ਸਕੂਲ ਸਿੱਖਿਆ ਤੇ ਖੇਡ ਨੀਤੀ ਦਾ ਵੀ ਫੁੱਲ ਬੈਕ (ਡਿਫੈਂਡਰ) ਬਣਨ ਦੀ ਆਸ ਉਲੰਪੀਅਨ ਪਰਗਟ ਸਿੰਘ

ਬਲਵੀਰ ਸਿੰਘ ਬਾਸੀਆਂ ਬੇਟ 

(ਸਮਾਜ ਵੀਕਲੀ)

ਸਕੂਲ ਸਿੱਖਿਆ ਤੇ ਖੇਡ ਨੀਤੀ ਦਾ ਵੀ ਫੁੱਲ ਬੈਕ (ਡਿਫੈਂਡਰ) ਬਣਨ ਦੀ ਆਸ ਉਲੰਪੀਅਨ ਪਰਗਟ ਸਿੰਘਪੰਜਾਬ ਦੀ ਜ਼ਰਖੇਜ ਮਿੱਟੀ ਨੂੰ ਭਗਤ, ਸੂਰਮੇ, ਦਾਤੇ, ਯੋਧੇ ਤੇ ਮਹਾਨ ਵਿਅਕਤੀ ਪੈਦਾ ਕਰਨ ਦੀ ਆਣ ਹੈ। ਇਸ ਮਿੱਟੀ ਨੂੰ ਜਾਬਰਾਂ ਨੇ ਬੜਾ ਲੁੱਟਿਆ-ਕੁੱਟਿਆ ਪਰ ਇਹ ਮਿੱਟੀ ਦੀ ਆਣ ਨੂੰ ਕਦੇ ਆਂਚ ਨਾ ਆਈ। ਇਹੀ ਪੰਜਾਬ ਦਾ ਖਾਸਾ ਰਿਹਾ ਹੈ। 5 ਮਾਰਚ 1965 ਨੂੰ ਮਿੱਠਾਪੁਰ ਪਿੰਡ ਵਿੱਚ ਪੈਦਾ ਹੋਣ ਵਾਲੇ ਪਰਗਟ ਸਿੰਘ ਬਾਰੇ ਸ਼ਾਇਦ ਹੀ ਉਸ ਸਮੇਂ ਕਿਸੇ ਨੇ ਕਿਆਸਿਆ ਹੋਵੇ ਕਿ ਇਹ ਪਰਗਟ ਵੱਡਾ ਹੋ ਕੇ ਪੰਜਾਬ ਦੀਆਂ ਹੱਦਾਂ ਸਰਹੱਦਾਂ ਟੱਪ ਦੁਨੀਆਂ ਭਰ ਵਿੱਚ ਆਪਣਾ ਲੋਹਾ ਮਨਵਾਏਗਾ। ਇਹ ਪਰਗਟ ਸਿੰਘ ਨੇ ਕਰ ਦਿਖਾਇਆ। ਲਾਇਲਪੁਰ ਖਾਲਸਾ ਕਾਲਜ ਜਲੰਧਰ ਤੇ ਹਾਕੀ ਦੀ ਨਰਸਰੀ ਅਖਵਾਉਂਦੇ ਸੰਸਾਰਪੁਰ ਦੀਆਂ ਗਰਾਂਊਡਾਂ ਤੋਂ ਹਾਕੀ ਸਿੱਖਦਿਆਂ- ਖੇਡਦਿਆਂ ਉਸ ਨੇ ਦੁਨੀਆਂ ਭਰ ਦੇ ਸਾਹਮਣੇ ਸਿੳਲ, ਬਾਰਸੀਲੋਨਾ ਤੇ ਐਟਲਾਂਟਾਂ ਚ ਭਾਰਤ ਦੀ ਨੁੰਮਾਇਦਗੀ ਕੀਤੀ ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਪ੍ਰਾਪਤੀ ਹੈ।

ਖੇਡ ਸਫਰ ਦੌਰਾਨ ਭਾਰਤ ਸਰਕਾਰ ਵੱਲੋਂ ਉਸ ਨੂੰ ਵੱਡੇ ਐਵਾਰਡਾਂ ਜਿਹਨਾਂ ਵਿੱਚ ਅਰਜਨ ਐਵਾਰਡ, ਰਾਜੀਵ ਗਾਂਧੀ ਖੇਲ ਰਤਨ ਐਵਾਰਡ, ਪਦਮ ਸ਼੍ਰੀ ਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਆਦਿ ਉਸ ਦੀਆਂ ਜਿਕਰਯੋਗ ਪ੍ਰਾਪਤੀਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਉਹਨਾਂ ਨੂੰ ਐੱਸ ਪੀ ਦੇ ਅਹੁਦੇ ਨਾਲ ਨਿਵਾਜਿਆ ਤੇ ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਤਜਰਬੇ ਦਾ ਲਾਹਾ ਲੈਂਦਿਆਂ ਉਹਨਾਂ ਨੂੰ ਡਾਇਰੈਕਟਰ ਆਫ ਸਪੋਰਟਸ ਬਣਾਇਆ।

ਬੇਸ਼ੱਕ ਕੋਈ ਵੀ ਸਪੋਰਟਸ ਮੈਨ ਸਿਆਸਤਦਾਨ ਨਹੀਂ ਹੁੰਦਾ । ਕਿਉਂਕਿ ਸਪੋਰਟਸ ਤੇ ਸਿਆਸਤ ਵੱਖੋ ਵੱਖਰੇ ਰਾਹ ਹਨ। ਇਸੇ ਤਰਾਂ ਹੀ ਪਰਗਟ ਸਿੰਘ ਵੀ ਕੋਈ ਸਿਆਸਤਦਾਨ ਨਹੀਂ ਸੀ। ਕਿਉਂਕਿ ਇਹ ਸਿਆਸਤ ਦੀਆਂ ਗੋਟੀਆਂ ਦੇ ਫਿੱਟ ਨਹੀਂ ਬੈਠਦੇ। ਪਰ ਕਿਤੇ ਨਾਂ ਕਿਤੇ ਸਿਆਸੀ ਪਾਰਟੀਆਂ ਨੂੰ ਇਹੋ ਜਿਹੇ ਚਿਹਰਿਆਂ ਦੀ ਲੋੜ ਪੈਦੀ ਰਹਿੰਦੀ ਹੈ । ਸ਼ਾਇਦ ਇਸੇ ਲੋੜ ਚੋਂ ਉਪਜੇ ਹਾਲਾਤ ਅਨੁਸਾਰ ਉਹ 2012 ਵਿੱਚ ਪਹਿਲੀ ਵਾਰ ਵਿਧਾਇਕ ਬਣੇ ।ਬੇਸ਼ੱਕ ਸਿਆਸਤ ਆਪਣੇ ਏਜੰਡੇ ਅਨੁਸਾਰ ਇਹਨਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੋਵੇ। ਪਰ ਸਪੋਰਟਸ ਮੈਨ ਦੇ ਆਪਣੇ ਵੀ ਕੁਝ ਅਸੂਲ ਹੁੰਦੇ ਹਨ, ਜੋ ਉਸ ਨੇ ਖੇਡ ਗਰਾਂਊਡਾਂ ਤੋਂ ਪਸੀਨਾ ਵਹਾਉਂਦਿਆਂ ਸਿੱਖੇ ਹੁੰਦੇ ਹਨ।

ਉਹਨਾਂ ਵਿੱਚ ਅਨੁਸ਼ਾਸਨ ਦੀ ਭਾਵਨਾਂ ਕੁੱਟ ਕੁੱਟ ਕੇ ਭਰੀ ਹੁੰਦੀ ਹੈ। ਉਹਨਾਂ ਨੂੰ ਵਧੇਰੇ ਲਗਾਅ ਆਪਣੀ ਖੇਡ ਨਾਲ ਹੁੰਦਾ ਹੈ। ਉਹਨਾਂ ਨੂੰ ਮਿਲੇ ਦੋਨੋਂ ਵਿਭਾਗ ਵੀ ਖੇਡਾਂ ਤੇ ਸਿੱਖਿਆ ਨਾਲ ਸਬੰਧਤ ਹਨ। ਦੋਨੋਂ ਵਿਭਾਗ ਇੱਕ ਦੂਜੇ ਦੇ ਪੂਰਕ ਹਨ ।ਇੱਕ ਤੋਂ ਬਿਨਾਂ ਦੂਜਾ ਅਧੂਰਾ ਹੈ। ਜੇ ਖੇਡਾਂ ਤੇ ਸਿੱਖਿਆ ਦੋਨੋਂ ਇਕੱਠੇ ਹੋ ਜਾਣ ਤਾਂ ਸੋਨੇ ਤੇ ਸੁਹਾਗਾ ਹੁੰਦਾ ਹੈ। ਸਰਕਾਰੀ ਸਕੂਲਾਂ ਵਿੱਚ ਖੇਡ ਨੀਤੀ ਮੌਜੂਦਾ ਪਾਰਟੀ ਦੀ ਸਰਕਾਰ ਹੀ ਲੈ ਕੇ ਆਈ ਸੀ, ਜਿਸ ਨੂੰ ਲਾਗੂ ਵੀ ਕੀਤਾ ਗਿਆ ਤੇ ਹਰ ਸਾਲ ਸਪੋਰਟਸ ਗਰਾਂਟਾਂ ਵੀ ਸਕੂਲਾਂ ਨੂੰ ਆਉਣ ਲੱਗੀਆਂ ਪਰ ਇਹ ਨਾਕਾਫੀ ਹਨ। ਗਰਾਊਂਡ ਪੱਧਰ ਤੇ ਖੇਡਾਂ ਦੀ ਨੀਂਹ ਪ੍ਰਾਇਮਰੀ ਪੱਧਰ ਤੋਂ ਮਜਬੂਤ ਕਰਨ ਦੀ ਲੋੜ ਹੈ।

ਬੇਸ਼ੱਕ ਕਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਖੇਡਾਂ ਨਹੀਂ ਹੋ ਸਕੀਆਂ ਪਰ ਖੇਡਾਂ ਨੂੰ ਪਿਆਰ ਕਰਨ ਵਾਲੇ ਅਧਿਆਪਕ ਖੇਡਾਂ ਕਰਵਾਉਣ ਸਮੇਂ ਦੀ ਉਡੀਕ ਵਿਚ ਹਨ। ਇਸ ਤੋਂ ਇਲਾਵਾ ਪ੍ਰਾਇਮਰੀ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਲਈ ਕਲੱਸਟਰ ਜਾਂ ਬਲਾਕ ਪੱਧਰ ਤੇ ਕੋਈ ਫੰਡਾਂ ਦਾ ਪ੍ਰਬੰਧ ਵੀ ਨਹੀਂ ਕੀਤਾ ਜਾਂਦਾ ।ਸੋ ਆਸ ਹੈ ਕਿ ਇੱਕ ਖਿਡਾਰੀ ਤੋਂ ਮੰਤਰੀ ਬਣੇ ਪਰਗਟ ਸਿੰਘ ਜੀ ਇਸ ਪਾਸੇ ਜਰੂਰ ਧਿਆਨ ਦੇਣਗੇ । ਹੋ ਸਕਦਾ ਡਾਇਰੈਕਟਰ ਸਪੋਰਟਸ ਹੁੰਦਿਆਂ ਸਾਇਦ ਉਹਨਾਂ ਦੇ ਹੱਥ ਸਿਆਸਤ ਨੇ ਬੰਨ੍ਹੇ ਹੋਣ ਪਰ ਅੱਜ ਉਹ ਦੋਨਾਂ ਵਿਭਾਗਾਂ ਦੇ ਖੁਦਮੁਖਤਿਆਰ ਹਨ।

ਆਪਣੇ ਖੇਡ ਸਫਰ ਦੌਰਾਨ ਉਹ ਵਿਰੋਧੀ ਖਿਡਾਰੀ ਦੇ ਹਮਲੇ ਦਾ ਡਿਫੈਂਸ ਕਰਨਾ ਬਾਖੂਬੀ ਸਿੱਖੇ ਹੋਏ ਹਨ। ਨਵੀਆਂ ਖੇਡ ਤਕਨੀਕਾਂ ਸਿੱਖਣੀਆਂ ਤੇ ਪੁਰਾਣੇ ਤਜਰਬੇ ਸਾਂਝੇ ਕਰਦੇ ਰਹਿਣਾ ਹਰੇਕ ਖਿਡਾਰੀ ਦਾ ਗੁਣ ਹੁੰਦਾ ਹੈ ।ਕੀ ਪਤਾ ਸਿਆਸੀ ਡਿਫੈਂਡਰ ਵਾਲੇ ਗੁਣ ਵੀ ਉਹ ਸਿੱਖ ਚੁੱਕੇ ਹੋਣ ?

ਜਾਂ ਸਿਆਸਤ ਨੇ ਉਹਨਾਂ ਨੂੰ ਸਿਖਾ ਦਿੱਤਾ ਹੋਵੇ ?ਇਸ ਲਈ ਆਉਣ ਵਾਲੇ ਸਮੇਂ ਦੌਰਾਨ ਉਹ ਦੋਨਾਂ ਵਿਭਾਗਾਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਦੋਨਾਂ ਵਿੱਚ ਡਿਫੈਂਡਰ ਵਜੋਂ ਕੰਮ ਕਰਨਗੇ,ਇਹ ਪੂਰਾ ਪੰਜਾਬ ਉਹਨਾਂ ਤੋਂ ਆਸ ਕਰਦਾ ਹੈ ।ਮੰਤਰੀ ਬਣਨਾਂ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ।

ਬਲਵੀਰ ਸਿੰਘ ਬਾਸੀਆਂ
ਪਿੰਡ ਬਾਸੀਆਂ ਬੇਟ ਜਿਲ੍ਹਾ ਲੁਧਿਆਣਾ
8437600371

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੱਪਲ
Next articleਕਨ੍ਹੱਈਆ ਕੁਮਾਰ ਕਾਂਗਰਸ ਵਿੱਚ ਸ਼ਾਮਲ