ਪੁਰਾਣੀ ਪੈਨਸ਼ਨ ਅਤੇ ਕੱਟੇ ਹੋਏ ਭੱਤਿਆਂ ਨੂੰ ਜਲਦ ਬਹਾਲ ਕਰੇ ਪੰਜਾਬ ਸਰਕਾਰ -ਜੀਟੀਯੂ ਪੰਜਾਬ

*ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਤੇ ਤੁਰੰਤ ਮਰਜ ਕੀਤਾ ਜਾਵੇ-ਸੁਖਵਿੰਦਰ ਸਿੰਘ ਚਾਹਲ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਇਕਾਈ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਸੂਬਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਅਤੇ ਸਹਾਇਕ ਪ੍ਰੈਸ ਗਣੇਸ਼ ਭਗਤ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਲੱਖਾਂ ਹੀ ਮੁਲਾਜ਼ਮਾਂ ਦੇ ਭਵਿੱਖ ਦੀ ਡੰਗੋਰੀ ਪੁਰਾਣੀ ਪੈਨਸ਼ਨ ਅਤੇ ਪਿਛਲੀ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਕੱਟੇ ਹੋਏ ਅਨੇਕਾਂ ਭੱਤਿਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਾਂ ਤਦ ਤੱਕ ਪੰਜਾਬ ਦੇ ਅਧਿਆਪਕ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਹਰ ਸੰਭਵ ਸੰਘਰਸ਼ ਲੜਨਗੇ ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਮੌਜੂਦਾ ਸਰਕਾਰ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਸ ਨਾਲੋਂ ਵੱਧ 92 ਸੀਟਾਂ ਜਿਤਾਉਣ ਵਿੱਚ ਮੁਲਾਜ਼ਮ ਵਰਗ ਦਾ ਬਹੁਤ ਵੱਡਾ ਰੋਲ ਰਿਹਾ ਹੈ। ਪਰ ਸ਼ਾਇਦ ਬਾਅਦ ਵਿੱਚ ਭਗਵੰਤ ਮਾਨ ਸਰਕਾਰ ਕਿਸੇ ਭੁਲੇਖੇ ਦਾ ਸ਼ਿਕਾਰ ਹੋ ਗਈ ਜਿਸ ਦੇ ਨਤੀਜੇ ਵਜੋਂ ਲੋਕ ਸਭਾ ਚੋਣਾਂ 2024 ਦੌਰਾਨ ਮੌਜੂਦਾ ਸਰਕਾਰ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਕਿਉਂਕਿ ਇਹ ਮੁਲਾਜ਼ਮਾਂ ਦਾ ਸੰਘਰਸ਼  ਹੀ ਸੀ ਕਿ 13 ਸੀਟਾਂ ਜਿੱਤਣ ਦੀ ਆਸ ਲਾਈ ਬੈਠੀ ਸਰਕਾਰ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ। ਉਹਨਾਂ ਕਿਹਾ ਕਿ ਮੌਜੂਦਾ ਸਿੱਖਿਆ ਦੇ ਢਾਂਚੇ ਵਿੱਚ ਕੰਪਿਊਟਰ ਅਧਿਆਪਕਾਂ ਦਾ ਬਹੁਤ ਹੀ ਅਹਿਮ ਰੋਲ ਹੈ ਪਰ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਤੇ ਮਰਜ਼ ਹੋਣ ਦੀ ਇੱਕੋ-ਇੱਕ ਮੰਗ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਉਹ ਨਿੱਜੀ ਰੂਪ ਵਿੱਚ ਦਖ਼ਲ ਦੇ ਕੇ ਅਧਿਆਪਕਾਂ ਦੇ ਹਰ ਵਰਗ ਦੀਆਂ ਪਦ-ਉੱਨਤੀਆਂ ਅਤੇ ਬਦਲੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਪਹਿਲ ਦੇ ਆਧਾਰ ਤੇ ਕਰਾਉਣ ਤਾਂ ਜੋ ਪੰਜਾਬ ਦੇ ਸਕੂਲਾਂ ਨੂੰ ਪ੍ਰਿੰਸੀਪਲ /ਮੁੱਖ-ਅਧਿਆਪਕ ਅਤੇ ਵਿਦਿਆਰਥੀਆਂ ਨੂੰ ਹਰ ਵਿਸ਼ੇ ਦੇ ਅਧਿਆਪਕ ਮਿਲ ਸਕਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਸਿੱਖਿਆ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਲ 2023-24 ਦੀਆਂ ਗਰਾਂਟਾਂ ਜੋ ਅਚਾਨਕ ਸਰਕਾਰ ਵੱਲੋਂ ਵਾਪਸ ਲੈ ਲਈਆਂ ਸਨ ਨੂੰ ਜਲਦ ਮੁੜ ਸਕੂਲਾਂ ਨੂੰ ਜਾਰੀ ਕੀਤੀਆਂ ਜਾਣ ਤਾਂ ਜੋ ਅਧਿਆਪਕਾਂ ਵੱਲੋਂ ਜੇਬਾਂ ਵਿਚੋਂ ਖਰਚੇ ਪੈਸੇ ਵਾਪਸ ਮਿਲ ਸਕਣ। ਮੀਟਿੰਗ ਵਿੱਚ ਅਧਿਆਪਕ ਵਰਗ ਦੇ ਅਨੇਕਾਂ ਗੰਭੀਰ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉੱਚ ਅਧਿਕਾਰੀਆਂ ਨੂੰ ਅਧਿਆਪਕ ਮੰਗਾਂ ਤੇ ਏਜੰਡੇ ਦਿੱਤੇ ਗਏ। ਇਸ ਮੌਕੇ ਸੂਬਾ ਕਮੇਟੀ ਮੈਂਬਰ ਰਵਿੰਦਰ ਪੱਪੀ ,ਬਲਵਿੰਦਰ ਭੁੱਟੋ, ਰਜੀਵ ਹਾਂਡਾ ,ਜਸਵਿੰਦਰ ਸਮਾਣਾ ,ਸੁੱਚਾ ਸਿੰਘ ਟਰਪਈ ,ਮਨਪ੍ਰੀਤ ਸਿੰਘ ਮੋਹਾਲੀ, ਜਗਜੀਤ ਮਾਨ, ਪ੍ਰਿਤਪਾਲ ਸਿੰਘ ਚੌਟਾਲਾ ,ਸੰਜੀਵ ਧੂਤ ,ਵਿਕਾਸ ਸ਼ਰਮਾ, ਸੁਰਜੀਤ ਸਿੰਘ ਮੋਹਾਲੀ,ਗੁਰਮੇਲ ਸਿੰਘ ਕੁਰੜੀਆਂ ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ, ਭੁਪਿੰਦਰ ਸਿੰਘ ਫਿਰੋਜ਼ਪੁਰ, ਨਿਸ਼ਾਨ ਸਿੰਘ ਸਮੇਤ ਅਨੇਕਾਂ ਅਧਿਆਪਕ ਆਗੂ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਟੀ ਟੀ-20 ਵਿਸ਼ਵ ਜਿੱਤ ਸਿਰਫ਼ ਕ੍ਰਿਕਟ ਦੀ ਸਫ਼ਲਤਾ ਨਹੀਂ ਹੈ, ਸਗੋਂ ਰਾਸ਼ਟਰੀ ਮਾਣ ਦਾ ਪਲ ਹੈ -ਸ਼ਾਬਾਸ਼ ਟੀਮ ਇੰਡੀਆ। ਲੱਗੇ ਰਹੋ!
Next articleਮਨੁੱਖੀ ਸੁਭਾਅ ਨੂੰ ਸਮਝਣਾ