ਜੁਬਾਨ ‘ਤੇ ਜਲ਼ਾਲਤ

ਬਲਜਿੰਦਰ ਸਿੰਘ ਬਾਲੀ ਰੇਤਗੜੵ

(ਸਮਾਜ ਵੀਕਲੀ)

ਰਾਜਨੀਤਿਕ ਵਿਰੋਧਤਾ ਰਾਜ ਦੀ ਭਲਾਈ ਲਈ ਹੁੰਦੀ ਹੈ ਨਾ ਕਿ ਆਪਸੀ ਰੰਜਸ਼ਾਂ ਕੱਢਣ, ਤੇ ਵਿਰੋਧੀਆਂ ਨੂੰ ਘਟੀਆ ਮਿਆਰ ਦੀ ਤਾਹਨੇਬਾਜ਼ੀ, ਦੂਸ਼ਣਬਾਜ਼ੀ ਕਰਕੇ ਨੀਵਾਂ ਦਿਖਾਉਣ ਲਈ। ਰਾਜਸੱਤਾ ਦਾ ਹਾਕਮ ਪੱਤਾ ਤਾਸ਼ ਦੇ ਹੁਕਮ ਦੇ ਬਾਦਸ਼ਾਹ ਵਾਂਗ ਕਦੋਂ ਕਿਸ ਦੇ ਹੱਥ ਆ ਜਾਵੇ, ਕੋਈ ਪਤਾ ਨਹੀਂ। ਜਿਸ ਦੇ ਵੀ ਹੱਥ ਆ ਗਿਆ ਉਹ ਹੀ ਸਹਿਨਸ਼ਾਹ ਹੈ। ਏਕੇ ਦਾ ਪੱਤਾ ਸਾਰੀ ਗੇਮ ਨੂੰ ਪਲਟਾ ਮਾਰ ਕੇ ਇਕੋ ਝਟਕੇ ਵਿੱਚ ਮੂਧੇ ਮੂੰਹ ਮਾਰ ਜਾਂਦਾ ਹੈ। ਜਿੱਤ ਤੋਂ ਹਾਰ ਦਾ ਮੂੰਹ ਵੇਖਦੇ ਸ਼ਰਮਸ਼ਾਰ ਹੁਂਦੇ ਬਹਿਸਬਾਜ਼ੀਆਂ ਤੇ ਲੜਾਈਆਂ ਤੇ ਆ ਖੜੵਦੇ ਹਨ। ਇਹੋ ਹਾਲ ਸਾਡੇ ਪੰਜਾਬ ਦੇ ਸਿਆਸੀ ਲੋਕਾਂ ਦਾ ਹੈ।

ਭਾਰਤ ਦਾ ਸੰਵਿਧਾਨ ਹਰ ਵੋਟਰ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਚੋਣ ਲੜਨ ਦੀ ਇਜ਼ਾਜ਼ਤ ਦਿੰਦਾ ਹੈ। ਮਨੁੱਖੀ ਮੌਲਿਕ ਅਧਿਕਾਰਾਂ ਦਾ ਇਕ ਵਿਸ਼ੇਸ ਅਧਿਆਏ ਭਾਰਤੀ ਨਾਗਰਿਕਾਂ ਨੂੰ ਬਿਨਾਂ ਲਿੰਗ ਭੇਦ-ਭਾਵ, ਜਾਤੀ ਭੇਦ-ਭਾਵ , ਨਸਲ ਭੇਦ ਭਾਵ ਦੇ ਵੋਟ ਦੇਣ ਅਤੇ ਚੋਣ ਪ੍ਕਿਰਿਆ ਰਾਹੀਂ ਵਿਧਾਨ ਸਭਾਵਾਂ ਦੇ ਮੈਂਬਰ ਅਤੇ ਲੋਕ ਸਭਾ ਦੇ ਮੈਂਬਰ ਬਣਨ ਦਾ ਅਧਿਕਾਰ ਦਿੰਦਾ ਹੈ।

ਪਰ ਕੁੱਝ ਦਿਨ ਪਹਿਲਾਂ ਪੰਜਾਬ ਦੇ ਵਿਰੋਧੀ ਧਿਰ ਦੇ ਰਾਜਨੀਤਿਕ ਸਿਰ ਕੱਢ ਆਗੂ ਇਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦੁਆਰਾ ਮੌਜੂਦਾ ਵਿਧਾਨ ਸਭਾ ਦੇ ਚੁਣੇ ਨਵੇਂ ਮੈਂਬਰਾਂ ਤੇ ਅੱਤ ਘਟੀਆ ਮਿਆਰ ਦੀਆਂ ਟਿੱਪਣੀਆਂ ਕਰਕੇ ਪੰਜਾਬ ਦੇ ਵੋਟਰਾਂ ਦਾ ਮਜ਼ਾਕ ਤਾਂ ਉਡਾ ਹੀ ਰਹੇ ਸੀ ਪਰ ਚੁਣੇ ਹੋਏ ਕਿਰਤੀ , ਗਰੀਬ ਐਮ ਐਲ ਏ ਦੀਆਂ ਆਰਥਿਕ ਹੈਸੀਅਤਾਂ ਤੇ ਭੱਦੀਆਂ ਟਿੱਪਣੀਆਂ ਕਰਕੇ ਜਲਾਲਤ ਵੀ ਦੇ ਰਹੇ ਸਨ। ਇਹ ਅੱਤ ਦੀ ਜਲ਼ਾਲਤ ਅਤੇ ਕਮੀਨਗ਼ੀ ਕਹਿ ਸਕਦੇ ਹਾਂ। ਇਹ ਭਾਰਤ ਦੇ ਸੰਵਿਧਾਨ ਅਧੀਨ ਪੰਜਾਬ ਰਾਜ ਦੀਆਂ ਚੋਣਾਂ ਚ ਬਹੁਮਤ ਹਾਸਲ ਕਰਕੇ ਵੱਡੇ ਵੱਡੇ ਧਨਾਡਾਂ , ਸਾਬਕਾ ਵਜ਼ੀਰਾਂ ਦੀਆਂ ਗੋਡੀਆ ਲਵਾ ਕੇ ਆਏ ਹੋਏ ਵਿਧਾਨ ਸਭਾ ਦੇ ਮੈਂਬਰਾਂ ਤੇ ਟਿੱਪਣੀਆਂ ਹਨ। ਇਹਨਾਂ ਦੀ ਜਿੱਤ ਰਾਜ ਦੇ ਲੋਕਾਂ ਦਾ ਸਮੂਹਿਕ ਫੈਸਲ਼ਾ ਹੈ।ਇਸ ਫੈਸਲ਼ੇ ਦੀ ਤੌਹੀਨ ਲੋਕਾਈ ਦੀ ਤੌਹੀਨ ਹੈ, ਵੋਟਰਾਂ ਜੀ ਤੌਹੀਨ ਹੈ,ਚੋਣ ਵਿਭਾਗ ਦੀ ਤੌਹੀਨ ਹੈ, ਸੰਵਿਧਾਨ ਦੀ ਤੌਹੀਨ ਹੈ। ਸੰਵਿਧਾਨ ਦੀ ਤੌਹੀਨ ਕਰਨ ਵਾਲਾ ਸਜ਼ਾ ਦਾ ਹੱਕਦਾਰ ਹੁੰਦਾ ਹੈ।

ਅਸਲ ਵਿੱਚ ਪੰਜਾਬ ਦੇ ਲੋਕਾਂ ਨੇ ਖੂਨ ਪੀਣੀਆਂ ਜੋਕਾਂ ਨੂੰ ਗਲੋਂ ਲਾਹ ਕੇ ਵਗਾਹ ਮਾਰਿਆ ਹੈ।ਇਸ ਬੇਇਜ਼ਤੀ ਦਾ ਬਦਲਾ ਉਹ ਹਾਰੇ ਹੋਏ ਰਾਜਨੀਤਿਕ ਚਿੱਟ ਕੱਪੜੀਏ ਘਟੀਆ ਮਿਆਰ ਦੀਆਂ ਟਿੱਪਣੀਆਂ ਕਰਕੇ ਆਪਣੀ ਭੜਾਸ ਕੱਢ ਰਹੇ ਹਨ। ਪਰ ਇਹਨਾਂ ਅਨਸਰਾਂ ਨੂੰ ਸੰਵਿਧਾਨ ਦੀ ਕੋਈ ਧਾਰਾ ਵੀ ਕਿਸੇ ਚੁਣੇ ਹੋਏ ਪ੍ਤੀਨਿੱਧ ਨੂੰ ਵਿਆਕਤੀਗਤ ਪੱਧਰ ਤੇ ਉਸਦੀ ਆਰਥਿਕ ਸਥਿਤੀ, ਉਸਦੇ ਸਮਾਜਿਕ ਕੰਮਕਾਰ ਤੇ ਗੁਰਬਤ ਨੂੰ ਲੈ ਕੇ ਵਿਅੰਗ ਕਰਨ ਦੀ, ਜ਼ਲੀਲ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੀ। ਉਹਨਾਂ ਦੀਆਂ ਪਤਨੀਆਂ ਨੂੰ ਆਪਣੇ ਵਿਅੰਗਾਂ ਦਾ ਵਿਸ਼ਾ ਬਣਾ ਕੇ ਹਾਸੋ-ਹੀਣੀਆਂ ਪਰ,ਕਮੀਨਗ਼ੀ ਭਰੀਆਂ ਟਿੱਪਣੀਆਂ ਕਰਨ ਦਾ ਅਧਿਕਾਰ ਇਹਨਾਂ ਧੜੱਲੇਦਾਰਾਂ ਲੋਕਾਂ ਨੂੰ ਕਿਸ ਨੇ ਦਿੱਤਾ ਹੈ।

ਹਰ ਸੰਸਥਾ ਦਾ ਮਾਣ ਉਸ ਵਿੱਚ ਕੰਮ ਕਰਨ ਵਾਲੇ ਮਨੁੱਖਾਂ ਦੇ ਕਿਰਦਾਰ, ਰਸੂਖ਼, ਸਲੀਕੇ ਅਤੇ ਵਿਵਹਾਰ ਨਾਲ਼ ਤਹਿ ਹੁੰਦਾ ਹੈ। ਪਰ ਇਹ ਲੋਕਾਂ ਦੀਆਂ ਲੋਕਤੰਤਰੀ ਸੰਸਥਾਵਾਂ ਕਿਸ ਨਿਵਾਣ ਵੱਲ ਗ਼ਰਕਣ ਹੋਣ ਲੱਗ ਪਈਆਂ ਹਨ।ਇਹ ਭੰਡਪੁਣੇ ਦੀਆਂ ਸਭ ਨਿਵਾਣਾਂ ਤੋਂ ਥੱਲੇ ਗਿਰ ਕੇ ਗ਼ਰਕ ਹੋਣ ਤੇ ਆਏ ਹਨ। ਇਹਨਾਂ ਸੰਸਥਾਵਾਂ ਨੇ ਹੀ ਸਮਾਜ ਅਤੇ ਰਾਜ ਦੇ ਹਰ ਅਦਾਰੇ ਦੀ ਅਗਵਾਈ ਕਰਨੀ ਹੈ। ਮਾਪਦੰਡ ਤਹਿ ਕਰਨੇ ਹਨ। ਇਹਨਾਂ ਦੇ ਸਿਧਾਂਤਾਂ ਦੀ ਪੈਰਵੀ ਕਰਦਿਆਂ ਸੁਰੱਖਿਆ ਵੀ ਦੇਣੀ ਹੈ। ਕੀ ਅਜਿਹੇ ਮਜ਼ਾਹੀਆ ਕਿਸਮ ਦੇ ਲੋਕ ਇਸ ਦੀ ਅਗਵਾਈ ਕਰਨ ਦੇ ਯੋਗ ਸਨ ਜਾਂ ਹਨ ? ਇਹ ਸੋਚਣ ਦਾ ਵਿਸ਼ਾ ਹੈ। ਚਿੰਤਨ ਕਰਨ ਦਾ ਵਿਸ਼ਾ ਹੈ ।

ਪੰਜਾਬ ਦੇ ਲੋਕਾਂ ਨੂੰ ਫ਼ੁਕਰਪੁਣੇ ਦੀਆਂ ਲੱਥਾਂ ਲਾ ਕੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੋਬ ਕੇ ਗੈਂਗਸਟਰੀ ਦੇ ਰਾਹ ਪਾ ਕੇ ਕੀ ਇਹ ਰਾਜਨੀਤਿਕ ਲੋਕ ਸਾਨੂੰ ਬਰਬਾਦ ਨਹੀਂ ਕਰ ਰਹੇ ? ਇਹ ਪੰਜਾਬ ਦੇ ਮਸਲਿਆਂ ਤੇ ਕਦੇ ਇਕ ਨਹੀਂ ਹੋਏ, ਪੰਜਾਬੀ ਬੋਲੀ ਦੇ ਮੁੱਦਿਆਂ ਤੇ ਕਦੇ ਇਕ ਨਹੀਂ ਹੋਏ, ਪਾਣੀਆਂ ਦੇ ਮਸਲਿਆਂ ਤੇ ਕਦੇ ਇਕ ਨਹੀਂ ਹੋਏ, ਗੁਰੂ ਸਾਹਿਬ ਦੀ ਬੇਅਦਬੀ ਤੇ ਚਿੰਤਨ ਕਰਨ ਲਈ ਕਦੇ ਇਕ ਨਹੀਂ ਹੋਏ ਪਰ ਜਦੋਂ ਇਹਨਾਂ ਦੀ ਸੰਘੀ ਵੱਲ ਪੜਤਾਲਾਂ ਦਾ ਹੱਥ ਵੱਧਣ ਲੱਗਿਐ ਤਾਂ ਇਹ ਇਕ ਮੰਚ ਤੇ ਇਕੱਠੇ ਹੋ ਕੇ ਜੱਫੀਆਂ ਪਾ ਰਹੇ ਹਨ। ਲੋਕਾਂ ਦਾ ਸੋਸ਼ਣ ਕਰਨ ਵਾਲੇ, ਸਰਕਾਰੀ ਤੰਤਰ,ਦੀ ਦੁਰਵਰਤੋਂ ਕਰਨ ਵਾਲੇ ਆਪਣੇ ਤੇ ਪਈ ਮੁਸੀਬਤ ਲਈ ਇਕ ਹੋ ਕੇ ਗਿੱਦੜਾਂ ਵਾਂਗ ਰੋਣ ਲੱਗੇ ਹਨ।

ਕੇਂਦਰ ਵਿੱਚ ਭ੍ਸ਼ਿਟ ਮੰਤਰੀ, ਆਚਰਣਹੀਣ ਲੋਕ ਕੀ ਗੁੱਲ ਖਿਲਾ ਰਹੇ ਹਨ। ਪਹਿਲਵਾਨ ਕੁੜੀਆਂ ਦਾ ਜਿਨਸੀ ਸ਼ੋਸਣ ਕਰਨ ਵਾਲੇ, ਕਰਵਾਉਣ ਵਾਲੇ ਦੇਸ਼ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਅਹੁਦਿਆਂ ਤੇ ਬੈਠ ਕੇ ਰਾਜ ਸੱਤਾ ਨੂੰ ਆਪਣੇ ਤਰੀਕੇ ਨਾਲ਼ ਸਿਰਫ਼ ਆਪਣੇ ਲਈ ਵਰਤ ਰਹੇ ਹਨ। ਕਿਰਦਾਰ ਉਪਰ ਲੱਗਿਆਂ ਦੋਸ਼ਾਂ ਨੂੰ ਰਫ਼ਾ ਦਫ਼ਾ ਕਰਨ ਲਈ ਸਰਕਾਰੀ ਤੰਤਰ ਦੀ ਬੇ-ਖੌਫ਼ ਵਰਤੋਂ ਕਰ ਰਹੇ ਹਨ। ਅਖ਼ਵਾਰਾਂ ਤੇ ਸਰਕਾਰੀ ਚੈਨਲਾਂ ਦੇ ਸੰਘ ਦੱਬ ਰੱਖੇ ਹਨ। ਜਵਾਬ ਵਿੱਚ ਘਟੀਆ,ਮਿਆਰ ਦੀਆਂ ਟਿੱਪਣੀਆਂ ਬੇਸ਼ਰਮੀ ਨਾਲ਼ ਕਰ ਰਹੇ ਹਨ। ਡਾਂਗ ਵਰਸਾ ਰਹੇ ਹਨ। ਕੀ ਇਹ ਭਾਰਤ ਦੇ ਵੋਟਰਾਂ ਦਾ ਅਪਮਾਨ ਨਹੀਂ ? ਕੀ ਇਹ ਜਲਾਲਤ ਦੀ ਹੱਦ ਨਹੀਂ ? ਤਾਨਾਸ਼ਾਹੀ ਗਤੀਵਿਧੀਆਂ ਕਰਨ ਵਾਲੇ , ਤਾਨਾਸ਼ਾਹੀ ਫੁਰਮਾਨ ਦੇਣ ਵਾਲੇ ਲੋਕ ਕੀ ਮੁਜ਼ਰਿਮ ਨਹੀਂ ?

ਇਹਨਾਂ ਨੂੰ ਸਜ਼ਾਵਾਂ ਬੇਸ਼ੱਕ ਚੋਣ ਵਿਭਾਗ ਜਾਂ ਫਿਰ ਨਿਆਂਪਾਲਿਕਾ ਬੇਸ਼ੱਕ ਨਾ ਦੇ ਸਕੇ ਪਰ ਇਹਨਾਂ ਦੀਆਂ ਹਰਕਤਾਂ ਤੋਂ ਅੱਕੇ ਲੋਕ ਇਹਨਾਂ ਨੂੰ ਲੋਹੇ ਦੇ ਚਨੇ ਜਰੂਰ ਚਬਾਉਣਗੇ। ਇਹਨਾਂ ਦੀ ਬੋਲਬਾਣੀ, ਇਹਨਾਂ ਦੇ ਭੰਡਪੁਣੇ, ਇਹਨਾਂ ਦੇ ਜ਼ੁਮਲਿਆਂ ਤੋਂ ਪਰੇਸ਼ਾਨ ਲੋਕ ਇਹਨਾਂ ਨੂੰ ਸਮਾਜ ਵਿੱਚ ਨੰਗਪੁਣਾ ਕਰਨ ਲਈ ਮਜ਼ਬੂਰ ਜਰੂਰ ਕਰ ਦੇਣਗੇ।
ਸਮਾਂ ਦੇਖੋ ਸਮੇਂ ਦੀ ਚਾਲ ਦੇਖੋ, ਲੋਕਾਂ ਦਾ ਰੱਥ ਵੇਖੋ।

ਬਲਜਿੰਦਰ ਸਿੰਘ” ਬਾਲੀ ਰੇਤਗੜੵ”
+91 9465129168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹੁਤਾ ਪਾਂਧੀ।
Next articleਸਿੱਖ ਦੀ ਪਹਿਚਾਣ