ਨਵੀਂ ਦਿੱਲੀ (ਸਮਾਜ ਵੀਕਲੀ): ਜੂਨੀਅਰ ਬੇਸਿਕ ਟ੍ਰੇਨਿੰਗ ਘੁਟਾਲਾ ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟਣ ਮਗਰੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅੱਜ ਸਵੇਰੇ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਗੁਰੂਗ੍ਰਾਮ ਸਥਿਤ ਨਿੱਜੀ ਰਿਹਾਇਸ਼ ’ਤੇ ਚਲੇ ਗਏ ਹਨ। ਉਨ੍ਹਾਂ ਦੀ ਸਜ਼ਾ ਬੀਤੇ ਹਫ਼ਤੇ ਖਤਮ ਹੋ ਗਈ ਸੀ ਪਰ ਕਾਨੂੰਨੀ ਕਾਰਵਾਈ ਕਰਨੀ ਅਜੇ ਬਾਕੀ ਰਹਿੰਦੀ ਸੀ। ਉਨ੍ਹਾਂ ਦੇ ਵਕੀਲਾਂ ਵੱਲੋਂ ਰਸਮੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਣ ਮਗਰੋਂ ਉਹ ਅੱਜ ਤਿਹਾੜ ਜੇਲ੍ਹ ’ਚੋਂ ਬਾਹਰ ਆਏ ਹਨ।
ਚੌਟਾਲਾ (86) ਪਹਿਲਾਂ ਹੀ ਪੈਰੋਲ ’ਤੇ ਬਾਹਰ ਸਨ। ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਉਹ ਤਿਹਾੜ ਜੇਲ੍ਹ ਪੁੱਜੇ ਸਨ। ਦਿੱਲੀ ਦੇ ਜੇਲ੍ਹ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਕਿਹਾ ਕਿ ਜ਼ਰੂਰੀ ਰਸਮੀ ਕਾਰਵਾਈ ਪੂਰੀ ਕਰਨ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਦਿੱਲੀ ਸਰਕਾਰ ਨੇ ਕਰੋਨਾ ਕਰਕੇ ਸਾਬਕਾ ਮੁੱਖ ਮੰਤਰੀ ਨੂੰ 6 ਮਹੀਨੇ ਦੀ ਛੋਟ ਦਿੱਤੀ ਸੀ। ਦਿੱਲੀ ਦੀਆਂ ਜੇਲ੍ਹਾਂ ਵਿੱਚੋਂ ਭੀੜ ਘਟਾਉਣ ਲਈ 10 ਸਾਲਾਂ ਦੀ ਸਜ਼ਾ ’ਚੋਂ ਸਾਢੇ ਨੌਂ ਸਾਲ ਪੂਰੇ ਕਰ ਚੁੱਕੇ ਕੈਦੀਆਂ ਨੂੰ ਇਹ ਰਿਆਇਤ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਅਧਿਆਪਕ ਭਰਤੀ ਘੁਟਾਲਾ ਮਾਮਲੇ ਵਿੱਚ ਉਨ੍ਹਾਂ ਨੂੰ ਸੀਬੀਆਈ ਅਦਾਲਤ ਨੇ 2013 ਨੂੰ ਜੇਲ੍ਹ ਭੇਜਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly