“ਹੁਣ ਤੂੰ ਬੋਲ ਕਬੀਰਾ”……..

ਅੰਮ੍ਰਿਤਪਾਲ ਕਲੇਰ

(ਸਮਾਜ ਵੀਕਲੀ)

ਕਿਸੇ ਕੁਲਹਿਣੇ ਵੇਲੇ ਮੰਨੂੰ ਨੇ ਸਮਾਜ ਨੂੰ ਜਾਤਾਂ (ਸਵਰਣ, ਖੱਤਰੀ, ਵੈਸ਼, ਸ਼ੂਦਰ) ਦੇ ਅਧਾਰ ਉੱਤੇ ਵੰਡਿਆ। ਕਿਹਾ ਜਾਂਦਾ ਹੈ ਕਿ ਇਸ ਦਾ ਅਧਾਰ ਭਾਵੇਂ ਕੰਮ-ਧੰਦੇ ਸੀ। ਪਰ ਸਮਾਜ ਨੂੰ ਨਹੀਂ ਬਲਕਿ ਮੰਨੂੰ ਨੇ ਸ਼ੈਤਾਨੀ ਸੋਚ ਨਾਲ ਇਨਸਾਨੀਅਤ ਅਤੇ ਮਾਨਵਤਾ ਦੀਆਂ ਵੰਡੀਆਂ ਬੜੇ ਕੋਝੇ ਤਰੀਕੇ ਨਾਲ਼ ਪਾ ਦਿੱਤੀਆਂ। ਨੀਵੀਂ ਜਾਤੀ ਵਿੱਚ ਸ਼ੂਦਰਾਂ ਦੀ ਹਾਲਤ ਦਿਨ- ਬਦਿਨ ਬਹੁਤ ਮਾੜੀ ਅਤੇ ਤਰਸਯੋਗ ਹੁੰਦੀ ਗਈ। ਜਿਸ ਦਾ ਖਾਮਿਆਜ਼ਾ ਦਲਿਤ ਜਾਤੀ ਦੇ ਲੋਕ ਸਦੀਆਂ ਤੋਂ ਹੁਣ ਤੱਕ ਵੀ ਭੁਗਤ ਰਹੇ ਹਨ।

ਜੇ ਗੱਲ ਕਰੀਏ ਉਪਰਲੀਆਂ ਜਾਤਾਂ ਸਵਰਣ, ਖੱਤਰੀ ਤੇ ਵੈਸ਼ ਦੀ ਤਾਂ ਹੁਣ ਵੀ ਇਹਨਾਂ ਵੱਲੋਂ ਦਲਿਤ ਸਮਾਜ ਉੱਪਰ ਕੀਤੇ ਜਾਂਦੇ ਅੱਤਿਆਚਾਰਾਂ ਦੀ ਸੂਚੀ ਲੰਬੀ ਹੋ ਜਾਵੇਗੀ। ਦੇਸ਼ ਭਰ ਚੋਂ ਜਾਤੀਵਾਦ ਦਾ ਸ਼ਿਕਾਰ ਹੋ ਰਹੀ ਮਾਨਵਤਾ ਘਿਨਾਉਣਾ ਰੂਪ ਲੈ ਰਹੀ ਹੈ। ਹੁਣੇ ਜਿਹੇ ਵਾਪਰੀ ਤਾਜ਼ੀ ਘਟਨਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਸਕਦਾ। ਵੰਦਨਾ ਕਟਾਰੀਆ ਭਾਰਤੀ ਹਾਕੀ ਟੀਮ (ਲੜਕੀਆਂ) ਦੀ ਟੀਮ ਦਾ ਇੱਕ ਸਿਰਕੱਢ ਨਾਮ ਹੈ। ਇਹ ਕੁੜੀ ਉੱਤਰਾਖੰਡ ਦੇ ਪਿੰਡ ਰੋਸ਼ਨਾਬਾਦ ਦੀ ਰਹਿਣ ਵਾਲੀ ਹੈ, ਜੋ ਦਲਿਤ ਵਰਗ ਨਾਲ ਸਬੰਧ ਰੱਖਦੀ ਹੈ। ਅੱਜ ਕੱਲ ਟੋਕੀਓ (ਜਪਾਨ) ਵਿਚ ਓਲੰਪਿਕ ਖੇਡਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ।

ਭਾਰਤੀ ਹਾਕੀ ਟੀਮ (ਲੜਕੀਆਂ )ਸੈਮੀਫਾਈਨਲ ਮੈਚ ਵਿੱਚ ਹਾਰ ਜਾਂਦੀ ਹੈ। ਜਿੱਤ ਹਾਰ ,ਖੇਡ ਭਾਵਨਾ ਦੇ ਮਨੋਬਲ ਨੂੰ ਨਹੀਂ ਡੇਗ ਸਕਦੀ । ਇੱਕ ਟੀਮ ਨੇ ਜਿੱਤਣਾ ਅਤੇ ਦੂਜੀ ਨੇ ਹਾਰਨਾ ਹੁੰਦਾ ਹੈ। ਪਰ ਜੇ ਇਸ ਜਿੱਤ ਹਾਰ ਨੂੰ ਕਿਸੇ ਖਿਡਾਰੀ ਦੀ ਜਾਤੀ ਨਾਲ ਜੋੜਿਆ ਜਾਵੇ ਤਾਂ ਇਹ ਰਾਸ਼ਟਰ ਦੇ ਨਿਘਾਰ ਦੀ ਨਿਸ਼ਾਨੀ ਹੈ ਅਤੇ ਦੇਸ਼ ਦੇ ਗੰਦੇ ਸਿਸਟਮ ਨੂੰ ਚਲਾਉਣ ਵਾਲਿਆਂ ਦਾ ਚਿਹਰਾ ਉੱਭਰ ਕੇ ਸਾਹਮਣੇ ਆਉਂਦਾ ਹੈ। ਪਿਛਲੇ ਦਿਨੀਂ ਅਜਿਹੀ ਹੀ ਘਟਨਾ ਵੰਦਨਾ ਕਟਾਰੀਆ ਦੇ ਘਰ ਰੋਸ਼ਨਾਬਾਦ ਵਿੱਚ ਵਾਪਰੀ ਹੈ। (ਵੰਦਨਾ ਨੀਵੀਂ ਜਾਤੀ ਦੇ ਪਰਿਵਾਰ ਵਿੱਚੋਂ ਹੈ) ਜੋ ਬੇਹੱਦ ਸ਼ਰਮਨਾਕ ਅਤੇ੍ ਨਿੰਦਣਯੋਗ ਹੈ। ਲੱਖ ਲਾਹਨਤ ਹੈ ਅਜਿਹੇ ਰਾਸ਼ਟਰ ਦੇ ਰਖਵਾਲਿਆਂ ਨੂੰ ਜਿਨ੍ਹਾਂ ਦੇ ਰਾਜ ਵਿੱਚ ਮਾਨਵਤਾ ਦਾ ਘਾਣ ਹੋ ਰਿਹਾ ਹੈ ।

ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ। ਟੋਕੀਓ ਓਲੰਪਿਕ ਵਿੱਚ ਹਾਕੀ ਦੀ ਟੀਮ ਸੈਮੀਫਾਈਨਲ ਮੈਚ ਹਾਰਨ ਦੌਰਾਨ ਵੰਦਨਾ ਕਟਾਰੀਆ ਦੇ ਘਰ ਵਿੱਚ ਕੁੱਝ ਉੱਚੀ ਜਾਤੀ ਵਾਲੇ ਲੋਕਾਂ ਦਾ ਹਜ਼ੂਮ ਪਹੁੰਚ ਜਾਂਦਾ ਹੈ ਅਤੇ ਉਸ ਦੇ ਘਰ ਦੇ ਮੂਹਰੇ ਜਾ ਕੇ ਪਟਾਕੇ ਚਲਾਉਂਦੇ ਹਨ। ਜਦੋਂ ਘਰ ਦੇ ਮੈਂਬਰ ਬਾਹਰ ਆਉਂਦੇ ਹਨ ਤਾਂ ਇਸ ਇਕੱਠ ਵਿੱਚੋਂ ਕੁਝ ਲੋਕ ਉਨ੍ਹਾਂ ਸਾਹਮਣੇ ਅੱਧ ਪਚੱਧੇ ਕੱਪੜੇ ਉਤਾਰ ਕੇ ਨੱਚਣ ਲਗਦੇ ਹਨ ਅਤੇ ਉਨ੍ਹਾਂ ਨੂੰ ਜਾਤੀ ਦੇ ਨਾਮ ਤੇ ਬੁਰਾ ਭਲਾ ਕਹਿ ਕੇ ਗਾਲ਼ਾਂ ਕੱਢਦੇ ਹਨ। ਕਹਿੰਦੇ ਹਨ ਕਿ ਜੇ ਅਜਿਹੀਆਂ ਨੀਵੀਂ ਜਾਤੀ ਦੀਆਂ ਖਿਡਾਰਨਾ ਹਾਕੀ ਦੀ ਟੀਮ ਵਿੱਚ ਖੇਡਣਗੀਆਂ ਤਾਂ ਕਿੱਥੋਂ ਭਾਰਤੀ ਟੀਮ ਜਿੱਤ ਸਕਦੀ ਹੈ। ਘਰ ਵਾਲੇ ਜਦੋਂ ਪੁਲੀਸ ਸਟੇਸ਼ਨ ਜਾ ਕੇ ਸ਼ਿਕਾਇਤ ਕਰਦੇ ਹਨ ਤਾਂ ਥਾਣੇਦਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਇੱਕ ਬੰਦੇ ਦੀ ਪਛਾਣ ਕਰ ਲਈ ਹੈ। ਦੁਰਫਿੱਟੇ ਮੂੰਹ ਅਜਿਹੇ ਗੰਦੇ ਸਰਕਾਰੀ ਸਿਸਟਮ ਦੇ।

ਉੱਤਰਾਖੰਡ ਦਾ ਮੁੱਖ ਮੰਤਰੀ ਮੂਕ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੈ, ਗ੍ਰਹਿ ਮੰਤਰੀ ਦਾ ਕੋਈ ਬਿਆਨ ਨਹੀਂ ਇਸ ਘਿਨੌਉਣੀ ਘਟਨਾ ਬਾਰੇ। ਕਿਉਂ? ਕਿਉਂਕਿ ਇਹ ਲੋਕ ਸਾਰੇ ਸਵਰਨ ਜਾਤੀ ਚੋਂ ਨੇ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਦੀਆਂ ਤੋਂ ਦਲਿਤਾਂ ਨੂੰ ਸਿਰ ਹੀ ਨਹੀਂ ਚੁੱਕਣ ਦਿੱਤਾ। ਸ਼ੂਦਰ ਜਾਤੀ ਦੇ ਲੋਕਾਂ ਨੂੰ ਪੜਨ- ਲਿਖਣ ਦਾ ਅਧਿਕਾਰ ਨਹੀਂ ਸੀ। ਜੇ ਡਾਂਗ ਤੇ ਡੇਰਾ ਕੀਤਾ ਸੀ ਤਾਂ ਉਹ ਸੀ ਸੰਤ ਕਬੀਰ ਜੀ ਅਤੇ ਗੁਰੂ ਰਵਿਦਾਸ ਜੀ ਜਿਨ੍ਹਾਂ ਨੇ ਉਸ ਸਮੇਂ ਦੇ ਸਮਾਜਕ ਅਤੇ ਧਾਰਮਿਕ ਤਾਣੇ ਬਾਣੇ ਅਤੇ ਬਨਾਉਟੀ ਕਰਮ ਕਾਂਡਾਂ ਦਾ ਡਟ ਕੇ ਵਿਰੋਧ ਕੀਤਾ ਸੀ।

ਓਸ ਸਮੇਂ ਦੇ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਨਾਲ ਟੱਕਰ ਲਈ ਸੀ ।ਫਿਰ ਮਹਾਨ ਵਿਦਵਾਨ ਅਤੇ ਚਿੰਤਕ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖ ਕੇ ਦਲਿਤਾਂ ਨੂੰ ਪੜ੍ਹਨ ਲਿਖਣ ਅਤੇ ਬਰਾਬਰੀ ਦਾ ਹੱਕ ਕਨੂੰਨੀ ਪੱਧਰ ਤੇ ਦਵਾਇਆ ਹੈ। ਇਸ ਤੋਂ ਪਹਿਲਾਂ ਮਹਾਤਮਾ ਜੋਤੀ ਬਾਫੂਲੇ ਅਤੇ ਸਮਿਤਰੀ ਬਾਈ ਨੇ ਗਰੀਬ ਵਰਗ ਦੀਆਂ ਲੜਕੀਆਂ ਲਈ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਹੈ ਸਮੇਂ ਸਮੇਂ ਤੇ ਉੱਠੀਆਂ ਲੋਕ ਭਲਾਈ ਲਹਿਰਾਂ ਨੇ ਬੇਸ਼ੱਕ ਸਮਾਨਤਾ ਦਾ ਨਾਅਰਾ ਦਿੱਤਾ ਪਰ ਰੋਟੀ ਬੇਟੀ ਦੀ ਸਾਂਝ ਹੁਣ ਤੱਕ ਨਾ ਬਣ ਸਕੀ।

ਮਾਨਸਿਕ ਪੱਧਰ ਤੇ ਦਲਿਤਾਂ ਨੂੰ ਨੀਵਾਂ ਹੀ ਸਮਝਿਆ ਗਿਆ। ਇਹ ਮੌਜੂਦਾ ਘਟਨਾ ਉੱਚੀ ਜਾਤੀ ਦੀ ਮਾਨਸਿਕਤਾ ਤੋਂ ਨੀਵੇਂ ਹੋਣ ਦੀ ਹੀ ਨਿਸ਼ਾਨੀ ਦਾ ਸਬੂਤ ਦਿੰਦੀ ਹੈ ।ਮਨੋਵਿਗਿਆਨਕ ਪੱਧਰ ਤੋਂ ਨੀਵੇਂ ਇਹ ਲੋਕ ਘਟੀਆ ਹਰਕਤਾਂ ਤੇ ਉੱਤਰ ਆਉਂਦੇ ਹਨ। ਲੱਖ ਲਾਹਨਤ ਹੈ ਇਹਨਾਂ ਗਟਰ ਦੇ ਗੰਦੇ ਕੀੜਿਆਂ ਤੇ। ਵੰਦਨਾ ਜ਼ਿੰਦਾਬਾਦ ਸੀ ,ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗੀ।

ਅੰਮ੍ਰਿਤਪਾਲ ਕਲੇਰ ( ਚੀਦਾ) ਮੋਗਾ
ਮੋਬ.ਨੰਬਰ 9915780980

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਮਗਾ
Next articleਮਿੱਠੜਾ ਕਾਲਜ ਵਿਖੇ ਧਾਰਮਿਕ ਲੇਖ ਲਿਖਣ ਦੇ ਮੁਕਾਬਲੇ ਕਰਵਾਏ