ਓ ਸਾਥੀ ਰੇ ਤੇਰੇ ਬਿਨਾਂ ਵੀ ਕਿਆ ਜੀਣਾ ?

ਰਮੇਸ਼ ਸੇਠੀ ਬਾਦਲ
 (ਸਮਾਜ ਵੀਕਲੀ)  ਓ ਸਾਥੀ ਰੇ ਤੇਰੇ ਬਿਨਾਂ ਵੀ ਕਿਆ ਜੀਣਾ ? ਰੇਡੀਓ ਤੇ ਵੱਜ ਰਿਹਾ ਇਹ ਗਾਣਾ  ਸ਼ਾਇਦ ਕਿਸੇ ਨੌਜਵਾਨ ਜੋੜੇ ਤੇ ਫਿਲਮਾਇਆ ਗਿਆ ਹੈ। ਮੇਰੀਆਂ ਅੱਖਾਂ ਨੂੰ ਵੀ ਟਪੂਸੀਆਂ ਮਾਰਦੇ ਜੋੜੇ ਦੇ ਝਾਉਲੇ ਜਿਹੇ ਪੈਂਦੇ ਹਨ। ਇਹ ਗੀਤ ਅਧੂਰੇ ਅਤੇ ਅੱਧ ਵਿਚਕਾਰ ਟੁੱਟੇ ਪਿਆਰ ਦੀ ਹੂਕ ਜਿਹੀ ਹੈ।  ਪਰ ਮੇਰੇ ਜ਼ਿਹਨ ਵਿੱਚ ਸੱਠ ਤੋਂ ਨੱਬੇ ਸਾਲਾਂ ਦੀ ਉਹ ਜੋੜੇ ਆਉਂਦੇ ਹਨ ਜਿਹੜੇ ਉਮਰ ਦੇ ਇਸ ਪੜਾਅ ਤੇ ਆਕੇ ਸਿਰਫ ਸੱਚੇ ਸਾਥੀ ਬਣਦੇ ਹਨ। ਓਹਨਾ ਦੇ ਪਿਆਰ ਵਿੱਚ ਹਵਸ ਨਹੀਂ ਹੁੰਦੀ। ਬੱਚੇ ਪੈਦਾ ਕਰਨ ਦੀ ਚਾਹਤ ਨਹੀਂ ਹੁੰਦੀ। ਪਰਿਵਾਰ ਚਲਾਉਣ ਦੀ ਇੱਛਾਂ ਨਹੀਂ ਹੁੰਦੀ। ਬੱਸ ਆਪਸੀ ਸਾਥ ਦੇ ਜਰੀਏ ਜਿੰਦਗੀ ਪੂਰੀ ਕਰਨ ਦੀ ਲਾਲਸਾ ਹੁੰਦੀ ਹੈ। ਇਸ ਨੂੰ ਦਿਨ ਕੱਟਣੇ ਜਾਂ ਉਮਰ ਪੂਰੀ ਕਰਨ ਦੀ ਕੋਸ਼ਿਸ਼ ਕਹਿਣਾ ਗਲਤ ਨਹੀਂ ਹੋਵੇਗਾ। ਕਿੱਸੇ, ਕਹਾਣੀਆਂ, ਨਾਵਲ ਅਤੇ ਫ਼ਿਲਮਾਂ ਸਿਰਫ ਜਵਾਨ ਜੋੜਿਆਂ ਤੇ ਹੀ ਕਿਉਂ ਬਣਾਈਆਂ ਜਾਂਦੀਆਂ ਹਨ। ਇਹ੍ਹਨਾਂ ਬਜ਼ੁਰਗ ਜੋੜਿਆਂ ਦੇ ਦਰਦ ਨੂੰ ਕੋਈਂ ਨਹੀਂ ਸਮਝਦਾ। ਕੀ ਇਹ ਸੋਚਣ ਦਾ ਵਿਸ਼ਾ ਨਹੀ ਹੈ।  ਇਹ ਜੋੜੇ ਆਪਸੀ ਸਾਥ ਅਤੇ ਗੱਲਬਾਤ ਦੁਆਰਾ ਆਪਣਾ ਦੁੱਖ ਫਰੋਲਦੇ ਹਨ। ਕੋਈ ਇਹ੍ਹਨਾਂ ਨੂੰ ਇਕੱਠੇ ਬੈਠਣ ਵੀ ਨਹੀਂ ਦਿੰਦਾ। ਬਾਕੀ ਇਹ ਜੋਡ਼ੇ ਸਮਾਜਿਕ ਮਾਨਤਾਵਾਂ, ਸ਼ਰਮ ਅਤੇ ਨੂੰਹਾਂ ਧੀਆਂ ਦੀ ਝੇਫ ਕਰਕੇ ਦੋ ਘੜੀ ਇਕੱਲੇ ਬੈਠਕੇ ਦਿਲ ਹੋਲਾ ਵੀ ਨਹੀਂ ਕਰ ਸਕਦੇ। ਇਸ ਉਮਰੇ ਤਾਂ ਬਾਪੂ ਦਾ ਮੰਜਾ ਦਲਾਨ ਵਿੱਚ ਹੁੰਦਾ ਹੈ ਤੇ ਬੇਬੇ ਨੂੰਹਾਂ ਪੁੱਤਾਂ ਤੋਂ ਡਰਦੀ ਸਾਰਾ ਦਿਨ ਊਰੀ ਵਾਂਗ ਘੁੰਮਦੀ ਰਹਿੰਦੀ ਹੈ ਭਾਵੇਂ ਉਸ ਦੀ ਸੁਤਾ ਬਾਹਰ ਮੰਜੇ ਤੇ ਨਿਢਾਲ ਪਏ ਆਪਣੇ ਸਾਥੀ ਚ ਹੁੰਦੀ ਹੈ। ਉਹ ਦੂਰੋਂ ਹੀ ਉਸਦੀ ਆਵਾਜ਼, ਖੰਘ ਅਤੇ ਸਾਂਹ ਤੋਂ ਉਸਦੀ ਸਿਹਤ ਦਾ ਅੰਦਾਜ਼ਾ ਲਾਉਂਦੀ ਹੈ। ਅੰਦਰੋਂ ਅੰਦਰ ਝੁਰਦੀ ਹੈ। ਉਹ ਜਾਣਦੀ ਹੈ ਕਿ ਆਪਸ ਵਿੱਚ ਦੋ ਗੱਲਾਂ ਕਰਕੇ ਇਹ ਠੀਕ ਹੋ ਜਾਣਗੇ। ਉਹ ਚਾਹ ਦੀ ਗੜਵੀ ਫੜਾਉਣ ਦੇ ਬਹਾਨੇ ਦੋ ਪਲ ਲਈ ਉਸ ਕੋਲ੍ਹ ਜਾਣਾ ਚਾਹੁੰਦੀ ਹੈ ਪਰ ਕੋਈਂ ਹੋਰ ਵੀ ਚਾਹ ਫੜਾਉਣ ਚਲਾ ਜਾਂਦਾ ਹੈ ਤੇ ਬੇਬੇ ਦੀ ਡਿਊਟੀ ਜੁਆਕਾਂ ਦੇ ਪੋਤੜੇ ਧੋਣ ਤੇ ਲੱਗ ਜਾਂਦੀ ਹੈ। ਜਾਂ ਉਹ ਆਪ ਹੀ ਭਾਂਡਿਆਂ ਦੀ ਭੰਡੋਰ ਮਾਂਜਨ ਬੈਠ ਜਾਂਦੀ ਹੈ। ਕਈ ਵਾਰੀ ਬੁੜ੍ਹੀ ਬਿਮਾਰ ਹੁੰਦੀ ਹੈ ਤੇ ਬਾਪੂ ਉਸ ਦੀ ਸਿਹਤ ਬਾਰੇ ਕਨਸੋਆਂ ਲੈਂਦਾ ਹੈ। “ਕੁੜੇ ਸੋਡੀ ਬੇਬੇ ਠੀਕ ਹੈ ਹੁਣ?” ਉਹ ਨੂੰਹਾਂ ਨੂੰ ਬਹਾਨੇ ਜਿਹੇ ਨਾਲ ਪੁੱਛਦਾ ਹੈ। ਨੂੰਹਾਂ ਮੁਸਕਰੀਓ ਹੱਸਦੀਆਂ ਹਨ। “ਇਹ ਬੁਢਾਪੇ ਵਿੱਚ ਵੀ ਇਸ਼ਕ ਭਾਲਦੇ ਹਨ।” ਨੂੰਹਾਂ ਆਪਸ ਵਿੱਚ ਮੂੰਹ ਜੋੜਕੇ ਗੱਲਾਂ ਕਰਦੀਆਂ ਹਨ ਅਤੇ ਅੱਖਾਂ ਵਿੱਚ ਹੱਸਦੀਆਂ ਹਨ।
“ਜੀ ਮੇਰਾ ਚਿੱਤ ਨਹੀਂ ਠੀਕ ਅੱਜ।” ਬੁੱਢੀ ਦਿਲ ਦੀ ਗੱਲ ਕਹਿੰਦੀ ਹੈ ਤੇ ਕਈ ਭਾਗਾਂ ਵਾਲੇ ਬੁੱਢੇ ਹੱਥੀ ਚਾਹ ਬਣਾਕੇ ਪਿਆਉਂਦੇ ਹਨ।  ਘਰ ਵਾਲੇ ਦੇ ਹੱਥਾਂ ਦੀ ਬਣੀ ਚਾਹ ਵੀ ਬੁੱਢੀ ਤੇ ਰੀਵਾਈਟਲ ਜਿੰਨਾ ਅਸਰ ਕਰਦੀ ਹੈ। ਉਹ ਪਲਾਂ ਵਿੱਚ ਭਲੀ ਚੰਗੀ ਹੋ ਜਾਂਦੀ ਹੈ।  ਇਹ ਹੁੰਦਾ ਹੈ ਅਸਲੀ ਸਾਥ ਤੇ ਸਾਥੀ ਦਾ ਸੁੱਖ। ਜੀਵਨਸਾਥੀ ਲਫ਼ਜ਼ ਦੇ ਅਸਲੀ ਅਰਥ ਬੁਢਾਪੇ ਵਿੱਚ ਸਮਝ ਆਉਂਦੇ ਹਨ। ਸ਼ਾਇਦ ਇਹ ਸ਼ਬਦ ਬਣਾਇਆ ਹੀ ਲੰਘੀ ਉਮਰ ਦੇ ਜੋੜਿਆਂ ਲਈ ਹੀ ਹੈ। ਖਾਸਕਰ ਉਹਨਾਂ ਲਈ ਜਿੰਨ੍ਹਾਂ ਦੀ ਜਵਾਨੀ ਹਮਕੋ ਤੁਮਕੋ ਦੇ ਇੱਟ ਖੜਿੱਕੇ ਵਿੱਚ ਲੰਘੀ ਹੁੰਦੀ ਹੈ।
“ਦੁਪਹਿਰ ਵਾਲੀ ਗੋਲੀ ਖਾ  ਲਈ?” ਬੁੱਢਾ ਸ਼ਾਮੀ ਜਿਹੇ ਯਾਦ ਕਰਾਉਂਦਾ ਹੈ।  ਉਹ ਹੁਣ ਦਵਾਈਆਂ ਦਾ ਫ਼ਿਕਰ ਰੱਖਦਾ ਹੈ।  ਸਾਰਾ ਦਿਨ ਮਰਦੀ ਢਹਿੰਦੀ ਤੇ ਹਏ ਹਏ ਕਰਨ ਵਾਲੀ ਬੁੱਢੀ ਰਾਤੀ ਸੌਣ ਵੇਲੇ ਆਪਣੇ ਕਮਜ਼ੋਰ ਹੱਥਾਂ ਨਾਲ ਬੁੱਢੇ ਦੀਆਂ ਲੱਤਾਂ ਘੁੱਟਕੇ ਆਪਣਾ ਪਤੀ ਧਰਮ ਨਿਭਾਉਂਦੀ ਹੈ। ਭਾਵੇਂ ਇਹ ਲੱਤਾਂ ਘੁੱਟਣ ਵਿੱਚ ਸ਼ਾਮਿਲ ਨਹੀਂ ਹੁੰਦਾ ਪਰ ਬੁੱਢੇ ਦੀ ਸਾਰੀ ਥਕਾਵਟ ਉੱਤਰ ਜਾਂਦੀ ਹੈ। ਉਹ ਨੌਂ ਬਰ ਨੌ ਮਹਿਸੂਸ ਕਰਦਾ ਹੈ। ਇਸ ਨਾਲ ਬੁੱਢੀ ਨੂੰ ਵੀ ਸਕੂਨ ਮਿਲਦਾ ਹੈ। ਇੱਥੇ ਹੀ ਬੱਸ ਨਹੀਂ ਇਹ ਬਜ਼ੁਰਗ ਭਾਵੇਂ ਬੁੱਢੀ ਦਾ ਸਿਰ ਨਾ ਦਬਾਉਣ ਪਰ ਇਹ੍ਹਨਾਂ ਦਾ ਇੱਕ ਦੂਜੇ ਲਈ ਕਰਿਆ ਫਿਕਰ  ਅਤੇ ਪੁੱਛਿਆ ਹਾਲ ਚਾਲ ਵੀ ਰਾਮਬਾਨ ਸਿੱਧ ਹੁੰਦਾ ਹੈ।
ਇਹ ਉਹ ਉਮਰ ਹੁੰਦੀ ਹੈ ਜਦੋਂ ਔਲਾਦ ਮਾਪਿਆਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਦੀ ਹੈ। ਬਜ਼ੁਰਗਾਂ ਦੀ ਸਲਾਹ ਲੈਣੀ ਪਸੰਦ ਨਹੀਂ ਕਰਦੀ। ਉਹਨਾਂ ਨੂੰ ਆਪਣੇ ਨਾਲ ਬਾਹਰ ਲਿਜਾਣਾ ਵੀ ਮੁਨਾਸਿਵ ਨਹੀਂ ਸਮਝਦੀ। ਫਿਰ ਇਹ ਸਾਥੀ ਮੌਕਾ ਮਿਲਣ ਤੇ ਆਪਸ ਵਿੱਚ ਝੋਰੇ ਝੋਖੇ ਕਰਦੇ ਹਨ। ਕਦੇ ਬੁੱਢਾ ਬੁੱਢੀ ਨੂੰ ਚੁੱਪ ਰਹਿਣ ਦੀ ਸਲਾਹ ਦਿੰਦਾ ਹੈ ਤੇ ਕਦੇ ਬੁੱਢੀ ਬੁੱਢੇ ਨੂੰ ਮੂੰਹ ਬੰਦ ਰੱਖਣ ਦਾ ਮਸ਼ਵਰਾ ਦਿੰਦੀ ਹੈ। ਬਹੁਤੇ ਬਜ਼ੁਰਗ ਤਾਂ ਇਕੱਲੇ ਹੀ ਰਹਿੰਦੇ ਹਨ ਅਤੇ ਆਪਣੇ ਅਖੀਰਲੇ ਸਮੇਂ ਦਾ ਇੰਤਜ਼ਾਰ ਕਰਦੇ ਹਨ। ਚਿੱਠੀਆਂ, ਫੋਨ ਅਤੇ ਵੀਡੀਓ ਕਾਲ ਦੇ ਸਹਾਰੇ ਜਿਉਂਦੇ ਹਨ। ਕਈ ਵਾਰੀ ਤਾਂ ਇਹ ਪੂਰਾ ਦਿਨ ਫੋਨ ਉਡੀਕਦੇ ਉਡੀਕਦੇ ਹੀ ਗੁਜ਼ਾਰ ਦਿੰਦੇ ਹਨ ਤੇ ਕੱਲ੍ਹ ਨੂੰ ਸਹੀ ਦਾ ਸੋਚਕੇ ਮਨ ਬਹਿਲਾਉਂਦੇ ਹਨ।
ਭਾਵੇਂ ਇਹ੍ਹਨਾਂ ਨਦੀ ਕਿਨਾਰੇ ਰੁੱਖਾਂ ਦੀ ਉਮਰ ਚੋਲ ਮੋਲੀਆਂ ਕਰਨ ਦੀ ਨਹੀਂ ਹੁੰਦੇ ਪਰ ਫਿਰ ਵੀ ਇਹ ਫਾਲਤੂ ਦੀ ਟੋਕਾ ਟਾਕੀ ਕਰਕੇ ਦਿਨ ਲੰਘਾਉਂਦੇ ਹਨ। ਇਹ ਟਾਹਣੀ ਤੇ ਬੈਠੇ ਪੰਛੀਆਂ ਦੇ ਉਸ ਜੋਡ਼ੇ ਵਰਗੇ ਹੁੰਦੇ ਹਨ ਜਿਨ੍ਹਾਂ ਵਿਚੋਂ ਕੋਈਂ ਇੱਕ ਕਦੋਂ ਲੁੜਕ ਜਾਵੇ। ਬਚਿਆ ਹੋਇਆ ਇੱਕਲਾ ਇਹੀ ਗਾਵੇ “ਓ ਸਾਥੀ ਰੇਂ ਤੇਰੇ ਬਿਨਾਂ ਵੀ ਕਿਆ ਜੀਣਾ……..ਓ ਸਾਥੀ ਰੇ।”
ਰਮੇਸ਼ ਸੇਠੀ ਬਾਦਲ
114 ਸ਼ੀਸ਼ ਮਹਿਲ ਆਸ਼ਰਮ ਬਠਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਭ ਆਸਰਾ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦੀ ਸ਼ਾਨਦਾਰ ਸ਼ੁਰੂਆਤ
Next articleਸੰਤ ਕਰਤਾਰ ਸਿੰਘ ਤੇ ਸੰਤ ਤਰਲੋਚਨ ਸਿੰਘ ਦੀ ਸਲਾਨਾ ਬਰਸੀ ਸ਼ਰਧਾ ਨਾਲ ਮਨਾਈ