਹਾਲਾਤ ਬਿਆਨ ਕੀਤੇ ਹਨ। ਬਹੁਤ ਸਾਰੇ ਸਿਆਸਤਦਾਨਾਂ ਦੇ ਨਾਮ ਨਾਲ ਇਹ ਕਾਵਿ ਬੰਦ ਸ਼ੁਰੂ ਕੀਤੇ ਹਨ। ਹਾਲਾਂ ਕਿ ਸਪੱਸ਼ਟ ਨਾਮ ਦੀ ਥਾਂ ਸੰਕੇਤਕ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਸੀ। ਸਿੱਖ ਕੌਮ ਨੂੰ ਲੱਗੀ ਢਾਅ, ਪੰਜਾਬ ਦੇ ਵਿਗੜਦੇ ਹਾਲਾਤ ਤੋਂ ਚਿੰਤਾਤੁਰ ਜਾਪਦਾ ਹੈ। ਉਹ ਦੇਸ਼ ਦੇ ਹਾਲਾਤ ਸੁਧਾਰਨ ਲਈ ਰੱਬ ਅੱਗੇ ਅਰਜੋਈ ਕਰਦਾ ਹੈ। ਇਕ ਬੰਦ ਦਾ ਮੁਲਾਹਜਾ ਫਰਮਾਓ –
” ਅੱਛੇ ਦਿਨ ਹੇ ਰੱਬਾ ਛੇਤੀ ਭਾਰਤ ਵਿਚ ਲਿਆ ਦੇਹ।
ਚੋਰ ਉਚਕੇ ਬਣੇ ਚੌਧਰੀ ਸਭ ਨੂੰ ਖੂੰਜੇ ਲਾ ਦੇਹ।” (ਪੰਨਾ 59)
ਇਸੇ ਤਰ੍ਹਾਂ ਪੁਸਤਕ ਵਿਚ ਕਿਸਾਨਾਂ ਨੂੰ ਆਤਮਹੱਤਿਆ ਕਰਨ ਤੋਂ ਰੋਕਣ ਦਾ ਉਪਰਾਲਾ ਕਰਦਿਆਂ ਇਕ ਕਾਵਿ ਬੰਦ ਵਿਚ ਆਪਣੇ ਪਰਿਵਾਰ ਨਾ ਰੋਲਣ ਦੀ ਗੱਲ ਕਰਦੀ ਹੈ –
” ਸੁਣੋ ਕਿਸਾਨੋ ਅਤਿ ਔਖੇ ਹੋ ਆਪਣਾ ਮਨ ਸਮਝਾਵੋ।
ਬਨੋਂ ਲੱਕ ਤੇ ਰੱਖੋ ਹੌਸਲਾ ਤੁਸੀ ਨਾ ਢੇਰੀ ਢਾਵੋ।
ਤੁਸੀ ਨਾ ਢੇਰੀ ਢਾਵੋ ਕਦੇ ਖੁਦਕੁਸ਼ੀ ਨਾ ਕਰਨਾ।
ਰੁਲ ਜਾਵਣ ਪ੍ਰਵਾਰ ਮੌਤ ਨਹੀਂ ਐਸੀ ਮਰਨਾ।
ਕਹੈ ਕੰਵਲ ਕਵੀ ਰਾਇ ਐਵੇਂ ਨਾ ਜਿੰਦ ਗਵਾਓ।
ਮਰਨਾ ਹੀ ਜੇ ਮਿਥਿਆ ਦੁਸ਼ਮਣ ਮਾਰ ਮੁਕਾਓ।” (ਪੰਨਾ 84)
ਪੁਸਤਕ ਦੇ ਦੂਜੇ ਭਾਗ ਵਿੱਚ ਬਾਬਾ ਦੀਪ ਸਿੰਘ ਜੀ, ਪਾਰਸ, ਬੁੱਲ੍ਹਿਆ ਆਦਿ ਕਾਵਿ ਚਿੱਤਰ ਅਤੇ ਦਿਲਗੀਰੀ, ਦਿਲ ਦੇ ਜੂ ਦਰਿਆ, ਨਦੀ ਅਤੇ ਅੰਤ ਵਿਚ ਮੁੱਕ ਚਲੀਆਂ ਹਨ ਵਾਟਾਂ ਆਦਿ ਕਵਿਤਾਵਾਂ ਨੂੰ ਲਿਆ ਗਿਆ ਹੈ।
ਕਵੀ ਨੇ ਇਸ ਪੁਸਤਕ ਦੀ ਸਿਰਜਣਾ ਬਿਲਕੁਲ ਨਿਧੜਕ ਅਤੇ ਨਿਸੰਗ ਹੋ ਕੇ ਕੀਤੀ ਹੈ। ਇਸ ਤਰ੍ਹਾਂ ਦੀ ਸਿਰਜਣਾ ਲਈ ਬੇਬਾਕ ਹੋਣਾ ਕਵੀ ਦੀ ਦਲੇਰੀ ਅਤੇ ਸੋਚ ਨੂੰ ਸਲਾਮ ਹੈ।
– ਤੇਜਿੰਦਰ ਚੰਡਿਹੋਕ, ਐਮ ਏ,
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਜੇਤੂ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।



