ਓਮੀਕਰੋਨ: ਟੀਕਿਆਂ ਦਾ ਮੁਲਾਂਕਣ ਅਤੇ ਬੂਸਟਰ ਖੁਰਾਕ ’ਤੇ ਵੱਧ ਖੋਜ ਦੀ ਸਿਫਾਰਸ਼

ਨਵੀਂ ਦਿੱਲੀ (ਸਮਾਜ ਵੀਕਲੀ):ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਵਧਦੇ ਫਿਕਰ ਦੌਰਾਨ ਸੰਸਦੀ ਕਮੇਟੀ ਨੇ ਕਰੋਨਾ ਰੋਕੂ ਟੀਕਿਆਂ ਦੇ ਅਸਰ ਦਾ ਮੁਲਾਂਕਣ ਕੀਤੇ ਜਾਣ ਤੇ ਕਰੋਨਾ ਦੇ ਨਵੇਂ ਸਰੂਪ ਨੂੰ ਕੰਟਰੋਲ ਕਰਨ ਲਈ ਬੂਸਟਰ ਖੁਰਾਕ ਦੀ ਲੋੜ ਦੀ ਜਾਂਚ ਲਈ ਵਧੇਰੇ ਖੋਜ ਕਰਨ ਦੀ ਸਿਫਾਰਸ਼ ਕੀਤੀ ਹੈ। ਸਿਹਤ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਬੀਤੇ ਦਿਨ ਪੇਸ਼ ਕੀਤੀ ਆਪਣੀ ਰਿਪੋਰਟ ’ਚ ਇਹ ਵੀ ਕਿਹਾ ਕਿ ‘ਇਮਿਊਨੋਸਕੇਪ’ ਸਿਸਟਮ ਵਿਕਸਤ ਕਰ ਰਹੇ ਕਰੋਨਾ ਦੇ ਨਵੇਂ ਸਰੂਪ ਨਾਲ ਗੰਭੀਰਤਾ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਹੋਏ ਜਾਨ-ਮਾਲ ਦੇ ਨੁਕਸਾਨ ਦੇ ਮੱਦੇਨਜ਼ਰ ਕਮੇਟੀ ਨੇ ਕਿਹਾ ਕਿ ਸਿਹਤ ਮੰਤਰਾਲੇ ਵੱਲੋਂ ਸਾਰਕ-ਕੋਵ-2 ਨੂੰ ਠੱਲ੍ਹਣ ਜਾਂ ਰੋਕਣ ਲਈ ਕੀਤੇ ਗਏ ਸਾਰੇ ਉਪਾਅ ਪੂਰੀ ਤਰ੍ਹਾਂ ਨਾਕਾਫੀ ਸਾਬਤ ਹੋਏ ਹਨ।

ਕਮੇਟੀ ਨੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੋੜ ਅਨੁਸਾਰ ਬੈੱਡਾਂ ਦੀ ਗਿਣਤੀ ਦੀ ਉਪਲੱਭਧਤਾ ਯਕੀਨੀ ਬਣਾਉਣ ਤੇ ਆਕਸੀਜ਼ਨ ਸਿਲੰਡਰ ਤੇ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਨੂੰ ਇਸ ਸਮੇਂ ਦੀ ਵਰਤੋਂ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਚ ਕਰਨੀ ਚਾਹੀਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰੋਨਾ ਦੀ ਪਹਿਲੀ ਲਹਿਰ ਦਾ ਜ਼ਿਆਦਾ ਅਸਰ ਸ਼ਹਿਰੀ ਇਲਾਕੇ ’ਚ ਜਦਕਿ ਦੂਜੀ ਲਹਿਰ ਦਾ ਜ਼ਿਆਦਾ ਅਸਰ ਪੇਂਡੂ ਇਲਾਕੇ ’ਚ ਰਿਹਾ। ਕਮੇਟੀ ਨੇ ਕਿਹਾ ਕਿ ਦਿਹਾਤੀ ਇਲਾਕਿਆਂ ’ਚ ਟੈਸਟ ਸਹੂਲਤਾਂ ’ਚ ਸੁਧਾਰ ਦੀ ਵੱਧ ਲੋੜ ਹੈ। ਇਸ ਨੇ ਰਾਜਾਂ ’ਚ ਵੀਆਰਡੀਐੱਲ ਨਾਲ ਪੀਐੱਚਸੀ/ਸੀਐੱਚਸੀ ਵਿਚਾਲੇ ਤਾਲਮੇਲ ਬਣਾਉਣ ਦੀ ਸਿਫਾਰਸ਼ ਕੀਤੀ ਹੈ।

ਪੈਨਲ ਨੇ ਆਪਣੀ ਰਿਪੋਰਟ ’ਚ ਕਿਹਾ, ‘ਕਮੇਟੀ ਦਾ ਮੰਨਣਾ ਹੈ ਕਿ ਮਹਾਮਾਰੀ ਦਾ ਪ੍ਰਭਾਵ ਘਟਾਉਣ ਲਈ ਸੰਭਾਵੀ ਪੀੜਤ ਲੋਕਾਂ ਦਾ ਸਮੇਂ ਸਿਰ ਪਤਾ ਲਾਉਣਾ ਤੇ ਉਨ੍ਹਾਂ ਨੂੰ ਇਕਾਂਤਵਾਸ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਟੈਸਟਿੰਗ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।’ ਇਸ ਤੋਂ ਇਲਾਵਾ ਕਮੇਟੀ ਨੇ ਸਰਕਾਰ ਨੂੰ ਵੱਧ ਟੀਕਿਆਂ ਨੂੰ ਮਨਜ਼ੂਰੀ ਦੇਣ, ਵੈਕਸੀਨ ਉਤਪਾਦਨ ਤੇਜ਼ੀ ਨਾਲ ਵਧਾਉਣ, ਵੰਡ ਸਮਰੱਥਾ ਵਧਾਉਣ ਤੇ ਟੀਕਾਕਰਨ ਦਰ ’ਚ ਵਾਧੇ ਨਾਲ ਇਸ ਪ੍ਰੋਗਰਾਮ ਨੂੰ ਜੰਗੀ ਪੱਧਰ ’ਤੇ ਅੱਗੇ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਲਈ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੰਡੇ ਗਏ 64,179.55 ਕਰੋੜ ਰੁਪਏ ਦੀ ਵਰਤੋਂ ਸਬੰਧੀ ਕਾਰਜ ਯੋਜਨਾ ਤੋਂ ਵੀ ਜਾਣੂ ਕਰਵਾਉਣ ਦੀ ਮੰਗ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸਜੀਟੀਐੱਫ ਰਣਨੀਤੀ ਨਾਲ ਓਮੀਕਰੋਨ ਸਰੂਪ ਦਾ ਜਲਦੀ ਪਤਾ ਲਾਉਣ ਵਿਚ ਮਦਦ ਮਿਲੇਗੀ: ਖੋਜਕਰਤਾ
Next articleਕਰੋਨਾ ਪੀੜਤਾਂ ਨੂੰ ਮੁਆਵਜ਼ੇ ਲਈ ਕਾਂਗਰਸ ਵੱਲੋਂ ਸੋਸ਼ਲ ਮੀਡੀਆ ’ਤੇ ਮੁਹਿੰਮ ਸ਼ੁਰੂ