ਕਿਹਾ, ਸੋਸ਼ਲ ਮੀਡੀਆ ਜ਼ਰੀਏ ਮਿਲ ਰਹੀਆਂ ਗੈਰ-ਜ਼ਰੂਰੀ ਸਲਾਹਾਂ ਅਤੇ ਅਫਵਾਹਾਂ ਉੱਤੇ ਗੌਰ ਨਾ ਕੀਤਾ ਜਾਵੇ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿਚ ਭਾਰਤ-ਪਾਕਿ ਤਣਾਅ ਮਗਰੋਂ ਪੈਦਾ ਹੋਏ ਹਾਲਾਤ ਬਾਰੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਜ਼ਰੂਰੀ ਵਸਤਾਂ, ਜਿਵੇਂ ਤੇਲ, ਰਸੋਈ ਗੈਸ, ਦਵਾਈਆਂ ਅਤੇ ਰਾਸ਼ਨ ਆਦਿ ਦੀ ਕੋਈ ਘਾਟ ਨਹੀਂ ਹੈ। ਇਸ ਲਈ ਲੋਕ ਬਿਨਾਂ ਸੋਚੇ ਸਮਝੇ ਇਹ ਵਸਤਾਂ ਭੰਡਾਰ ਕਰਕੇ ਕਾਲਾਬਾਜ਼ਾਰੀ ਨੂੰ ਉਤਸ਼ਾਹਿਤ ਨਾ ਕਰਨ। ਉਨ੍ਹਾਂ ਜਰੂਰੀ ਵਸਤਾਂ ਦਾ ਭੰਡਾਰ ਕਰਕੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜ਼ਰੀਏ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਅਤੇ ਦਿੱਤੀਆਂ ਜਾ ਰਹੀਆਂ ਗੈਰ-ਜ਼ਰੂਰੀ ਸਲਾਹਾਂ ਉੱਤੇ ਅਮਲ ਨਾ ਕਰਨ। ਉਨ੍ਹਾਂ ਕਿਹਾ ਕਿ ਹਰੇਕ ਸੂਚਨਾ, ਖ਼ਬਰ ਜਾਂ ਸਲਾਹ ਦੀ ਪੁਸ਼ਟੀ ਕਰਕੇ ਉਸ ਉੱਤੇ ਅਮਲ ਕੀਤਾ ਜਾਵੇ ਅਤੇ ਉਸ ਨੂੰ ਤਾਂ ਹੀ ਅੱਗੇ ਸ਼ੇਅਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਸੋਚੇ ਅਜਿਹੀਆਂ ਖ਼ਬਰਾਂ ਜਾਂ ਸਲਾਹਾਂ ਨੂੰ ਸ਼ੇਅਰ ਕਰਕੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਨਾ ਪੈਦਾ ਕੀਤਾ ਜਾਵੇ।


