ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ !

 

ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇਸਦਾ ਗੀਤ ਦੇ ਨਾਲ ਕੋਈ ਸਬੰਧ ਨਹੀਂ । ਕਿਉਂਕਿ ਅਸੀਂ ਪੰਜਾਬੀ ਹਾਂ ਤੇ ਸਾਡੀ ਵੱਖਰੀ ਪਹਿਚਾਣ ਹੈ । ਸਾਰੇ ਜੱਗ ਦੇ ਸਾਡਾ ਸਿੱਕਾ ਚੱਲਦਾ ਹੈ । ਸਾਡੇ ਡੋਲੇ ਫਰਕਦੇ ਹਨ । ਮੁੱਛਾਂ ਉਤੇ ਨਿੱਬੂ ਟਿਕਦਾ ਹੈ …ਕੀ ਹੋਇਆ ਜੇ ਪੰਜਾਬੀ ਵਿਲਕਦਾ ਹੈ ! ਤੁਹਾਡਾ ਕੀ ਢਿੱਡ ਵਿੱਚ ਪੀੜ ਹੁੰਦੀ ਹੈ ?

ਦੇਖ ਨਜ਼ਾਰਾ ਖੜ ਕੇ ਨੀ ਡਾਂਗਾਂ ਖੜਕ ਪਈਆਂ !

ਜਿਥੇ ਮਰਜ਼ੀ ਵੰਗਾਂ ਝੜਵਾ ਲੀ ਨੀ ਮਿੱਤਰਾ ਦਾ ਨਾਂ ਚੱਲਦਾ !

ਹੁਣ ਸਮਾਂ ਵੰਗਾਂ ਝੜਾਉਣ ਦਾ ਹੀ ਹੈ । ਜਿਸਦੇ ਮਰਜ਼ੀ ਪਵਾ ਦਿਓ । ਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਕੁੜੀ ਕਿ ਮੁੰਡਾ ?
ਕੁੜੀਆਂ ਗੁੱਤਾਂ ਕਟਵਾਈ ਫਿਰਦੀਆਂ ਤੇ ਮੁੰਡੇ ਗੁੱਤਾਂ ਕਰੀ ਫਿਰਦੇ ਆ। ਸਹੁਰੀ ਦੇ ਜਲੂਸ ਕੱਢੀ ਫਿਰਦੇ।

ਉਲਟ ਹੋਰ ਜ਼ਮਾਨੇ ਆਏ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ । ਇਸ ਕਰਕੇ ਇਹਨਾਂ ਦਾ ਬਹੁਤਾ ਜੋਰ ਵਧੀਆ ਬਰੈਡਰ ਕੱਪੜਿਆਂ ਤੇ ਗੱਡੀਆਂ ਖਰੀਦਣ ਜਾਂ ਫੇਰ ਊਟ ਪਟਾਂਗ ਖਾਣ ਉਤੇ ਲੱਗਿਆ ਹੋਇਆ ਜਾਂ ਲਵਾਇਆ ਹੋਇਆ ਹੈ । ਫੂਕ ਦੇ ਕੇ ..ਬੱਲੇ ਬਾਈ ਕਿਆ ਬਾਤ ਹੈ…! ਕਹਿ ਕੇ…! ਇਹਨਾਂ ਨੂੰ ਨਹੀ ਪਤਾ ਕਿ ਜਿੰਨੇ ਦੀ ਇਹਨਾਂ ਦੀ ਪਾਟੀ ਹੋਈ ਜੀਨ ਆਉਦੀ ਹੈ ਕਈ ਪਰਵਾਰਾਂ ਦਾ ਮਹੀਨੇ ਦਾ ਰਾਸ਼ਨ ਆ ਜਾਂਦਾ । ਸਾਰੇ ਫੈਮਲੀ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ ਜੀਨ ਕੁੜੀ ਏ ”

ਹੁਣ ਜੀਨ, ਰਾਸ਼ਨ ਤੇ ਕਿਤਾਬ ਦਾ ਆਪਸ ਵਿੱਚ ਕੀ ਰਿਸ਼ਤਾ ਹੈ ? ਇਸਦੇ ਅਰਥ ਸਾਹਿਤ ਦਾ ਥਾਣੇਦਾਰ ਹੀ ਦੱਸ ਸਕਦਾ । ਹੁਣ ਤੁਸੀਂ ਕਹੋਗੇ ਕਿ ਸਾਹਿਤ ਦਾ ਥਾਣੇਦਾਰ ਕੌਣ ਹੁੰਦਾ ?

ਜਨਾਬ ਜਿਵੇਂ ਰਿਸ਼ਵਤ ਦੇ ਕੇ ਕੋਈ ਥਾਣੇਦਾਰ ਲੱਗਦਾ ਹੈ ਇਸੇ ਤਰ੍ਹਾਂ ਰਿਸ਼ਵਤ ਦੇ ਡਾਕਟਰ ਆਲੋਚਕ ਬਣਦਾ ਹੈ । ਫੇਰ ਥਾਣੇਦਾਰ ਵਾਂਗੂੰ ਪਰਚੇ ਦੇਵੋ …ਨਾ ਦੇਵੋ ਜੇਬ ਭਰੋ । ਬਾਕੀ ਤੁਸੀਂ ਸਿਆਣੇ ਹੋ ? ਕਿ ਹਜੇ ਵੀ ਪੱਲੇ ਨਹੀਂ ਪਈ ਗੱਲ ?”
ਕਿਵੇਂ ਹੋਇਆ ? ਸਾਹਿਤ ਤੇ ਚੋਰ ਦਾ ਕੀ ਰਿਸ਼ਤਾ ?

ਰਿਸ਼ਤਾ ਹੁੰਦਾ ਨਹੀਂ , ਇਹ ਤਾਂ ਬਣਾਇਆ ਜਾਂਦਾ ਹੈ । ਮਿਲਵਰਤਨ ਦੇ ਨਾਲ ਵਿਸਵਾਸ਼ ਦੇ ਨਾਲ ਭਰੋਸੇ ਦਾ ਰਿਸ਼ਤਾ ਹੁੰਦਾ ! ਹੋਰ ਕੋਈ ਜਾਮਨ ਥੋੜ੍ਹਾ ਹੁੰਦਾ ਹੈ । ਜੁਬਾਨ ਦਾ ਰਸ ਹੈ
ਮਿੱਠਾ ਕਰ ਲੋ ..ਜਾਂ ਕੌੜਾ …ਮਰਜ਼ੀ ਤੁਹਾਡੀ ਹੈ !
ਸਿਆਣੇ ਕਹਿੰਦੇ ਹਨ..
ਰਿਸ਼ਤੇ ਵਰਤਣ ਦੇ ਨਿਭਦੇ ਹਨ
ਪੈਸੇ ਖਰਚਣ ਲਈ ਹੁੰਦੇ ਹਨ !

ਹੁਣ ਬਹੁਗਿਣਤੀ ਪੰਜਾਬੀਆਂ ਦੇ ਕੋਲੋਂ ਇਹ ਦੋਵੇਂ ਗੱਲਾਂ ਖਤਮ ਹੋ ਰਹੀਆਂ ਹਨ । ਫੇਰ ਪੰਜਾਬੀਆਂ ਦੇ ਪੱਲੇ ਕੀ ਹੈ ? ਫੋਕੀ ਬੱਲੇ ਬੱਲੇ ?
ਨਹੀਂ ਬਹੁਤ ਕੁੱਝ ਹੈ। ਵੱਡੀਆਂ ਤੇ ਖਾਲੀ ਕੋਠੀਆਂ ਵਿੱਚ ਬੋਲਦੇ ਹਨ ਉਲੂ !….ਲਓ ਦੇਖੋ ਹੁੰਦਾ ਕੀ ਹੈ ? ਜੇ ਕੋਈ ਜਾ ਕੇ ਦਰ ਖੜਕਾਵੇ ਤਾਂ ਅੰਦਰੋਂ ਮਿਕਸ ਸਬਜ਼ੀ ਵਰਗੀ ਆਵਾਜ਼ ਆਤੀ ਹੈ
ਅੰਦਰੋਂ ਆਵੇਗੀ ! ਕੇ..ਗੱਲ ਏ ..ਦੱਸੋ…
” ਕੇ ਗੱਲ ਛਰਦਾਰ ਜੀ ਆਪ ਕੋ ਦਿਖਤਾ ਨਹੀਂ ਘਰ !””
ਬਾਕੀ ਤੁਸੀਂ ਜਾਣਦੇ ਹੀ ਹੋ !
ਚੱਲ ਬੁੱਲ੍ਹਿਆ ਅੱਗੇ ਚੱਲ ॥

ਪੰਜਾਬੀਆਂ ਨੂੰ ਚਾਟ ਉਤੇ ਬਾਦਲ ਨੇ ਲਾਇਆ ਸੀ ਫੇਰ ਮਾਲ ਪਾਣੀ ਕੈਪਟਨ ਦਿੰਦਾ ਰਿਹਾ । ਹੁਣ ਪੰਜਾਬੀ ਬਣ ਗਏ ਮੁਫਤ ਦੀ ਖਾਣ ਵਾਲੇ ਪੱਕੇ ਅਮਲੀ । ਹੁਣ ਕਰਦੇ ਹਨ ਮਖੌਲਾਂ । ਹੁਣ ਅਗਲੇ ਮਾਲ ਵੇਚਣਗੇ । ਅਮਲੀਆਂ ਨੂੰ ਲੈਣਾ ਪੈਣਾ !

ਅੰਨ੍ਹੇ ਭਗਤ ਕਹਿੰਦੇ ਹਨ ਕਿ ਅਗਲੇ ਨੇ ਲਿਖ ਕੇ ਗਰੰਟੀਆ੍ਂ ਦਿੱਤੀਆਂ ਹਨ, ਕਿਵੇਂ ਨਹੀਂ ਪੂਰੀਆਂ ਹੋਣਗੀਆਂ ?

ਤੁਸੀਂ ਦੇਖੋ ਹੁੰਦਾ ਕੀ ਨਹੀਂ । ਹੱਥਾਂ ਉਤੇ ਸਰੋਂ ਉਗੇਗੀ ..ਜੇ ਨਾ ਉਗੀ….ਮੇਰਾ ਨਾਮ ਬਾਬਾ ਰਾਮਦੇਵ ਸਲਵਾਰ ਵਾਲੇ ਰੱਖ ਦਿਓ !” ਤੁਸੀਂ ਉਹਦਾ ਨਹੀਂ ਕੁੱਝ ਬਿਗਾੜ ਸਕੇ ਮੇਰਾ ਕੀ…!”

ਮੁਫਤ ਖਾਣ ਪੀਣ ਤੇ ਜੀਣ ਦੀ ਬੀਮਾਰੀ ਨੇ ਸ੍ਰੀ ਲੰਕਾ ਤਬਾਹ ਕਰ ਦਿੱਤਾ ਹੈ । ਹੁਣ ਪੰਜਾਬ ਦੀ ਬਾਰੀ ਹੈ ਤੇ ਖੁਦਕਸ਼ੀਆਂ ਦੀ ਤਿਆਰੀ ਹੈ। ਪਹਿਲਾਂ ਲੱਖ ਮਿਲਦਾ ਸੀ ਹੁਣ ਕਹਿੰਦਾ ਕਰੋੜ ਦੇਵਾਂ ਗੇ..ਤੁਸੀਂ ਮਰਨ ਤਾਂ ਲੱਗੋ । ਨਾਲੇ ਕਰਜ਼ਾ ਮੁਆਫ .ਤੇ ਜੁਆਕ ਖੁਸ਼ ….ਬਾਕੀ ਆਪਾਂ ਕੀ ਲੈਣਾ ਹੈ !” ਤੂੰ ਬਾਜ਼ੀ ਖੇਡ…ਪੱਤਾ ਸਿੱਟ ਗੋਲਾ ਬਣ ਗਿਆ ਹੈ..ਗੋਲਾ ਗੋਲਾ !
ਦੇਸ਼ ਤਬਾਹ ਹੋਣ ਵਿੱਚ ਕੁੱਝ ਕੁੱਝ ਸਮਾਂ ਰਹਿ ਗਿਆ ਹੈ।

ਹੁਣ ਸਰਕਾਰ ਤੇ ਬਹੁਕੌਮੀ ਕੰਪਨੀਆਂ ਨੇ ਲੋਕਾਂ ਦਾ ਸੁਆਦ ਹੀ ਬਦਲ ਦਿੱਤਾ ਹੈ । ਪਾਠਕ ਵੀ ਚੁਰਚਰੀਆਂ ਜ਼ਾਇਕੇਦਾਰ ਚੀਜ਼ਾਂ ਖਾਣ ਦੇ ਆਦੀ ਹੋ ਗਏ ਹਨ । ਕੰਮ ਦੀ ਚੀਜ਼ ਤੇ ਕੋਈ ਕਿਤਾਬ ਦੀ ਗੱਲ ਇਹ ਤੇ ਸੁਣ ਕੇ ਰਾਜੀ ਨਹੀਂ । ਜਿਵੇਂ ਕੁੱਤੀ ਸੁਆਦ ਦੇ ਪਿੱਛੇ ਲਹੌਰ ਚਲੇ ਗਏ ਸੀ ਇਹ ਰੂਸ ਦੇ ਜੰਗਲਾਂ ਦੇ ਰਾਹੀ ਇਟਲੀ ਹੁੰਦੇ ਦੁਨੀਆਂ ਦੇ ਕੋਨੇ ਕੋਨੇ ਪੁਜ ਗਏ । ਬਹੁਗਿਣਤੀ ਨੌਜਵਾਨ ਤਾਂ ਰਸਤੇ ਵਿੱਚ ਹੀ ਗੁਆਚ ਗਏ । ਮੇਰਾ ਵੀ ਭਰਾ ਜਰਮਨ ਜਾਣ ਦੇ ਚੱਕਰ ਛੇ ਮਹੀਨੇ ਯੂਕਰੇਨ ਦੀ ਜੇਲ੍ਹ ਵਿੱਚੋ ਬਚ ਕੇ ਆਇਆ ਸੀ । ਓਨੇ ਜਾਣ ਦੇ ਨਹੀਂ ਸੀ ਲੱਗੇ ਜਿੰਨੇ ਵਾਪਸੀ ਉਤੇ ਲੱਗੇ ਸੀ ।

ਖੈਰ ਆਪਾਂ ਤਾਂ ਗੱਲ ਚਮਕੀਲੇ ਬਾਬੇ ਦੀ ਕਰਦੇ ਸੀ । ਅਮਰ ਕੋਮਲ…ਕਹਿੰਦੀ …ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ ।
ਉਧਰ ਚਮਕੀਲਾ ਬਾਬਾ ਕਹਿੰਦਾ ; ਮੈਂ ਚੱਕ ਦੂ ਘੜੇ ਤੋਂ ਕੌਲਾ ਕਰਾਦੂ ਹੱਥ ਖੜ੍ਹੇ ਬੱਲੀਏ !”

ਲੜ ਗਿਆ ਪੇਚਾ ਨੀ ਸੋਹਣੇ ਸੱਜਣਾ ਦੇ ਨਾਲ ! ਹੁਣ ਤਾਂ ਪੇਚਾ ਪੈ ਗਿਆ ਬਾਣੀਆਂ ਦੇ ਨਾਲ, ਦੇਖੋ ਕੀ ਹੁੰਦਾ ? GST ਦੀ ਦਰ 5% ਤੋਂ ਕੇਂਦਰ ਸਰਕਾਰ 8% ਕਰਨ ਲੱਗੀ ਹੈ । GDP ਦਾ ਭਾਰਤ ਸਿਰ ਕਰਜ਼ਾ 91% ਹੋ ਗਿਆ ਹੈ । ਸ੍ਰੀ ਲੰਕਾ ਨੂੰ ਅੱਗ GDP 94% ਹੋਣ ਉਤੇ ਲੱਗੀ ਹੈ ।

ਘਰਵਾਲੀ ਨੂੰ ਪਤਾ ਹੁੰਦਾ ਕਿ ਘਰ ਦਾ ਬਣੂੰਗਾ ਕੀ ਨਹੀਂ ?
ਬੰਦਾ ਤਾਂ ਝੁਰਲੂ ਹੁੰਦਾ ਤੇ ਦੱਸ ਭਲਾ ਝੁਰਲੂ ਹੁਣ ਕਿਵੇਂ ਬਚਾਵੇਗਾ ! ਡੁੱਬ ਰਹੇ ਪੰਜਾਬ ਨੂੰ ਦੇਸ਼ ਨੂੰ ?

ਸਾਡੇ ਗੁਆਂਢੀ ਨੇ ਮੰਜੇ ਜੋੜ ਕੇ ਸਪੀਕਰ ਲਾਇਆ ਹੋਇਆ ਗੀਤ ਚੱਲ ਰਿਹਾ ;
ਨੀ ਅਮਲੀ ਤਿੰਨ ਡੰਗ ਦਾ ਭੁੱਖਾ ਨੀ ਰਾਤੀ ਤੋੜ ਲਿਆਇਆ ਸੁੱਖਾ …ਕਹਿੰਦਾ ਕਰ ਕੋਈ ਹੁਣ ਉਤਾ …
ਨੱਚਦਾ ਫਿਰੇ ਨਚਾਰਾਂ ਵਾਂਗੂੰ ਪਾ ਕੇ ਘੱਗਰੀ ਮੇਰੀ ਨੀ ।”

ਹਾਲਤ ਸਾਡੇ ਸਿਆਸੀ ਅਮਲੀ ਦੀ ਵੀ ਇਹੋ ਹੈ । ਬਿਗੜੇ ਬਾਂਦਰ ਵਾਂਗੂੰ ਕਦੇ ਉਹ ਦੇਸ਼ ਕਦੇ ਉਹ ਦੇਸ਼ ….ਫੋਟੋਆਂ ਕਰਵਾਉਣਾ ਤੇ ਗੱਪਾਂ ਮਾਰਦਾ…ਚੱਲ ਦੂਜੇ ਦੇਸ਼…ਜਿਹਾ ਦੇਸ ਜੈਸਾ ਭੇਸ….ਨੱਚਦਾ ਫਿਰਦਾ … ਕਰਜ਼ਾ ਗਲ ਗਲ ਆ ਚੜ੍ਹਿਆ ਹੈ ।

ਟੀਵੀ ਮੂਹਰ ਰੱਖ ਕੇ ਕਾਗਜ਼ ਬੋਲਦਾ ਹੈ ਕਿ :
ਮੈਂ ਤੋਂ ਫਕੀਰ ਹੂੰ ਝੋਲਾ ਉਠਾਊਗਾ ਚਲੇ ਜਾਊਗਾ….
ਆਪਣੀ ਮਾਂ ……!” ਅਮਲੀ ਬੋਲਿਆ ।

ਬੱਲੇ ਸੁੱਖਿਆ….ਨਹੀਂ ਰੀਸਾਂ ਤੇਰੀਆਂ ਕੋਈ ਝੂਠ ਬੋਲਣ ਵਾਲਾ ਪਾਰਟੀ ਦੇ ਵਿੱਚ ਖੰਗਣ ਨਹੀਂ ਦੇਣਾ । ਪਰ ਵਲਟੋਹੇ ਨੂੰ ਚੁੱਪ ਕਰਾ ਤੇਰੇ ਘਰਦੇ ਪਰਦੇ ਫੋਲੀ ਜਾਂਦਾ …ਫੇਰ ਨਾ ਕਈ ਦੱਸਿਆ ਨਹੀਂ । ਤੇਰੇ ਪੇ ਦਾ ਨਾਮ ਵੀ ਇਹਨੇ ਦੱਸ ਦੇਣਾ । ਮੇਰੇ ਪਿਤਾ ਸਮਾਨ ….! ਕਰਾ ਚੁੱਪ ਨਹੀਂ ਲੋਕਾਂ ਛਿੱਤਰ ਬਹੁਤ ਫੇਰਨਾ ਹੈ । ਅਲਾਰਮ ਵੱਜ ਰਿਹਾ ਹੈ । ਪੰਜਾਬ ਸੁੱਤਾ ਪਿਆ ਹੈ । ਹੜ੍ਹ ਮੰਜੇ ਤੱਕ ਆ ਗਿਆ ਬੰਦਾ ਡੁੱਬੇਗਾ ਕਿ ਭੱਜੇਗਾ ? ਚੱਲ ਛੱਡ ਬਾਬਾ ਤੈ ਕੱਕੜੀਆਂ ਲੈਣੀਆਂ ..ਹਨ..ਹੁਣ ਛਬੀਲ ਲੱਗੂ…ਨਾਲੇ ਮੁਫਤ ਦਾ ਲੰਗਰ ਛਕ ਕੇ ਕਰ ਅਰਾਮ । ਚੰਗਾ ਫੇਰ ਮੈਂ ਚੱਲਦਾ….!”

ਬੁੱਧ ਸਿੰਘ ਨੀਲੋਂ

9464370824

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia’s turnaround came after general known as ‘The Butcher’ was made commander
Next articleਮਰ ਰਹੀ ਸੰਵੇਦਨਾ