5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ , ਪਰ ਅੱਜ ਤੱਕ ਖਾਲੀ ਹੱਥ ਹਨ ਕੱਚੇ ਮੁਲਾਜ਼ਮ

ਆਪ ਸਰਕਾਰ ਦੇ 10 ਮਹੀਨਿਆ ਦੌਰਾਨ ਨਾ ਤਨਖਾਹ ਅਨਾਮਲੀ ਦੂਰ ਹੋਈ ਅਤੇ ਨਾ ਹੀ ਰੈਗੂਲਰ ਦੇ ਆਰਡਰ ਮਿਲੇ

ਜਲੰਧਰ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸਘੰਰਸ਼ ਕੀਤਾ ਜਾਵੇਗਾ – ਗਗਨਦੀਪ, ਰਮੇਸ਼ , ਬਨਵਾਰੀ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਪੁਰਾਣੇ ਰਾਜਨੀਤਿਕ ਸਿਸਟਮ ਤੋਂ ਅੱਕਣ ਤੇ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਅਤੇ ਬਦਲਾਅ ਦੇ ਨਾਅਰੇ ਤੇ ਆਮ ਜਨਤਾ ਅਤੇ ਮੁਲਾਜ਼ਮ ਵਰਗ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੇ ਫੁੱਲ ਚੜ੍ਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਮੁਲਾਜ਼ਮਾਂ ਨੂੰ ਵਿਸ਼ਵਾਸ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਕੀ ਮਸਲੇ ਹੱਲ ਹੋ ਜਾਣਗੇ ਪ੍ਰੰਤੂ ਕੱਚੇ ਮੁਲਾਜ਼ਮ ਦੇ ਪੱਲੇ ਕੁਝ ਵੀ ਨਹੀ ਪੈ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ 5 ਸਤੰਬਰ ਨੂੰ ਐਲਾਨ ਕੀਤਾ ਅਤੇ 7 ਅਕਤੂਬਰ ਨੂੰ ਨੋਟੀਫਿਕੇਸ਼ਨ ਜ਼ਾਰੀ ਹੋ ਗਿਆ ਸੀ ਪਰ ਅੱਜ ਤੱਕ ਦਫਤਰੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਦੇ ਆਰਡਰ ਨਹੀ ਮਿਲੇ । ਜੀ ਟੀ ਯੂ ਆਗੂ ਸੁਖਚੈਨ ਸਿੰਘ ਬੱਧਣ , ਬਲਜੀਤ ਸਿੰਘ ਬੱਬਾ,
ਜਗਮੋਹਨ ਸਿੰਘ ਥਿੰਦ, ਕੁਲਦੀਪ ਠਾਕੁਰ, ਪਰਮਜੀਤ ਲਾਲ , ਆਦਿ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਆਗੂ ਗਗਨਦੀਪ ਸਿੰਘ, ਰਮੇਸ਼ ਲਾਧੂਕਾ , ਬਨਵਾਰੀ ਲਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਤਨਖਾਹ ਅਨਾਮਲੀ ਚੱਲ ਰਹੀ ਹੈ ਇਕ ਹੀ ਦਫਤਰ ਵਿਚ ਇਕ ਹੀ ਕਾਡਰ ਦੇ ਮੁਲਾਜ਼ਮ ਨੂੰ ਵੱਖਰੀ ਵੱਖਰੀ ਤਨਖਾਹ ਮਿਲ ਰਹੀ ਹੈ, ਜਿਸ ਸਬੰਧੀ ਸਮੇਂ ਸਮੇਂ ਤੇ ਸਰਕਾਰ ਨਾਲ ਮੀਟਿੰਗਾਂ ਹੋਈਆ ਹਨ।

ਉਨ੍ਹਾ ਦੱਸਿਆ ਕਿ 15 ਜੂਨ 2022 ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਭਾਗੀ ਅਧਿਕਾਰੀਆ ਦੀ ਮੋਜੂਦਗੀ ਵਿਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਵੱਲੋਂ ਤਨਖਾਹ ਅਨਾਮਲੀ ਨੂੰ ਦੂਰ ਕਰਕੇ ਤੁਰੰਤ ਤਨਖਾਹਾਂ ਦਾ ਫੰਡ ਜ਼ਾਰੀ ਕਰਨ ਦੇ ਆਦੇਸ਼ ਦਿੱਤੇ ਪਰ ਸਿੱਖਿਆ ਮੰਤਰੀ ਦੇ ਆਦੇਸ਼ ਹਵਾ ਹਵਾਈ ਹੋ ਗਏ। ਇਸ ਉਪਰੰਤ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਮੇਂ ਸਮੇਂ ਤੇ ਵੱਖ ਵੱਖ ਮੀਟਿੰਗ ਹੋਈਆ ਜਿਸ ਵਿਚ ਉਨ੍ਹਾਂ ਵੱਲੋਂ ਦਫਤਰੀ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਸਬੰਧੀ ਸਹਿਮਤੀ ਦਿੱਤੀ ਪਰ ਨਵੀ ਸਰਕਾਰ ਦੇ 10 ਮਹੀਨਿਆ ਦੋਰਾਨ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਹੀ ਦੂਰ ਨਹੀ ਹੋ ਰਹੀ ਜਿਸ ਕਰਕੇ ਮੁਲਾਜ਼ਮ ਵਰਗ ਚ ਨਿਰਾਸ਼ਾ ਪਾਈ ਜਾ ਰਹੀ ਹੈ।ਆਗੁਆ ਨੇ ਦੱਸਿਆ ਕਿ ਇਕ ਹੀ ਦਫਤਰ ਵਿਚ ਇਕ ਕਾਡਰ ਦੇ ਕੰਮ ਕਰ ਰਹੇ 2 ਮੁਲਾਜ਼ਮਾਂ ਦੀ ਤਨਖਾਹ ਦਾ ਪਾੜਾ 5000 ਰੁਪਏ ਪ੍ਰਤੀ ਮਹੀਨਾ ਹੈ।ਆਗੂਆ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਸਮੂਹ ਜ਼ਿਲ਼੍ਹਿਆ ਵਿਚ ਦਫਤਰੀ ਮੁਲਾਜ਼ਮ ਕੈਬਿਨਟ ਮੰਤਰੀ ਨੂੰ ਵਾਅਦਾ ਯਾਦ ਕਰਵਾਉਣ ਲਈ ਯਾਦ ਪੱਤਰ ਦੇਣਗੇ। ਇਸ ਤੋਂ ਇਲਾਵਾ ਜੇਕਰ ਸਰਕਾਰ ਮੰਗ ਨਹੀਂ ਪੂਰਾ ਕਰਦੀ ਤਾਂ ਜਲੰਧਰ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸਘੰਰਸ਼ ਕੀਤਾ ਜਾਵੇਗਾ।

 

Previous articleਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਦੁਆਰਾ 74ਵੇ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਇਆ ਗਿਆ
Next articleਠਾਠਾਂ ਮਾਰਦੇ ਇਕੱਠ ‘ਚ ਡਾ: ਦਾਹੀਆ ਨੇ ਲਹਿਰਾਇਆ ਦੇਸ਼ ਦਾ ਕੌਮੀ ਝੰਡਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ