ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਕੁਦਰਤੀ ਸਰੋਤ ਰੇਤਾ ਜੋ ਕਿ ਦਰਿਆਵਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਤੇ ਮੁੱਢ ਕਦੀਮੋਂ ਹੀ ਇਹ ਬਣ ਰਹੀਆਂ ਇਮਾਰਤਾਂ ਦੇ ਵਿੱਚ ਵਰਤਿਆ ਜਾਂਦਾ ਹੈ ਜਿਸ ਨਾਲ ਬਣ ਰਹੀ ਇਮਾਰਤ ਨੂੰ ਮਜਬੂਤੀ ਮਿਲਦੀ ਹੈ। ਰੇਤਾ ਇੱਕ ਅਜਿਹੀ ਜਰੂਰੀ ਚੀਜ਼ ਹੈ ਜਿਸ ਦੀ ਜਰੂਰਤ ਹਰ ਇੱਕ ਨੂੰ ਹੀ ਰਹਿੰਦੀ ਹੈ ਇਹ ਕੁਦਰਤੀ ਸਰੋਤ ਸਾਨੂੰ ਮੁਫਤ ਵਿੱਚ ਹੀ ਪ੍ਰਾਪਤ ਹੁੰਦਾ ਹੈ ਕੋਈ ਸਮਾਂ ਸੀ ਜਦੋਂ ਰੇਤਾ ਦਰਿਆਵਾਂ ਚੋਆਂ ਸੂਇਆ ਨਹਿਰਾਂ ਦੇ ਵਿੱਚੋਂ ਆਮ ਹੀ ਪ੍ਰਾਪਤ ਹੋ ਜਾਂਦਾ ਸੀ ਜਿਸ ਨੂੰ ਵੀ ਲੋੜ ਹੁੰਦੀ ਸੀ ਉਹ ਉਥੋਂ ਰੇਤ ਪ੍ਰਾਪਤ ਕਰਕੇ ਆਪਣਾ ਕੰਮ ਸਾਰ ਲੈਂਦਾ ਸੀ।
ਪਰ ਇਸ ਰੇਤ ਦੇ ਉੱਪਰ ਸਿਆਸੀ ਆਗੂਆਂ ਦੀ ਅਜਿਹੀ ਨਿਗ੍ਹਾ ਚੜੀ ਕਿ ਹੌਲੀ ਹੌਲੀ ਹੁੰਦਾ ਹੋਇਆ ਇਹ ਰੇਤ ਅੱਜ ਸੋਨੇ ਦੇ ਭਾਅ ਹੋ ਗਿਆ ਹੈ ਇਸ ਰੇਤੇ ਦਾ ਬਹੁਤਾ ਰਾਮ ਰੌਲਾ ਕੋਈ ਤਿੰਨ ਕੁ ਦਹਾਕੇ ਤੋਂ ਪੈਣਾ ਸ਼ੁਰੂ ਹੋਇਆ ਅੱਜ ਰੇਤ ਕਿਵੇਂ ਤੇ ਕਿੱਥੇ ਪੁੱਜ ਗਿਆ ਹੈ ਇਹ ਸਭ ਨੂੰ ਹੀ ਪਤਾ ਹੈ। ਰੇਤ ਦੇ ਉੱਪਰ ਉਸ ਰਾਜਨੀਤਿਕ ਪਾਰਟੀ ਦਾ ਕਬਜ਼ਾ ਹੋ ਜਾਂਦਾ ਹੈ ਜੋ ਕਿ ਪੰਜਾਬ ਉੱਪਰ ਹਾਕਮ ਧਿਰ ਭਾਵ ਰਾਜ ਕਰਦੀ ਹੈ। ਜਿਹੜੀਆਂ ਵੀ ਸਰਕਾਰਾਂ ਪੰਜਾਬ ਵਿੱਚ ਸਮੇਂ ਸਮੇਂ ਉੱਤੇ ਕਾਬਜ਼ ਰਹੀਆਂ ਉਹਨਾਂ ਦਾ ਕਿਸੇ ਨਾ ਕਿਸੇ ਪਾਸਿਓਂ ਜਾ ਕੇ ਨਾਮ ਰੇਤ ਦੇ ਨਾਲ ਜੁੜ ਹੀ ਜਾਂਦਾ ਸੀ ਪਰ ਬੀਤੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਸਾਰੇ ਪਾਸੇ ਰੇਤਾ ਰੇਤਾ ਹੋ ਗਈ ਜਦੋਂ ਉਸ ਸਮੇਂ ਦੀ ਸਰਕਾਰ ਵਿੱਚ ਸ਼ਾਮਿਲ ਰਾਜਨੀਤਿਕ ਆਗੂਆਂ ਨੇ ਆਪਣਾ ਸਿਆਸੀ ਲਾਹਾ ਲੈਂਦਿਆਂ ਰੇਤੇ ਉੱਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਕੈਪਟਨ ਸਰਕਾਰ ਸੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਵਾਈ ਜਹਾਜ ਵਿੱਚ ਅਸਮਾਨ ਵਿੱਚ ਉੱਡਦੇ ਹੋਏ ਵੀ ਰੇਤੇ ਦੀਆਂ ਖੱਡਾਂ ਉੱਤੇ ਨਜ਼ਰਸਾਨੀ ਕਰਦੇ ਰਹੇ ਮੌਜੂਦਾ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਸਰਕਾਰ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਉਸ ਵੇਲੇ ਇਸ ਦਾ ਪ੍ਰਮੁੱਖ ਮੁੱਦਾ ਇਹੀ ਹੁੰਦਾ ਸੀ ਕਿ ਅਸੀਂ ਪੰਜਾਬ ਵਿੱਚ ਜੋ ਰੇਤੇ ਦੀ ਕਲਾ ਬਜ਼ਾਰੀ ਹੋ ਰਹੀ ਹੈ ਉਸ ਨੂੰ ਠਲ ਹੀ ਨਹੀਂ ਪਾਵਾਂਗੇ ਸਗੋਂ ਖਤਮ ਕਰਾਂਗੇ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਖੱਡਾ ਦੇ ਉੱਪਰ ਜਾ ਕੇ ਰੇਤ ਸਸਤਾ ਕਰਨ ਦੀਆਂ ਗੱਲਾਂ ਬਾਤਾਂ ਕੀਤੀਆਂ ਪਰ ਹੋਇਆ ਕੁਝ ਵੀ ਨਹੀਂ ਰੇਤੇ ਦੀ ਕਲਾ ਬਜ਼ਾਰੀ ਦੇ ਵਿੱਚ ਜੋ ਲੋਕ ਸ਼ਾਮਿਲ ਹੋਏ ਹਨ ਉਹ ਇੰਨੇ ਅਮੀਰ ਬਣ ਗਏ ਕਿ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰੇਤੇ ਦੀ ਲੁੱਟਮਾਰ ਹੋ ਰਹੀ ਹੈ। ਜਿਹੜਾ ਰੇਤਾ ਕਿਸੇ ਸਮੇਂ ਰੇੜੀਆਂ ਜਾਂ ਟਰਾਲੀਆਂ ਉੱਪਰ ਆਉਂਦਾ ਸੀ ਅੱਜ ਇਹ ਰੇਤਾ ਵੱਡੇ ਵੱਡੇ ਮਹਿੰਗੇ ਟਿੱਪਰਾਂ ਦੇ ਵਿੱਚ ਲੱਦ ਕੇ ਇਧਰ ਉਧਰ ਵੱਡੇ ਵਪਾਰ ਦੇ ਰੂਪ ਵਿੱਚ ਭੇਜਿਆ ਜਾ ਰਿਹਾ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਬਰਸਾਤਾਂ ਦੇ ਮੌਸਮ ਦੌਰਾਨ ਤਿੰਨ ਮਹੀਨੇ ਸਮੁੱਚੇ ਪੰਜਾਬ ਵਿੱਚ ਹੀ ਰੇਤ ਕੱਢਣ ਉੱਤੇ ਸਖਤ ਪਾਬੰਦੀ ਹੈ ਚਾਹੇ ਦਰਿਆ ਹੋਣ ਜਾਂ ਰੇਤ ਦੀਆਂ ਖੱਡਾਂ ਸਰਕਾਰੀ ਤੌਰ ਉੱਤੇ ਇਹ ਬੰਦ ਹਨ। ਪਰ ਹੈਰਾਨੀ ਹੁੰਦੀ ਹੈ ਇਹ ਸਰਕਾਰ ਨੇ ਤਾਂ ਸਖਤੀ ਨਾਲ ਰੇਤ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ ਪਰ ਦਿਨ ਰਾਤ ਵੱਡੇ ਵੱਡੇ ਟਿੱਪਰ ਰੇਤਾ ਲੈ ਕੇ ਆਰਾਮ ਦੇ ਨਾਲ ਆ ਤੇ ਜਾ ਰਹੇ ਹਨ ਜਿਹੜੇ ਦਰਿਆਈ ਇਲਾਕਿਆਂ ਦੇ ਵਿੱਚੋਂ ਰੇਤਾ ਕੱਢਿਆ ਜਾਂਦਾ ਹੈ ਉਸ ਇਲਾਕੇ ਦਾ ਪੁਲਿਸ ਪ੍ਰਸ਼ਾਸਨ ਵੀ ਭਰੇ ਜਾ ਰਹੇ ਰੇਤ ਦੇ ਟਿੱਪਰਾਂ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਜਿਸ ਚੀਜ਼ ਰੇਤ ਦੇ ਉੱਪਰ ਸਰਕਾਰ ਨੇ ਪੂਰਨ ਪਾਬੰਦੀ ਲਾਈ ਹੋਵੇ ਤੇ ਰੇਤ ਧੜਾ ਧੜਾ ਬੇਖੌਫ ਹੋ ਕੇ ਚੋਰੀ ਨਹੀਂ, ਸ਼ਰੇਆਮ ਟਿੱਪਰਾਂ ਦੇ ਵਿੱਚ ਲਿਜਾਇਆ ਜਾ ਰਿਹਾ ਹੋਵੇ ਤਾਂ ਫਿਰ ਇਹ ਰੇਤ ਕਿਸ ਦੀ ਇਜਾਜ਼ਤ ਤੇ ਕਿਸ ਦੀ ਪੁਸ਼ਤ ਪਨਾਹੀ ਹੇਠ ਲਜਾਇਆ ਜਾ ਰਿਹਾ ਹੈ। ਇਹ ਹੈ ਤਾਂ ਬਹੁਤ ਵੱਡਾ ਸਵਾਲ ਇਸ ਸਵਾਲ ਦਾ ਜਵਾਬ ਸਰਕਾਰ ਰੇਤ ਮਾਈਨਿੰਗ ਵਿਭਾਗ ਜਾਂ ਪੁਲਿਸ ਪ੍ਰਸ਼ਾਸਨ ਦੇਵੇਗਾ, ਬਿਲਕੁਲ ਨਹੀਂ ਕਿਉਂਕਿ ਬਹੁਤਿਆਂ ਦੇ ਹੱਥ ਕਿਸੇ ਨਾ ਕਿਸੇ ਰੂਪ ਵਿੱਚ ਰੇਤ ਨਾਲ ਰੰਗੇ ਹੋਏ ਹਨ ਫਿਰ ਜਵਾਬ ਕੌਣ ਕਿਵੇਂ ਦੇਵੇਗਾ।
ਪੰਜਾਬ ਦੇ ਮੁੱਖ ਮੰਤਰੀ ਜੋ ਹਰ ਇੱਕ ਗੱਲ ਦੇ ਉੱਪਰ ਬੜੇ ਤਰੀਕੇ ਦੇ ਨਾਲ ਬਿਆਨਬਾਜੀ ਕਰਦੇ ਹਨ ਉਹਨਾਂ ਦੀ ਨਿਗ੍ਹਾ ਪਾਬੰਦੀ ਹੋਣ ਦੇ ਬਾਵਜੂਦ ਵੀ ਰੇਤ ਦੇ ਭਰੇ ਜਾ ਰਹੇ ਟਿੱਪਰਾਂ ਵੱਲ ਕਿਉਂ ਨਹੀਂ ਜਾਂਦੀ?
ਰੇਤ ਨਾਲ ਸੰਬੰਧਿਤ ਅਨੇਕਾਂ ਸਿਆਸੀ ਤੇ ਆਮ ਲੋਕਾਂ ਦੇ ਉੱਪਰ ਰੇਤ ਮਾਈਨਿੰਗ ਦੇ ਕੇਸ ਵੀ ਦਰਜ ਹੋਏ ਹਨ ਤੇ ਦਰਜ ਹੋਏ ਕੇਸਾਂ ਵਿੱਚੋਂ ਬਹੁਤੇ ਲੋਕ ਬਚਦੇ ਵੀ ਆ ਰਹੇ ਹਨ ਜੇਕਰ ਤਾਜਾ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਉੱਪਰ ਰੇਤ ਮਾਫ਼ੀਆ ਵੱਲੋਂ ਹਮਲਾ ਕੀਤੇ ਜਾਣ ਦੀ ਤਾਜ਼ੀ ਖਬਰ ਵੀ ਸਾਹਮਣੇ ਆਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly