
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:– ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ ਆਸਟ੍ਰੇਲੀਆ ਸਿੱਖ ਖੇਡਾਂ ਦੇ ਦੁਨਿਆਂ ਭਰ ਵਿੱਚ ਰਾਮਰੋਲੇ ਤੋਂ ਬਾਅਦ ਇੰਗਲੈਂਡ ਵਾਲਿਆ ਨੇ ਵੀ ਦੂਜੀਆਂ ਸਿੱਖ ਗੇਮਸ ਲੰਡਨ ਦੇ ਬਰੁਨੇਲ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ 1 ਤੋਂ 3 ਅਗਸਤ ਤੱਕ ਕਰਵਾਉਣ ਦਾ ਫੈਸਲਾ ਕੀਤਾ ਹੈ। ਖੇਡਾਂ ਦੇ ਮੁੱਖ ਪ੍ਰਬੰਧਕ ਐਡਵੋਕੇਟ ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛਲੇ ਸਾਲ 2024 ਇੰਗਲੈਂਡ ਸਿੱਖ ਖੇਡਾਂ ਦੇ ਸਫਲ ਆਯੋਜਨ ਤੋਂ ਬਾਅਦ ਇੰਗਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ 2025 ਦੀਆਂ ਸਿੱਖ ਖੇਡਾਂ ਕਰਵਾਉਣ ਲਈ ਭਾਰੀ ਉਤਸ਼ਾਹ ਹੈ। ਦੂਜੀਆਂ ਸਿੱਖ ਖੇਡਾਂ ਵਿਚ ਟਰੈਕ ਦੌੜਾਂ, ਹਾਕੀ, ਫੁੱਟਬਾਲ, ਕ੍ਰਿਕਟ, ਨੈੱਟਬਾਲ, ਸਾਈਕਲਿੰਗ, ਕੁਸ਼ਤੀ, ਬੈਡਮਿੰਟਨ, ਪਾਵਰਲਿਫਟਿੰਗ , ਆਦਿ ਖੇਡਾਂ ਮਰਦ ਅਤੇ ਔਰਤਾਂ ਦੇ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਸਿੱਖ ਖੇਡਾਂ ਲਈ ਖਿਡਾਰੀਆ ਦੀ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ।ਇਨ੍ਹਾਂ ਸਿੱਖ ਖੇਡਾਂ ਦੇ ਆਯੋਜਨ ਨਾਲ ਸਿੱਖ ਭਾਈਚਾਰੇ ਨੂੰ ਪੂਰੀ ਦੁਨੀਆਂ ਵਿੱਚ ਵੱਡਾ ਹੁਲਾਰਾ ਮਿਲੇਗਾ ਅਤੇ ਸਿੱਖ ਖੇਡ ਸਭਿਆਚਾਰ ਵੀ ਆਲਮੀ ਪੱਧਰ ਤੇ ਪਰਫੁੱਲਤ ਹੋਵੇਗਾ। ਐਡਵੋਕੇਟ ਮਨਦੀਪ ਕੌਰ ਨੇ ਦੱਸਿਆ ਕਿ ਉਨਾਂ ਦਾ ਵਿਚਾਰ ਹੈ ਕਿ 2030 ਦੇ ਵਿੱਚ ਆਲਮੀ ਪੱਧਰ ਦੀਆਂ ” ਸਿੱਖ ਉਲੰਪਿਕ ਖੇਡਾਂ” ਕਰਵਾਈਆ ਜਾਣ ਜਿਸ ਵਿੱਚ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਭਾਈਚਾਰਾ ਵੱਖ ਵੱਖ ਮੁਲਕਾਂ ਵਲੋਂ ਨੁਮਾਇੰਦਗੀ ਕਰੇ। ਫੇਰ ਇਹ ਸਿੱਖ ਉਲੰਪਿਕ ਖੇਡਾਂ ਹਰ 2 ਸਾਲ ਬਾਅਦ ਵੱਖਰੇ ਵੱਖਰੇ ਮੁਲਕਾਂ ਵਿੱਚ ਕਰਵਾਈਆ ਜਾਣ। ਅਕਾਲ ਚੈਨਲ ਤੇ ਵਿਰਸੇ ਦੇ ਵਾਰਿਸ ਪ੍ਰੋਗਰਾਮ ਨਾਲ ਜੁੜੇ ਸਾਬਕਾ ਵਾਲੀਬਾਲ ਖਿਡਾਰੀ , ਖੇਡ ਪ੍ਰਮੋਟਰ ਅਜਾਇਬ ਸਿੰਘ ਗਰਚਾ ਨੇ ਦੱਸਿਆ ਇੰਗਲੈਂਡ ਸਿੱਖ ਖੇਡਾਂ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸ ਵਾਰ ਲੰਡਨ ਸਿੱਖ ਖੇਡਾਂ ਇਤਿਹਾਸ ਦਾ ਇੱਕ ਨਵਾਂ ਪੰਨਾ ਰੱਚ ਕੇ ਜਾਣਗੀਆ। ਇੰਨਾ ਖੇਡਾਂ ਵਿੱਚ ਬਾਹਰਲੇ ਮੁਲਕਾਂ ਤੋਂ ਖਿਡਾਰੀਆਂ ਅਤੇ ਦਰਸ਼ਕਾਂ ਦੀ ਸ਼ਮੂਲੀਅਤ ਹੋਵੇਗੀ।
ਜਗਰੂਪ ਸਿੰਘ ਜਰਖੜ ਖੇਡ ਲੇਖਕ 98143-00722



