ਹਾਏ! ਲੋਕ ਕੀ ਕਹਿਣਗੇ……

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਲੋਕ ਕੀ ਕਹਿਣਗੇ! ਇਹ ਗੱਲ ਖ਼ਾਸ ਕਰਕੇ ਸਾਡੇ ਸਮਾਜ ਵਿੱਚ ਕਈ ਲੋਕਾਂ ਦੀ ਤਰੱਕੀ ਕਰਨ ਵਿੱਚ ਰੋੜਾ ਬਣਦੀ ਹੈ। ਹੁਣ ਇਹੀ ਗੱਲ ਸੋਚ ਕੇ ਕਈ ਲੋਕ ਆਪਣੀ ਮੰਜ਼ਿਲ ਵੱਲ ਨਹੀਂ ਵੱਧ ਪਾਉਂਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਮੈਂ ਇਹ ਕੰਮ ਕਰਾਂਗਾ, ਪਤਾ ਨਹੀਂ ਲੋਕ ਕੀ ਸੋਚਣਗੇ । ਉਹ ਕੰਮ ਕਰੋ, ਜੋ ਤੁਹਾਡੀ ਰੂਹ ਨੂੰ ਵੀ ਸਕੂਨ ਦੇਵੇ। ਉਨ੍ਹਾਂ ਦੇ ਜ਼ਹਿਨ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜੇ ਅਸੀਂ ਕੋਈ ਸਹੀ,ਚੰਗਾ ਕੰਮ ਕਰਨਾ ਹੈ, ਅੱਗੇ ਵੱਧਣਾ ਹੈ, ਤਾਂ ਸਾਨੂੰ ਘਬਰਾਉਣ ਦੀ ਕੀ ਲੋੜ ਹੈ ? ਕਿਉਂ ਅਸੀਂ ਫਾਲਤੂ ਦੀ ਚਿੰਤਾ ਕਰਦੇ ਹਾਂ। ਟੈਂਸ਼ਨ ਲੈਣ ਨਾਲ ਆਪਣਾ ਦਿਮਾਗ ਖ਼ਰਾਬ ਕਰ ਲੈਂਦੇ ਹਾਂ। ਤੁਸੀਂ ਲੋਕਾਂ ਦੀ ਕਿਉਂ ਪਰਵਾਹ ਕਰਦੇ ਹੋ? ਜੇ ਅਸੀਂ ਕੋਈ ਗ਼ਲਤ ਕੰਮ ਕਰਾਂਗੇ ਤਾਂ ਲੋਕਾਂ ਦੀ ਪਰਵਾਹ ਕਰੋ। ਕਿ ਸਾਡਾ ਸਮਾਜ ਵਿੱਚ ਰੁੱਤਬਾ ਘਟੇਗਾ।ਸਾਡੇ ਪਰਿਵਾਰ ਦੀ ਸਮਾਜ ਵਿੱਚ ਇੱਜ਼ਤ ਨਹੀਂ ਰਹੇਗੀ। ਇਸ ਗੱਲ ਦੀ ਪ੍ਰਵਾਹ ਕਰਨੀ ਚਾਹੀਦੀ ਹੈ। ਚੰਗੇ ਕੰਮਾਂ ਲਈ ਕਦੇ ਵੀ ਸਮਾਜ ਦੀ ਪਰਵਾਹ ਨਾ ਕਰੋ। ਦਿਲ ਤੇ ਕਦੇ ਵੀ ਕਿਸੇ ਦੀ ਗੱਲ ਨਾ ਲੱਗਾਓ।

ਉਦਾਰਣ ਦੇ ਤੋਰ ਤੇ ਜੋ ਬੱਚੇ ਸਿਵਲ ਸਰਵਿਸਿਜ਼, ਜਾਂ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੁੰਦੇ ਹਨ, ਤਕਰੀਬਨ ਉਨ੍ਹਾਂ ਵਿਚੋਂ ਕਈ ਬੱਚੇ ਗਰੀਬ, ਪਿਛੜੇ ਇਲਾਕੇ ਨਾਲ ਸਬੰਧ ਰੱਖਣ ਵਾਲੇ ਹੁੰਦੇ ਹਨ। ਉਨ੍ਹਾਂ ਕੋਲ ਚੰਗੇ ਸਾਧਨਾਂ ਦੀ ਥੋੜ ਹੁੰਦੀ ਹੈ। ਜਦੋਂ ਨਤੀਜਾ ਆਉਂਦਾ ਹੈ ਤਾਂ ਉਹ ਇੰਟਰਵਿਊ ਦਿੰਦੇ ਹਨ ਕਿ ਉਹ ਘਰ ਘਰ ਅਖ਼ਬਾਰ ਸੁੱਟਦੇ ਸਨ , ਜਾਂ ਕਿਸੇ ਢਾਬੇ ਤੇ ਨੌਕਰੀ ਕਰਦੇ ਸਨ, ਮਜ਼ਦੂਰੀ ਕਰਦੇ ਸਨ , ਜਾਂ ਕਿਸੇ ਕੰਪਨੀ ਵਿੱਚ ਸਕਿਉਰਟੀ ਗਾਰਡ ਦੀ ਨੌਕਰੀ ਕਰਦੇ ਸਨ । ਹਾਲਾਂਕਿ ਲੋਕਾਂ ਨੇ ਬਥੇਰਾ ਉਨ੍ਹਾਂ ਤੇ ਕਿੱਚੜ ਸੁਟਿਆ ਹੋਣਾ। ਪਰ ਉਹਨਾਂ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ । ਵਿਚਾਰਨ ਵਾਲੀ ਗੱਲ ਹੈ ਦੇਖੋ ਉਨ੍ਹਾਂ ਉਮੀਦਵਾਰਾਂ ਨੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਾਜ ਦੀ ਪ੍ਰਵਾਹ ਨਹੀਂ ਕੀਤੀ। ਅਕਸਰ ਦੇਖਿਆ ਜਾਂਦਾ ਹੈ ਕਿ ਗਰੀਬ ਇਨਸਾਨ ਨੂੰ ਹਰ ਕੋਈ ਟਿੱਚਰ ਕਰਦਾ ਹੈ। ਅਜਿਹੀਆਂ ਉਦਾਹਰਣਾਂ ਸਾਡੇ ਸਾਹਮਣੇ ਬਹੁਤ ਹੁੰਦੀਆਂ ਹਨ। ਅਜਿਹੀਆਂ ਉਦਾਹਰਣਾਂ ਕਾਰਨ ਹੀ ਸਾਡੇ ਸਮਾਜ ਵਿੱਚ ਕਈ ਲੋਕਾਂ ਦੇ ਆਪਣੇ ਆਪ ਮੂੰਹ ਬੰਦ ਹੋ ਜਾਂਦੇ ਹਨ। ਜਦੋਂ ਬੰਦਾ ਮੰਜ਼ਿਲ ਸਰ ਕਰ ਲੈਂਦਾ ਹੈ।

ਪਿੱਛੇ ਜਿਹੇ ਦੇਖਿਆ ਕਿ ਸਰਕਾਰੀ ਦਫਤਰਾਂ ਵਿਚ ਅਫ਼ਸਰ ਸਾਈਕਲ ਤੇ ਗਏ। ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਸਿਹਤ ਵੀ ਸਹੀ ਰਹਿੰਦੀ ਹੈ। ਕਸਰਤ ਵੀ ਹੋ ਜਾਂਦੀ ਹੈ। ਹੁਣ ਜੇ ਅਸੀਂ ਆਪਣੇ ਘਰ ਵਿਚ ਕਿਸੇ ਬੰਦੇ ਨੂੰ ਇਹ ਗੱਲ ਕਹਿ ਦੇਈਏ ਕਿ ਜਾਂ ਮਾਰਕੀਟ ਤੋਂ ਸਾਈਕਲ ਤੇ ਜਾ ਕੇ ਸਾਮਾਨ ਲੈ ਆ। ਅੱਗੋਂ ਜਵਾਬ ਮਿਲਦਾ ਹੈ ਕਿ ਲੈ ਤੈਨੂੰ ਪਤਾ,ਲੋਕ ਕੀ ਕਹਿਣਗੇ? ਲੋਕ ਸੋਚਣਗੇ ਕਿ ਇਨ੍ਹਾਂ ਕੋਲ ਗੱਡੀ ਵਿੱਚ ਤੇਲ ਪਵਾਉਣ ਲਈ ਪੈਸੇ ਨਹੀਂ ਹੋਣਗੇ, ਤਾਂ ਹੀ ਸਾਈਕਲ ਤੇ ਜਾ ਰਿਹਾ ਹੈ।ਦੇਖੋ ਤੁਹਾਨੂੰ ਲੋਕਾਂ ਦੀ ਫ਼ਿਕਰ ਪਹਿਲਾਂ ਪੈ ਗਈ। ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਦਿਖਾਵੇ ਦੀ ਹੋੜ ਬਹੁਤ ਜ਼ਿਆਦਾ ਹੈ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ।ਜੇ ਫਲਾਣੇ ਬੰਦੇ ਨੇ ਪਿੰਡ ਵਿੱਚ ਮਹਿੰਗੇ ਮੈਰਿਜ਼ ਪੈਲੇਸ ਵਿੱਚ ਵਿਆਹ ਕਰਿਆ ਤਾਂ ਮੈਂ ਕਿਉਂ ਪਿਛੇ ਰਹਾਂ। ਚਾਹੇ ਕਰਜ਼ਾ ਚੁੱਕਣਾ ਪੈ ਜਾਏ।ਲੋਕ ਕੀ ਸੋਚਣਗੇ ਕਿ ਇੱਕਲਾ ਮੁੰਡਾ ਸੀ, ਪਿੰਡ ਦੇ ਜੰਝ ਘਰ ਵਿੱਚ ਹੀ ਵਿਆਹ ਕਰ ਦਿੱਤਾ। ਪੈਸੇ ਬਚਾ ਲਏ।

ਫ਼ੋਕੀ ਸ਼ੁਹਰਤ,ਵਾਹ ਵਾਹ ਕਰਾਉਣ ਲਈ, ਕਰਜ਼ਈ ਜ਼ਰੂਰ ਹੋਣਾ। ਲੋਕਾਂ ਨੇ ਤਾਂ ਖਾ ਪੀ ਕੇ ਨਿਕਲ ਜਾਣਾ। ਠੀਕ ਇਸੇ ਤਰ੍ਹਾਂ ਜੇ ਮੈਂ ਵਿਆਹ ਵਿੱਚ ਦਾਰੂ ਮੀਟ ਨਹੀਂ ਪਿਆਉਦਾਂ ਤਾਂ ਲੋਕ ਕੀ ਕਹਿਣਗੇ।ਜੇ ਮੈਂ ਵਿਆਹ ਵਿੱਚ ਲੰਬਾ ਕੋਰਟ ਪਾ ਲਿਆ ਤਾਂ ਲੋਕ ਕੀ ਕਹਿਣਗੇ।ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਲੋਕਾਂ ਦੀ ਫ਼ਿਕਰ ਹੈ।ਰੋਟੀ ਤੁਹਾਨੂੰ ਲੋਕਾਂ ਨੇ ਨਹੀਂ ਦੇਣੀ। ਮਿਹਨਤ ਕਰਕੇ ਹੀ ਤੁਹਾਨੂੰ ਰੋਟੀ ਮਿਲੇਗੀ। ਅਕਸਰ ਜੇ ਕੋਈ ਬੰਦਾ ਟੈਂਟਾ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ, ਪਰਿਵਾਰ ਵਿੱਚ ਸਲਾਹ ਲਈ ਜਾਂਦੀ ਹੈ।ਕਿ ਮੈਂ ਇਹ ਕੰਮ ਕਰਨਾ ਹੈ। ਕਈ ਵਾਰ ਪਰਿਵਾਰਕ ਮੈਂਬਰ ਹੀ ਕਹਿਣ ਲੱਗ ਜਾਂਦੇ ਨੇ ਲੈ ਤੂੰ ਝੂਠੇ ਭਾਂਡੇ ਮਾਂਝੇਗਾ।ਸਮਾਜ ਵਿੱਚ ਸਾਡੀ ਇੱਜ਼ਤ ਹੈ।ਲੋਕ ਕੀ ਕਹਿਣਗੇ??ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਲੋਕਾਂ ਨੇ ਤੁਹਾਨੂੰ ਖਾਣ ਨੂੰ ਨਹੀਂ ਦੇਣਾ। ਅਜਿਹੀਆਂ ਗੱਲਾਂ ਕਾਰਨ ਉਸ ਇਨਸਾਨ ਦਾ ਹੌਸਲਾ ਟੁੱਟ ਜਾਂਦਾ ਹੈ। ਦੇਖਣ ਵਿਚ ਆਉਂਦਾ ਹੈ ਕਿ ਪਰਿਵਾਰ ਵਿੱਚ ਜੋ ਬੱਚਾ ਕੰਮਕਾਜ ਸ਼ੁਰੂ ਕਰਨਾ ਚਾਹੁੰਦਾ ਹੈ, ਉਸ ਨੂੰ ਟੋਕ ਦਿੱਤਾ ਜਾਂਦਾ ਹੈ।

ਕਈ ਕੰਮਾਂ ਵਿੱਚ ਲੋਕਾਂ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਜੇ ਆਪਣੇ ਘਰ ਦੇ ਬਜ਼ੁਰਗਾਂ ਦੀ ਕਦਰ ਨਹੀਂ ਕਰਾਂਗੇ। ਅੱਜਕੱਲ ਬਜੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ । ਇਸ ਗੱਲ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਕਿ ਜੇ ਮੈਂ ਆਪਣੇ ਘਰ ਦੇ ਬਜ਼ੁਰਗਾਂ ਦਾ ਆਦਰ ਸਤਿਕਾਰ ਨਹੀਂ ਕਰਾਂਗਾ, ਤਾਂ ਲੋਕ ਕੀ ਸੋਚਣਗੇ?ਨਸ਼ਿਆਂ ਦਾ ਸੇਵਨ ਕਰਾਂਗੇ। ਕਿਸੇ ਨਾਲ ਠੱਗੀ ਮਾਰਾਂਗੇ।ਉਧਾਰ ਲਿਆ ਪੈਸਾ ਵਾਪਿਸ ਨਹੀਂ ਕਰਾਂਗਾ।ਕਿਸੇ ਨੂੰ ਉੱਚਾ ਬੋਲ ਬੋਲਾਂਗੇ। ਅਜਿਹੀਆਂ ਗੱਲਾਂ ਦੀ ਸਾਨੂੰ ਲੋਕਾਂ ਦੀ ਪ੍ਰਵਾਹ ਕਰਨੀ ਚਾਹੀਦੀ ਹੈ। ਕੰਮ ਓਹੀ ਕਰੋ, ਜੋ ਤਹਾਨੂੰ ਚੰਗਾ ਲੱਗੇ। ਚੰਗਾ ਕੰਮ ਕਰਦਿਆਂ ਕਦੇ ਵੀ ਕਿਸੇ ਦੀ ਪਰਵਾਹ ਨਾ ਕਰੋ। ਆਪ ਵੀ ਕਦੇ ਕਿਸੇ ਨੂੰ ਟਿੱਚਰ ਨਾ ਕਰੋ। ਜੇ ਮਾੜਾ ਕੰਮ ਕਰਾਂਗੇ ਤਾਂ ਫ਼ਿਰ ਲੋਕਾਂ ਦੀਆਂ ਸੁਣਨੀਆਂ ਪੈਣਗੀਆਂ ।ਉਨ੍ਹਾਂ ਦੀ ਵੀ ਸੁਨਣੀ ਪਵੇਗੀ ਜਿਨ੍ਹਾਂ ਦੇ ਮੁੰਹ ਵਿੱਚ ਜੁਬਾਨ ਵੀ ਨਹੀਂ ਹੁੰਦੀ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

Previous articleਆਪ ਵਰਕਰਾਂ ਵੱਲੋਂ ਜਸਵੀਰ ਜਲਾਲਪੁਰੀ ਨੂੰ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਉਤਾਰੇ ਜਾਣ ਦੀ ਮੰਗ
Next article*ਡੇਰਾਬੱਸੀ ਹਲਕੇ ਦੇ 23 ਪਿੰਡਾਂ ਲਈ 11732960 ਰੁਪਏ ਦੀ ਗ੍ਰਾਂਟ ਕੀਤੀ ਜਾਰੀ*