ਆਵਾਜਾਈ ਦਾ ਪੁਰਾਣਾ ਰਾਹੀ – ਪਿੰਡਾਂ ਦਾ ਭੂੰਡ ਟੈਂਪੂ

 ਬਲਦੇਵ ਸਿੰਘ ਬੇਦੀ 
ਇਹ ਸਿਰਫ ਇਕ ਸਵਾਰੀ ਦਾ ਸਾਧਨ ਹੀ ਨਹੀਂ ਸੀ, ਬਲਕਿ ਪਿੰਡਾਂ ਦੇ ਲੋਕਾਂ ਵਿਚਕਾਰ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕਰਦਾ ਸੀ।
 (ਸਮਾਜ ਵੀਕਲੀ)  ਪੰਜਾਬ ਦੇ ਪਿੰਡਾਂ ਵਿਚ ਆਵਾਜਾਈ ਦੇ ਪੁਰਾਣੇ ਸਾਧਨਾਂ ਦੀ ਗੱਲ ਕਰੀਏ ਤਾਂ ਸਾਡੇ ਦਿਮਾਗ ਵਿਚ ਸਭ ਤੋਂ ਪਹਿਲਾਂ “ਭੂੰਡ” ਜਾਂ “ਜਹਾਜੀ ਟੈਂਪੂ” ਦਾ ਨਾਂ ਆਉਂਦਾ ਹੈ। ਵੈਸੇ ਇਸਦਾ ਅਸਲੀ ਨਾਂ ਹੇਨਸੀਟ ਟੈਂਪੂ (  HANSEAT TEMPO ) ਸੀ, ਜੋਕਿ ਬਹੁਤ ਘੱਟ ਲੋਕ ਜਾਣਦੇ ਸੀ। ਇਸਦਾ ਰੰਗ-ਰੂਪ ਵੇਖਣ ‘ਚ ਭਾਵੇਂ ਕਮਜੋਰ ਹੀ ਸੀ, ਪਰ ਇਸਦੇ ਸਫ਼ਰ ਦਾ ਅਨੰਦ ਉੱਚੇ ਦਰਜੇ ਦਾ ਸੀ। ਇਹ ਸਿਰਫ ਸਵਾਰੀ ਟੈਂਪੂ ਹੀ ਨਹੀਂ ਸੀ, ਸਗੋਂ ਪਿੰਡਾਂ ਦੀ ਸਧਾਰਨ ਜ਼ਿੰਦਗੀ ਅਤੇ ਲੋਕਾਂ ਦੇ ਰੁਜ਼ਗਾਰ ਦਾ ਇੱਕ ਮੁੱਖ ਹਿੱਸਾ ਵੀ ਸੀ। ਪਿਛਲੇ ਕੁਝ ਦਹਾਕਿਆਂ ਵਿਚ ਜਿਵੇਂ ਕਿ ਆਵਾਜਾਈ ਦੇ ਹੋਰ ਸਾਧਨ ਵਧਦੇ ਗਏ, ਇਹ ਭੂੰਡ ਸੜਕਾਂ ਤੋਂ ਗਾਇਬ ਹੁੰਦਾ ਗਿਆ, ਪਰ ਇਹਨਾਂ ਦੀ ਮਹੱਤਤਾ ਅਤੇ ਯਾਦਾਂ ਅਜੇ ਵੀ ਕਈਆਂ ਦੇ ਦਿਲਾਂ ‘ਚ ਵਸਦੀਆਂ ਹਨ।
ਸਾਡੇ ਵਿੱਚੋਂ ਕਈਆਂ ਨੇ ਇਸ ਦੀ ਸਵਾਰੀ ਕੀਤੀ ਹੋਣੀ, ਜਦੋਂ ਇਹ ਸਾਧਨ ਇੱਕ ਪਿੰਡ ਤੋਂ ਦੂਜੇ ਪਿੰਡ ਜਾਂ ਸ਼ਹਿਰ ਜਾਣ ਲਈ ਵਰਤਿਆ ਜਾਂਦਾ ਸੀ। ਕਿਸਾਨ ਆਪਣੇ ਖੇਤਾਂ ਤੋਂ ਅਨਾਜ ਜਾਂ ਸਬਜ਼ੀਆਂ ਇਸ ਟੈਂਪੂ ਰਾਹੀਂ ਮੰਡੀ ਤੱਕ ਪਹੁੰਚਾਉਂਦੇ ਸਨ। ਜਿਥੇ ਪਿੰਡਾ ਲਈ ਰੁਜ਼ਗਾਰ ਦਾ ਸਾਧਨ ਬਣਿਆ ਉੱਥੇ ਹੀ ਪਿੰਡਾਂ ਦੇ ਗਰੀਬ ਲੋਕਾਂ ਲਈ ਇਹ ਇੱਕ ਵੱਡੀ ਆਵਾਜਾਈ ਦਾ ਜ਼ਰੀਆ ਸੀ, ਕਿਉਂਕਿ ਇਸਦਾ ਕਿਰਾਇਆ ਵੀ ਜੇਬ ਨੂੰ ਸੂਟ ਕਰਦਾ ਸੀ।
ਇਹ ਟੈਂਪੂ ਪਿੰਡਾਂ ਦੇ ਲੋਕਾਂ ਵਿਚਕਾਰ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕਰਦਾ ਸੀ। ਸਫਰ ਦੌਰਾਨ ਲੋਕ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ, ਹਾਸੇ-ਮਜ਼ਾਕ ਕਰਦੇ, ਅਤੇ ਆਪਣੇ ਦੁਖ-ਸੁਖ ਵੰਡਦੇ। ਭੂੰਡ ਦੀ ਆਵਾਜ਼ ਅਕਸਰ ਪਿੰਡ ‘ਚ ਸਵੇਰ ਅਤੇ ਸ਼ਾਮ ਦਾ ਹਿੱਸਾ ਬਣਦੀ ਸੀ। ਕਦੇ-ਕਦੇ ਇਹਨਾਂ ਭੂੰਡਾਂ ਦੀ ਧੱਕਾ-ਮੁੱਕੀ ਲੋਕਾਂ ਲਈ ਮਜ਼ਾਕ ਅਤੇ ਚਰਚਾ ਦਾ ਵਿਸ਼ਾ ਵੀ ਬਣਦੀ। ਪਿੰਡਾਂ ਦੀਆਂ ਸਿਆਸੀ ਚਰਚਾਵਾਂ ਵੀ ਇਨ੍ਹਾਂ ਸਫ਼ਰਾਂ ਦੇ ਦੌਰਾਨ ਹੁੰਦੀਆਂ। ਟੈਂਪੂ ਵਿੱਚ ਬੈਠੇ ਲੋਕ ਬਹੁਤ ਕੁਝ ਸਿੱਖਦੇ ਸਨ। ਬੱਚੇ ਰਸਤੇ ਵਿੱਚ ਦੌੜ ਕੇ ਟੈਂਪੂ ਦੇ ਪਿੱਛੇ ਲੱਗਦੇ, ਮਸਤੀ ਕਰਦੇ। ਪਿੰਡਾਂ ਵਿੱਚ ਭੂੰਡਾਂ ਦੀ ਮੌਜੂਦਗੀ ਅਜਿਹੀ ਸੀ ਕਿ ਇਹ ਹਰ ਵੱਡੇ ਸਮਾਗਮ ਜਾਂ ਤਿਉਹਾਰ ‘ਤੇ ਦਿਖਾਈ ਦਿੰਦੇ। ਪਿੰਡ ਦੇ ਮੇਲੇ ‘ਤੇ ਜਾਂ ਮੰਡੀ ਦੇ ਦਿਨਾਂ ਚ ਤਾਂ ਟੈਂਪੂਆਂ ਦੀਆਂ ਲਾਈਨਾਂ ਹੀ ਲੱਗ ਜਾਂਦੀਆਂ। ਇਸ ਗੱਡੀ ਦੀ ਇੱਕ ਵੱਖਰੀ ਅਹਿਮੀਅਤ ਸੀ ਕਿਉਂਕਿ ਇਹ ਸਿਰਫ ਆਵਾਜਾਈ ਨਹੀਂ, ਸਗੋਂ ਪਿੰਡਾਂ ਦੀ ਸਾਂਝ ਦਾ ਪ੍ਰਤੀਕ ਵੀ ਸੀ।
ਇਕ ਪਾਸੇ ਜਿੱਥੇ ਟੈਂਪੂ ਨੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਿਆ, ਉਥੇ ਹੀ ਦੂਜੇ ਪਾਸੇ ਇਸਨੇ ਪਿੰਡਾਂ ਵਿਚ ਇਕ ਵੱਖਰਾ ਮਾਹੌਲ ਵੀ ਸਿਰਜਿਆ। ਲੋਕਾਂ ਦੀਆਂ ਅੱਖਾਂ ‘ਚ ਉਸ ਵੇਲੇ ਚਮਕ ਹੁੰਦੀ ਸੀ ਜਦੋਂ ਉਹ ਟੈਂਪੂ ਵਿੱਚ ਚੜ੍ਹ ਕੇ ਵੱਡੇ ਸ਼ਹਿਰ ਜਾਂ ਮੰਡੀ ਤੱਕ ਜਾ ਪਹੁੰਚਦੇ। ਇਹ ਭੂੰਡ ਸਿਰਫ ਤਿੰਨ ਪਹੀਏ ਵਾਲੀ ਗੱਡੀ ਹੀ ਨਹੀਂ ਸੀ, ਬਲਕਿ ਪਿੰਡਾਂ ਦੀ ਧੜਕਣ ਹੂੰਦੀ ਸੀ।
ਪਿੰਡਾਂ ਦੀ ਪੁਰਾਣੀ ਸਮਾਜਿਕ ਜ਼ਿੰਦਗੀ ਵਿੱਚ ਭੂੰਡ ਦਾ ਰੁਤਬਾ ਬੇਮਿਸਾਲ ਸੀ। ਇਹ ਲੋਕਾਂ ਨੂੰ ਜੋੜਨ, ਰੁਜ਼ਗਾਰ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਲਾ ਪਿੰਡ ਦਾ ਇੱਕ ਅਹਿਮ ਹਿੱਸਾ ਰਿਹਾ। ਪਰ ਜਿਵੇਂ-ਜਿਵੇਂ ਆਵਾਜਾਈ ਦੇ ਨਵੇਂ ਸਾਧਨ ਆਏ, ਭੂੰਡਾਂ ਦੀ ਵਰਤੋਂ ਘੱਟ ਹੋਣ ਲੱਗੀ। ਮੋਟਰਸਾਈਕਲਾਂ, ਕਾਰਾਂ, ਬੱਸਾਂ ਅਤੇ ਹੋਰ ਆਧੁਨਿਕ ਗੱਡੀਆਂ ਨੇ ਭੂੰਡ ਟੈਂਪੂ ਦੀ ਜਗ੍ਹਾ ਲੈ ਲਈ। ਹੁਣ ਬਹੁਤੇ ਪਿੰਡਾਂ ‘ਚੋਂ ਤਾਂ ਇਹ ਭੂੰਡ ਗਾਇਬ ਹੀ ਹੋ ਗਿਆ, ਪਰ ਜਦੋਂ ਕਦੇ ਵੀ ਇਹ ਕਿਸੇ ਪਿੰਡ ਦੀ ਗਲੀ ਵਿੱਚ ਨਜ਼ਰ ਆਉਂਦਾ ਹੈ ਤਾਂ ਲੰਘਿਆ ਹੋਇਆ ਵੇਲਾ ਯਾਦ ਕਰਵਾਉਂਦਾ ਹੈ ਜਦੋਂ ਸਵਾਰੀਆਂ ਇਸ ‘ਚ ਬੈਠਕੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੀਆਂ ਸਨ।
✍️ ਬਲਦੇਵ ਸਿੰਘ ਬੇਦੀ 
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਚੰਗੇ ਲੋਕ ਬੁਰੇ ਲੋਕ
Next articleਪਿੰਜਰੇ ਦਾ ਤੋਤਾ