(ਸਮਾਜ ਵੀਕਲੀ)
ਇਸ ਰੋਜ਼ਮੱਰਾ ਜਿੰਦਗੀ ਦੇ ਭਵਿੱਖ ਦਾ ਹਰ ਪਲ ਵਰਤਮਾਨ ਅਤੇ ਫਿਰ ਭੂਤਕਾਲ ਵਿੱਚ ਤੂਫਾਨੀ ਚਾਲ ਨਾਲ ਤਬਦੀਲ ਹੁੰਦਾ ਜਾ ਰਿਹਾ।
ਜਿਸ ਨਾਲ ਦਿਨਾਂ ਦੇ ਹਫਤੇ,ਹਫਤਿਆਂ ਦੇ ਮਹੀਨੇ , ਮਹੀਨਿਆਂ ਦੇ ਸਾਲ ਅਤੇ ਸਾਲਾਂ ਦੇ ਦਹਾਕੇ ਬਣਦੇ ਜਾ ਰਹੇ ਨੇ।ਇੰਨਾਂ ਵਰਿਆਂ ਦੀਆਂ ਸਮ੍ਰਿਤੀਆਂ ਮਨੁੱਖੀ ਅਵਚੇਤਨ ਮਨ ਵਿੱਚ ਜਮ੍ਹਾਂ ਹੋਈ ਜਾਂਦੀਆਂ ਨੇ,ਜਿਸ ਵਿਚੋਂ ਕੁੱਝ ਕੁ ਖਾਸ ਸਹਿਜ ਸੁਭਾਅ ਹੀ ਅਵਚੇਤਨ ਵਿਚੋਂ ਨਿਕਲ ਕੇ ਚੇਤਨ ਦਾ ਹਿੱਸਾ ਬਣਦੀਆ ਰਹਿੰਦੀਆਂ ਨੇ।
ਵੈਸੇ ਤਾਂ ਵਰ੍ਹਿਆਂ ਨੂੰ ਮਾਰੀ ਹਰ ਗੰਢ ਹੀ ਆਪਣੇ ਆਪ ਵਿਚ ਯਾਦਾਂ ਦੀਆਂ ਪੰਡਾਂ ਸਮੋਈ ਬੈਠੀ ਹੈ,ਪਰ ਵਿਆਹ ਦੀ ਗੰਢ ਦਾ ਆਪਣਾ ਹੀ ਵੱਖਰਾ ਸੁਆਦ ਹੁੰਦਾ ਹੈ,ਖਾਸ ਕਰਕੇ ਉਦੋਂ ਜਦੋਂ ਜੀਵਨ ਸਾਥੀ ਨਾਲ ਦਹਾਕੇ ਬਿਤਾ ਲਏ ਹੋਣ।ਤੁਸੀਂ ਉਮਰ ਦੇ ਉਸ ਪੜਾਅ ਤੇ ਆ ਗਏ ਹੋਵੋ, ਕਿ ਨਾਂ ਤਾਂ ਹੁਣ ਨੌਜਵਾਨਾਂ ਵਾਲੀ ਕਤਾਰ ਵਿੱਚ ਖੜ ਸਕਦੇ ਹੋ ਨਾ ਹੀ ਬੁੱਢਿਆਂ ਵਾਲੀ।ਬੱਚੇ ਵੀ ਐਨੇ ਛੋਟੇ ਨਹੀਂ ਕਿ ਪੂਰਨ ਤੌਰ ਤੇ ਤੁਹਾਡੇ ਤੇ ਨਿਰਭਰ ਹੋਣ ਪਰ ਐਨੇ ਵੀ ਵੱਡੇ ਨਹੀਂ ਕਿ ਸਭ ਕੁੱਝ ਆਪ ਹੀ ਕਰ ਲੈਣ।ਸੋ ਅਜਿਹਾ ਪੜਾਅ ਕਿ ਜਿੱਥੇ ਐਨੇ ਵਰੇ ਸਫਲ ਸੰਘਰਸ਼ ਕਰਦਿਆਂ ਸਹਿਜ ਨਾਲ ਲੰਘ ਵੀ ਗਏ, ਅਤੇ ਹੁਣ ਭਵਿੱਖ ਵਿਚ ਹੋਰ ਵੀ ਸਹਿਜਤਾ ਨਾਲ ਲੰਘਾਉਣ ਲਈ ਵਚਨਬੱਧ ਹੋਈਏ।
ਸਿਆਣਿਆਂ ਦਾ ਇਹ ਕਥਨ ਕਿ ਵਿਆਹ ਮੋਤੀਚੂਰ ਦਾ ਉਹ ਲੱਡੂ ਆ ,ਜਿਸ ਨੇ ਖਾਧਾ ਉਹ ਵੀ ਪਛਤਾਇਆ, ਜਿਸ ਨੇ ਨਹੀਂ ਖਾਧਾ ਉਹ ਵੀ।ਪਰ ਮੇਰੀ ਨਿਜੀ ਰਾਏ ਇਹੀ ਆ ਕਿ ਜਿਵੇਂ ਮੋਤੀ ਚੂਰ ਦੇ ਲੱਡੂ ਦਾ ਆਪਣਾ ਹੀ ਸੁਆਦ ਹੁੰਦਾ ,ਜਿੰਦਗੀ ਦੇ ਇਸ ਰੋਮਾਨੀ ਸਫ਼ਰ ਦਾ ਵੀ ਅਪਣਾ ਹੀ ਅੰਦਾਜ਼ ਹੈ।ਜੇਕਰ ਤਰਕਸੰਗਤ ਹੋ ਕੇ ਸੋਚਿਆ ਵੀ ਜਾਵੇ ਤਾਂ ਇਹੋ ਲੱਗਦਾ ਕਿ ਜੇਕਰ ਪਛਤਾਉਣਾ ਹੀ ਹੈ ਤਾਂ ਘੱਟੋ ਘੱਟ ਖਾ ਕੇ ਹੀ ਪਛਤਾਓ।
ਜਿਵੇਂ ਕਿ ਅਕਸਰ ਕਿਹਾ ਜਾਂਦਾ ਕਿ ਪਤੀ-ਪਤਨੀ ਗ੍ਰਹਿਸਥੀ ਰੂਪੀ ਗੱਡੀ ਦੇ ਦੋ ਪਹੀਏ ਨੇ,ਜਿਸ ਨੂੰ ਬਰਾਬਰ ਤੋਰਨ ਲਈ ਸਮੇਂ-ਸਮੇਂ ਤੇ ਤੇਲ ਦੀ ਧਾਰ ਦੀ ਲੋੜ ਪੈਂਦੀ ਆ,ਇਹ ਧਾਰ ਮਿਲਦੀ ਹੈ ਵਿਸ਼ਵਾਸ ਦੇ ਕੁੰਡ ਵਿੱਚੋਂ।ਖਾਸ ਕਰ ਉਦੋਂ ਜਦੋਂ ਦੋਵੇਂ ਹੀ ਮੀਆਂ-ਬੀਵੀ ਨੌਕਰੀ ਸ਼ੁਦਾ ਹੋਣ। ਸੋ ਵਿਆਹ ਦੀ ਤੇਰਵੀਂ ਵਰੇਗੰਢ ਦੇ ਅਵਸਰ ਤੇ ਇਹੀ ਮਹਿਸੂਸ ਹੋ ਰਿਹਾ ਕਿ ਮੈਂ -ਮੇਰਾ ਛੱਡ ਕੇ ਤੈਂ-ਤੇਰਾ ਕਹਿਣਾ ਹੀ ਅਸਲੀ ਖੁਸ਼ੀ ਦਾ ਗੁੱਝਾ ਭੇਦ ਅਤੇ ਰਾਜ ਹੈ।
ਰਣਬੀਰ ਸਿੰਘ
ਜਖੇਪਲ ਸੰਪਰਕ ਨੰਬਰ- 9855107500
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly