ਬਿਕਾਸ਼ ਮੈਪੋ
ਕਹਾਣੀਕਾਰ:, ਬਿਕਾਸ਼ ਮੈਪੋ
ਪੰਜਾਬੀ ਅਨੁਵਾਦ:, ਰਵਿੰਦਰ ਸਿੰਘ ਸੋਢੀ
ਰਵਿੰਦਰ ਸਿੰਘ ਸੋਢੀ
(ਸਮਾਜ ਵੀਕਲੀ) ਇਕ ਛੋਟੇ ਜਿਹੇ ਪਿੰਡ ਦੀ ਇਕ ਕੁੜੀ ਸੀ, ਅਮੀਤੂ, ਮੀਆ ਅਤੇ ਹੱਕੀ ਦੀ ਧੀ ਅਮੀਤੂ । ਉਹ ਵਿਆਹ ਸੰਬੰਧ ਤੋਂ ਪੈਦਾ ਨਹੀਂ ਸੀ ਹੋਈ ਅਤੇ ਉਹਨਾਂ ਦੇ ਪਿਆਰ ਵਿਚ ਕਈ ਰੁਕਾਵਟਾਂ ਆਈਆਂ। ਮੀਆ ਦੇ ਘਰਦਿਆਂ ਨੂੰ ਜਦੋਂ ਉਹਨਾਂ ਦੇ ਆਪਸੀ ਸੰਬੰਧਾਂ ਦਾ ਪਤਾ ਲੱਗਿਆ ਅਤੇ ਉਸਦੇ ਪੈਰ ਭਾਰੀ ਹੋਣ ਦੀ ਸੂਹ ਵੀ ਮਿਲੀ ਤਾਂ ਉਹਨਾਂ ਨੇ ਹੱਕੀ ‘ਤੇ ਜ਼ੋਰ ਪਾਇਆ ਕਿ ਉਹ ਉਹਨਾਂ ਦੀ ਕੁੜੀ ਨਾਲ ਵਿਆਹ ਕਰਵਾਏ ਅਤੇ ਉਸ ਇਲਾਕੇ ਦੀ ਰਸਮ ਅਨੁਸਾਰ ‘ਮਿਥੁਨ’(ਮੁੰਡੇ ਵਾਲਿਆਂ ਵੱਲੋਂ ਇਕ ਖਾਸ ਕਿਸਮ ਦਾ ਜਾਨਵਰ ਭੇਜਣਾ) ਦੀ ਰਸਮ ਨਿਭਾਏ। ਹੱਕੀ ਨੇ ‘ਮਿਥੁਨ’ ਦੀ ਬਜਾਏ ਉਹਨਾਂ ਨੂੰ ਸੂਰ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਨਾਲ ਮੀਆ ਦੇ ਮਾਪਿਆਂ ਨੂੰ ਬਹੁਤ ਨਮੋਸ਼ੀ ਹੋਈ , ਨਤੀਜੇ ਵਜੋਂ ਮੀਆ ਅਤੇ ਹੱਕੀ ਇਕ-ਦੂਜੇ ਤੋਂ ਵੱਖ ਹੋ ਗਏ। ਹੱਕੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਮੁੰਡੇ ਵੀ ਸੀ। ਇਹਨਾਂ ਹਾਲਾਤ ਵਿਚ ਮੀਆ ਦਾ ਦਿਲ ਟੁੱਟ ਗਿਆ ਅਤੇ ਉਹ ਆਪਣੇ ਭਰਾ ਦੇ ਘਰ ਰਹਿਣ ਲੱਗੀ। ਉਸ ਦੇ ਮਾਮੇ ਨੇ ਮੀਆ ਦੇ ਕੁੜੀ ਹੋਣ ਤੋਂ ਬਾਅਦ ਉਸਦਾ ਨਾਂ ਅਮੀਤੂ ਰੱਖਿਆ। ਕੁਝ ਸਾਲਾਂ ਬਾਅਦ ਮੀਆ ਨੇ ਇਹ ਸੋਚ ਕੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾ ਲਿਆ ਕਿ ਉਸਦੀ ਜ਼ਿੰਦਗੀ ਵਿਚ ਖੁਸ਼ੀ ਅਤੇ ਟਿਕਾ ਆ ਜਾਵੇਗਾ।
ਇਸ ਸਮੇਂ ਦੌਰਾਨ ਉਸਦੀ ਕੁੜੀ ਅਮੀਤੂ ਆਪਣੇ ਮਾਮੇ ਦੀ ਦੇਖ-ਰੇਖ ਹੇਠ ਵੱਡੀ ਹੋ ਗਈ। ਛੋਟੀ ਉਮਰ ਤੋਂ ਹੀ ਅਮੀਤੂ ਨੂੰ ਆਪਣੀ ਉਮਰ ਤੋਂ ਵੀ ਵੱਡੀਆਂ ਜ਼ਿੰਮੇਵਾਰੀਆਂ ਮਿਲ ਗਈਆਂ। ਸਵੇਰੇ ਜਲਦੀ ਹੀ ਉੱਠਣਾ ਅਤੇ ਸਾਰੇ ਕੰਮ ਲਗਣ ਨਾਲ ਕਰਦੀ, ਰੋਟੀ ਬਣਾਉਣੀ, ਲੱਕੜਾਂ ਇਕੱਠੀਆਂ ਕਰਨਾ ਅਤੇ ਖੇਤਾਂ ਵਿਚ ਕੰਮ ਕਰਨਾ। ਉਸਦੀ ਛੋਟੀ ਉਮਰ ਦੇ ਬਾਵਜੂਦ, ਉਸਦੇ ਜਿੰਮੇ ਲੱਗੇ ਕੰਮ ਵੱਡਿਆਂ ਵਰਗੇ ਸੀ, ਜਿਸ ਤੋਂ ਪਤਾ ਲੱਗਦਾ ਕਿ ਉਹ ਸਿਆਣੀ ਵੀ ਸੀ ਅਤੇ ਹੌਂਸਲੇ ਵਾਲੀ ਵੀ । ਪਰ ਇਸਦੇ ਬਾਵਜੂਦ ਵੀ ਉਹ ਸੀ ਤਾਂ ਬੱਚਾ ਹੀ।
ਉਸਦੇ ਰੁਜ਼ਾਨਾ ਦੇ ਕੰਮਾਂ ਵਿਚ ਇਕ ਸੀ ਦੂਰੋਂ ਕਿਸੇ ਥਾਂ ਤੋਂ ਪਾਣੀ ਲੈ ਕੇ ਆਉਣਾ। ਹਰ ਰੋਜ਼ ਦਾ ਇਹ ਸਫਰ ਲੰਬਾ ਵੀ ਸੀ ਅਤੇ ਥਕਾਵਟ ਵਾਲਾ ਵੀ। ਅਮੀਤੂ ਅਕਸਰ ਹੀ ਆਪਣੇ ਬਚਪਨ ਦੀਆਂ ਮਸਤੀਆਂ ਵਿਚ ਰਸਤੇ ਵਿਚ ਕੁਝ ਸਮੇਂ ਲਈ ਖੇਡਣ ਲੱਗ ਜਾਂਦੀ, ਜਿਸ ਕਰਕੇ ਉਹ ਘਰ ਦੇਰ ਨਾਲ ਪਹੁੰਚਦੀ। ਇਸ ਕਰਕੇ ਉਸ ਨੂੰ ਬਹੁਤ ਮਾਰ ਪੈਂਦੀ।। ਉਸਦੀ ਮਾਸੂਮੀਅਤ ਜਾਂ ਭੋਲੇ ਪਨ ਦਾ ਕੋਈ ਧਿਆਨ ਨਾ ਰੱਖਿਆ ਜਾਂਦਾ ਅਤੇ ਉਹਨਾਂ ਦਾ ਸਾਰਾ ਧਿਆਨ ਇਸ ਗੱਲ ‘ਤੇ ਜਾਂਦਾ ਕਿ ਉਹ ਕੰਮ ਜਲਦੀ-ਜਲਦੀ ਨਾਲ ਨਹੀਂ ਕਰਦੀ।
ਇਕ ਦਿਨ ਅਮੀਤੂ ਦੇ ਪਿਤਾ ਨੇ ਸੋਚਿਆ ਕਿ ਉਸ ਨੂੰ ਆਪਣੇ ਘਰ ਲੈ ਜਾਵੇ, ਜਿਥੇ ਉਸਦੀ ਮਤ੍ਰੇਈ ਮਾਂ ਰਹਿੰਦੀ ਹੈ। ਜਦੋਂ ਉਹ ਘਰ ਪਹੁੰਚੇ, ਘਰ ਦੇ ਹਾਲਾਤ ਬਦਲੇ ਹੋਏ ਸੀ ਅਤੇ ਅਮੀਤੂ ਨੇ ਸੁਣਿਆ ਕਿ ਉਸਦੀ ਮਤ੍ਰੇਈ ਮਾਂ ਦੀ ਗੁੱਸੇ ਭਰੀ ਆਵਾਜ਼ ਕੰਧਾ ਨੂੰ ਵੀ ਪਾੜ ਰਹੀ ਸੀ। ਉਸ ਨੂੰ ਲੱਗਿਆ ਕਿ ਇਸ ਘਰ ਵਿਚ ਉਸਦੀ ਲੋੜ ਨਹੀਂ ਅਤੇ ਜਲਦੀ ਹੀ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਬਿਨਾਂ ਕਿਸੇ ਕਾਰਨ ਅਮੀਤੂ ਦਾ ਇਕ ਮਤਰੇਆ ਭਰਾ ਉਸ ਵੱਲ ਭੱਜ ਕੇ ਆਇਆ ਅਤੇ ਉਸ ਨੂੰ ਘਰੋਂ ਬਾਹਰ ਧੱਕਾ ਦੇ ਦਿੱਤਾ। ਡਰ ਅਤੇ ਹੈਰਾਨ ਜਿਹੀ ਹੋਈ ਅਮੀਤੂ ਜ਼ਮੀਨ ‘ਤੇ ਡਿਗ ਗਈ ਅਤੇ ਉਸ ਦੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ। ਉਹ ਬਹੁਤ ਛੋਟੀ ਸੀ, ਇਸ ਲਈ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕੀ ਹੋ ਰਿਹਾ ਹੈ, ਪਰ ਉਸ ਨੂੰ ਇਹ ਜ਼ਰੂਰ ਅਹਿਸਾਸ ਹੋ ਗਿਆ ਕਿ ਇਸ ਘਰ ਵਿਚ ਉਸ ਲਈ ਰਹਿਣਾ ਮੁਸ਼ਕਿਲ ਹੈ।
ਜ਼ਖ਼ਮੀ ਹੋਈ ਅਮੀਤੂ ਆਪਣੇ ਮਾਮੇ ਦੇ ਘਰ ਚਲੀ ਗਈ। ਉਸਦਾ ਮਾਮਾ ਉਸ ਨੂੰ ਘਰ ਦੇ ਅੰਦਰ ਲੈ ਗਿਆ। ਉਸਦੀ ਜ਼ਿੰਦਗੀ ਕੋਈ ਵਧੀਆ ਨਹੀਂ ਸੀ, ਪੜ੍ਹਾਈ ਤਾਂ ਉਸ ਲਈ ਇਕ ਸੁਪਨਾ ਹੀ ਸੀ। ਉਹ ਵੱਡੀ ਤਾਂ ਹੋ ਰਹੀ ਸੀ, ਪਰ ਉਸ ਨੂੰ ਕੁਝ ਵੀ ਨਵਾਂ ਸਿੱਖਣ ਨੂੰ ਨਹੀਂ ਸੀ ਮਿਲ ਰਿਹਾ। ਸਮਾਂ ਬੀਤਦਾ ਗਿਆ, ਅਮੀਤੂ ਦੇ ਆਪਣੇ ਮਾਂ-ਪਿਉ ਗੁਜ਼ਰ ਗਏ। ਕਈ ਸਾਲ ਬਾਅਦ ਉਸਦੇ ਮਾਮੇ ਨੇ ਉਸਦਾ ਵਿਆਹ ਆਪਣੀ ਮਰਜ਼ੀ ਨਾਲ ਕਰ ਦਿੱਤਾ। ਉਸਦੇ ਮਾਮੇ ਨੇ ਉਸਦੇ ਭਵਿੱਖ ਲਈ ਲਾੜੇ ਤੋਂ ਦੋ ‘ਮਿਥੁਨ’ ਅਤੇ ਪੰਜਾਹ ਹਜ਼ਾਰ ਰੁਪਏ ਲੈ ਲਏ। ਅਮੀਤੂ ਆਪਣੇ ਹੋਣ ਵਾਲੇ ਪਤੀ ਨੂੰ ਕਦੇ ਨਹੀਂ ਸੀ ਮਿਲੀ ਅਤੇ ਉਸਨੇ ਵਿਆਹ ਦੇ ਲੈਣ-ਦੇਣ ਬਾਰੇ ਬਹੁਤਾ ਸੋਚਿਆ ਵੀ ਨਾ।
ਉਸਦੇ ਵਿਆਹ ਦਾ ਦਿਨ ਆ ਗਿਆ ਅਤੇ ਅਮੀਤੂ ਆਪਣੇ ਪਤੀ ਦੇ ਘਰ ਅਨਿਸ਼ਚਿਤਾ ਜਿਹੀ ਵਿਚ ਚਲੀ ਗਈ। ਉਸਦਾ ਪਤੀ ਅੱਥੂ ਉਸ ਤੋਂ ਉਮਰ ਵਿਚ ਕਾਫੀ ਵੱਡਾ, ਕਈ ਬਿਮਾਰੀਆਂ ਦਾ ਖਾਧਾ ਹੋਇਆ ਸੀ ਅਤੇ ਬੇਪਰਵਾਹ ਜਿਹਾ ਸੀ। ਇਕ ਦਿਨ ਅੱਥੂ ਨੇ ਕਿਹਾ ਕਿ ਅਮੀਤੂ ਉਸ ਲਈ ਸ਼ਰਾਬ ਬਣਾਏ। ਅਮੀਤੂ ਨੂੰ ਪਤਾ ਸੀ ਕਿ ਅੱਥੂ ਦੀ ਸਿਹਤ ਠੀਕ ਨਹੀਂ, ਇਸ ਲਈ ਅਮੀਤੂ ਨੇ ਉਸ ਨੂੰ ਬਹੁਤੀ ਸ਼ਰਾਬ ਪੀਣ ਤੋਂ ਰੋਕਿਆ। ਅੱਥੂ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਯਾਦ ਕਰਵਾਇਆ ਕਿ ਅਮੀਤੂ ਦੇ ਮਾਮੇ ਨੂੰ ਉਸ ਨੇ ਵਿਆਹ ਲਈ ਕਿੰਨੇ ਪੈਸੇ ਦਿੱਤੇ ਸੀ। ਉਸ ਨੇ ਇਹ ਸਭ ਕੁਝ ਅਮੀਤੂ ਨੂੰ ਚੁੱਪ ਕਰਾਉਣ ਲਈ ਕਿਹਾ ਸੀ। ਅਮੀਤੂ, ਅੱਥੂ ਦੀ ਗੱਲ ਮੰਨ ਗਈ। ਉਹ ਗਵਾਂਢੀਆਂ ਦੇ ਘਰੋਂ ਅੱਥੂ ਲਈ ਸ਼ਰਾਬ ਦਾ ਜੱਗ ਮੰਗ ਕੇ ਲੈ ਆਈ।
ਆਪਣੇ ਪਤੀ ਦੇ ਘਰ ਵੀ ਅਮੀਤੂ ਦੀ ਜ਼ਿੰਦਗੀ ਵਿਚ ਕੋਈ ਫਰਕ ਨਹੀਂ ਸੀ ਆਇਆ। ਉਹ ਸਾਰਾ ਦਿਨ ਘਰ ਦੇ ਕੰਮ ਕਰਦੀ। ਖੇਤੀ ਦਾ ਕੰਮ, ਕਦੇ ਘਰ ਲਈ ਲੱਕੜਾਂ ਇਕੱਠੀਆਂ ਕਰਕੇ ਲਿਆਉਣੀਆਂ ਅਤੇ ਸੂਰਾਂ ਅਤੇ ਮੁਰਗ਼ੀਆਂ ਨੂੰ ਪਾਲਣਾ। ਭਾਵੇਂ ਉਹ ਮਾਂ ਬਣਨ ਵਾਲੀ ਸੀ, ਫੇਰ ਵੀ ਸਾਰਾ ਦਿਨ ਕੰਮ ਕਰਦੀ ਅਤੇ ਰਾਤ ਨੂੰ ਵੀ ਤੰਗੀ ਤਰਾਂ ਸੌਂ ਨਾ ਸਕਦੀ। ਉਸਦੇ ਜਣੇਪੇ ਦਾ ਸਮਾਂ ਆ ਗਿਆ ਸੀ, ਪਰ ਫੇਰ ਵੀ ਉਹ ਖੇਤਾਂ ਵਿਚ ਕੰਮ ਕਰਦੀ ਰਹੀ। ਬੜੀ ਹਿੰਮਤ ਨਾਲ ਉਸਨੇ ਘਰ ਤੋਂ ਦੂਰ ਦੇ ਅਰਾਮ ਤੋਂ ਬਿਨਾਂ ਆਪਣੀਆਂ ਜਨਮ ਪੀੜਾਂ ਦਾ ਮੁਕਾਬਲਾ ਕੀਤਾ ਅਤੇ ਖੇਤਾਂ ਵਿਚ ਹੀ ਇਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ। ਉਸਨੇ ਆਪ ਹੀ ਨਾੜੂਆ ਕੱਟਿਆ, ਨਵ ਜੰਮੇ ਬੱਚੇ ਨੂੰ ਸੰਭਾਲਿਆ ਅਤੇ ਹੌਲੀ-ਹੌਲੀ ਬੜੀ ਮੁਸ਼ਕਿਲ ਨਾਲ ਘਰ ਪਹੁੰਚੀ।
ਜਦੋਂ ਅੱਥੂ ਨੇ ਛੋਟੇ ਜਿਹੇ ਮਾਸੂਮ ਬੱਚੇ ਨੂੰ ਦੇਖਿਆ, ਉਹ ਇਕ ਅਕਿਹ ਖੁਸ਼ੀ ਨਾਲ ਖੀਵਾ ਹੋ ਗਿਆ। ਅਮੀਤੂ ਨੇ ਉਸ ਨੂੰ ਦੱਸਿਆ ਕਿ “ਇਹ ਸਾਡੀ ਧੀ ਹੈ”। ਅੱਥੂ ਸੋਚ ਰਿਹਾ ਸੀ ਕਿ ਇਹ ਚੰਦ ਮਾਂ ਦੀ ਕਿਰਪਾ ਹੋਈ ਹੈ। ਉਸਨੇ ਅਮੀਤੂ ਨੂੰ ਕਿਹਾ ਕਿ ਇਸ ਬੱਚੀ ਦਾ ਚੰਗੀ ਤਰਾਂ ਧਿਆਨ ਰੱਖੇ। ਇਹ ਕਹਿੰਦਾ ਹੋਇਆ ਉਹ ‘ਸ਼ਮਨ’ ਨੂੰ ਲੈਣ ਚਲਿਆ ਗਿਆ ਤਾਂ ਜੋ ਉਹ ਬੱਚੇ ਦੇ ਜਨਮ ਸਮੇਂ ਦੀਆਂ ਰਸਮਾਂ ਨਿਭਾ ਸਕੇ। ਉਹ ਰੂਹਾਂ ਦੀ ਸ਼ਕਤੀ ਵਿਚ ਵਿਸ਼ਵਾਸ ਕਰਦਾ ਸੀ ਇਸ ਲਈ ਹੀ ਉਹ ਚਾਹੁੰਦਾ ਸੀ ਕਿ ‘ਸ਼ਮਨ’ ਆਪਣੀ ਸਿਆਣਪ ਨਾਲ ਬੱਚੇ ਨੂੰ ਆਸ਼ੀਰਵਾਦ ਦੇਵੇ। ਬੱਚੀ ਦਾ ਨਾਂ ਬੱਚੀ ਦੀ ਦਾਦੀ ਦੇ ਨਾਂ ‘ਤੇ ਅਪੀਲੀ ਰੱਖਿਆ। ਸ਼ਮਨ ਪਿੰਡ ਵਿਚ ਅਗਲੇ ਦਿਨ ਆਇਆ ਅਤੇ ਪਿੰਡ ਵਾਲੇ ਅੱਥੂ ਦੇ ਘਰ ਇਕੱਠੇ ਹੋ ਗਏ ਤਾਂ ਕਿ ਉਹ ਵੀ ਇਸ ਪਵਿੱਤਰ ਰਸਮ ਨੂੰ ਦੇਖਣ। ਸਾਰਿਆਂ ਨੇ ਅਪੀਲੀ ਦੇ ਚੰਗੇ ਭਵਿੱਖ ਲਈ ਉਸ ਨੂੰ ਆਸ਼ੀਰਵਾਦ ਦਿੱਤਾ। ਪਿੰਡ ਵਾਲਿਆਂ ਨੇ ਖੁਸ਼ੀ ਮਨਾਈ ਕਿ ਰੂਹਾਂ ਬੱਚੀ ਦੀ ਰਾਖੀ ਕਰਨਗੀਆਂ।
ਪਰ ਥੋੜੀ ਦੇਰ ਬਾਅਦ ਹੀ ਅਪੀਲੀ ਬਹੁਤ ਬਿਮਾਰ ਹੋ ਗਈ। ਅੱਥੂ ਗੁੱਸੇ ਵਿਚ ਅਮੀਤੂ ਨੂੰ ਬੋਲਣ ਲੱਗਿਆ ਕਿ ਉਸਨੇ ਬੱਚੀ ਦਾ ਚੰਗੀ ਤਰਾਂ ਧਿਆਨ ਨਹੀਂ ਰੱਖਿਆ। ਫਿਕਰ ਅਤੇ ਨਿਰਾਸ਼ਾ ਨਾਲ ਅੱਥੂ ਇਕ ਬਾਰ ਫੇਰ ਸ਼ਮਨ ਨੂੰ ਬੁਲਾਉਣ ਗਿਆ ਕਿ ਉਸਦੀ ਬਿਮਾਰ ਬੱਚੀ ਨੂੰ ਠੀਕ ਕਰ ਦਏਗਾ। ਸ਼ਮਨ ਨੇ ਆ ਕੇ ਕਈ ਰਸਮਾਂ ਕੀਤੀਆਂ ਤਾਂ ਕਿ ਆਤਮਾਵਾਂ ਨੂੰ ਖੁਸ਼ ਕਰ ਸਕੇ। ਸ਼ਮਨ ਨੇ ਦੱਸਿਆ ਕਿ ਜੰਗਲ ਦੀਆਂ ਆਤਮਾਵਾਂ ਦੀ ਨਰਾਜ਼ਗੀ ਕਰਕੇ ਅਪੀਲੀ ਬਿਮਾਰ ਹੋਈ ਸੀ। ਉਸਨੇ ਸਮਝਾਇਆ ਕਿ ਕਿਸੇ ਨੇ ਦਰਖ਼ਤ ਦੀਆਂ ਲਟਕਦੀਆਂ ਜੜਾਂ ਨੂੰ ਕੱਟ ਦਿੱਤਾ ਸੀ, ਜਿਸ ਨਾਲ ਆਤਮਾਵਾਂ ਦਰਖ਼ਤ ‘ਤੇ ਚੜ੍ਹਦੀਆਂ ਸੀ।
ਸ਼ਮਨ ਵੱਲੋਂ ਯਕੀਨ ਦੁਆਏ ਜਾਣ ਤੋਂ ਬਾਅਦ ਅੱਥੂ ਨੂੰ ਕੁਝ ਧਰਵਾਸ ਮਿਲਿਆ। ਉਸਨੇ ਇਹ ਵੀ ਕਹਿ ਵੀ ਦਿੱਤਾ ਕਿ ਜੇ ਬੱਚੇ ਦੀ ਹਾਲਤ ਨਾ ਸੁਧਰੀ ਤਾਂ ਡਾਕਟਰ ਕੋਲ ਚਲੇ ਜਾਣਾ। ਪਰ, ਅਪੀਲੀ ਦੀ ਤਬੀਅਤ ਹੋਰ ਖਰਾਬ ਹੋ ਗਈ। ਅੱਥੂ ਨੇ ਅਮੀਤੂ ਨੂੰ ਇਕੱਲੇ ਹੀ ਹਸਪਤਾਲ ਜਾਣ ਲਈ ਕਿਹਾ, ਕਿਉਂ ਕਿ ਹਸਪਤਾਲ ਕਾਫੀ ਦੂਰ ਸੀ ਅਤੇ ਅੱਥੂ ਬੁੱਢਾ ਹੋਣ ਕਰਕੇ ਐਨੀ ਦੂਰ ਪੈਦਲ ਨਹੀਂ ਸੀ ਜਾ ਸਕਦਾ। ਅਮੀਤੂ ਇਕੱਲੀ ਹੀ ਲੰਬੇ ਸਫਰ ‘ਤੇ ਤੁਰ ਪਈ। ਹਸਪਤਾਲ ਪਹੁੰਚਣ ਵਿਚ ਸਾਰਾ ਦਿਨ ਲੱਗ ਗਿਆ। ਡਾਕਟਰ ਨੇ ਬੱਚੀ ਚੰਗੀ ਤਰਾਂ ਦੇਖ ਕੇ ਦੱਸਿਆ ਕਿ ਖਾਣੇ ਦੀ ਖ਼ਰਾਬੀ ਕਰਕੇ ਬੱਚੀ ਦੀ ਇਹ ਹਾਲਤ ਹੋਈ ਹੈ। ਉਸਨੇ ਦਵਾਈਆਂ ਲਿਖ ਦਿੱਤੀਆਂ। ਅਮੀਤੂ ਨੇ ਜਲਦੀ-ਜਲਦੀ ਫਾਰਮੇਸੀ ਤੋਂ ਦਵਾਈਆਂ ਲਈਆਂ ਅਤੇ ਰਾਤ ਹਸਪਤਾਲ ਵਿਚ ਹੀ ਰਹੀ।
ਅਗਲੇ ਦਿਨ ਜਦੋਂ ਡਾਕਟਰ ਨੇ ਯਕੀਨ ਦੁਆਇਆ ਕਿ ਅਪੀਲੀ ਠੀਕ ਹੋ ਜਾਵੇਗੀ ਤਾਂ ਅਮੀਤੂ ਘਰ ਵਾਪਿਸ ਆ ਗਈ। ਆਪਣੀ ਪਤਨੀ ਦੇ ਰਾਤ ਨੂੰ ਘਰ ਤੋਂ ਬਾਹਰ ਰਹਿਣ ਕਰਕੇ ਅੱਥੂ ਨੂੰ ਸਕ ਹੋਇਆ ਕਿ ਉਹ ਸ਼ਹਿਰ ਵਿਚ ਘੁੰਮਦੀ ਰਹੀ ਹੋਵੇਗੀ। ਅਮੀਤੂ ਨੂੰ ਇਸ ਗੱਲ ਦਾ ਬਹੁਤ ਦੁਖ ਹੋਇਆ ਕਿ ਉਸਦੇ ਪਤੀ ਨੇ ਉਸ ‘ਤੇ ਗਲਤ ਸ਼ਕ ਕੀਤਾ ਹੈ। ਉਸਨੇ ਅੱਥੂ ਨੂੰ ਸਮਝਾਇਆ ਕਿ ਉਹ ਸਾਰਾ ਦਿਨ ਤੁਰ ਕੇ ਤਾਂ ਹਸਪਤਾਲ ਪਹੁੰਚੀ ਅਤੇ ਕਿਉਂ ਕਿ ਉਸ ਨੂੰ ਵਾਪਿਸ ਆਉਣ ਲਈ ਦੇਰ ਹੋ ਗਈ ਸੀ, ਇਸ ਲਈ ਰਾਤ ਹਸਪਤਾਲ ਹੀ ਰਹਿਣਾ ਪਿਆ।
ਅਮੀਤੂ ਨੂੰ ਆਪਣੇ ਪਤੀ ਨੂੰ ਜਿਆਦਾ ਖੰਘਦੇ ਦੇਖ ਮਹਿਸੂਸ ਹੋਇਆ ਕਿ ਉਸਦੀ ਸਿਹਤ ਜਿਆਦਾ ਹੀ ਵਿਗੜਦੀ ਜਾ ਰਹੀ ਹੈ। ਉਸਦੀ ਸਿਹਤ ਬਾਰੇ ਫਿਕਰਮੰਦ ਹੋ ਕੇ ਅਮੀਤੂ ਨੇ ਉਸ ਨੂੰ ਹਸਪਤਾਲ ਚਲਣ ਲਈ ਬਹੁਤ ਜ਼ੋਰ ਪਾਇਆ, ਪਰ ਉਸਨੇ ਸਖ਼ਤਾਈ ਨਾਲ ਮਨਾ ਕਰ ਦਿੱਤਾ। ਅਮੀਤੂ ਇਕੱਲੀ ਹੀ ਘਰ ਦੇ ਸਾਰੇ ਕੰਮ ਅਤੇ ਖੇਤੀ ਦੇ ਕੰਮ ਕਰਦੀ ਰਹੀ। ਉਸਦੀਆਂ ਬੇਹੱਦ ਕੋਸ਼ਿਸ਼ਾ ਤੋਂ ਬਾਅਦ ਵੀ ਅੱਥੂ ਮੰਜੇ ਜੋਗਾ ਹੀ ਰਹਿ ਗਿਆ। ਪਿੰਡ ਦਾ ਸ਼ਮਨ ਇਕ ਬਾਰ ਹੋਰ ਉਹਨਾਂ ਦੇ ਘਰ ਆਇਆ ਅਤੇ ਉਸਨੇ ਬੜੇ ਮਾਊਸ ਹੋ ਕੇ ਕਿਹਾ ਕਿ ਅੱਥੂ ਦੀ ਇਹ ਹਾਲਤ ਜਿਆਦਾ ਸ਼ਰਾਬ ਪੀਣ ਦੀ ਆਦਤ ਕਰਕੇ ਹੋਈ ਹੈ। ਪਰ ਅੱਥੂ ਆਪਣੀਆਂ ਆਦਤਾਂ ਤੋਂ ਬਾਜ ਨਾ ਆਇਆ।
ਅਮੀਤੂ, ਅੱਥੂ ਦੇ ਲਗਾਤਾਰ ਗਾਲੀ-ਗਲੌਚ ਅਤੇ ਭੈੜੇ ਵਿਵਹਾਰ ਦੇ ਚਲਦੇ ਹੋਏ ਵੀ ਇਕੱਲੀ ਹੀ ਘਰ ਦਾ ਸਾਰਾ ਬੋਝ ਆਪਣੇ ਮੋਢਿਆਂ ‘ਤੇ ਚੁੱਕੀ ਫਿਰਦੀ ਰਹੀ। ਉਸ ਨੇ ਕਦੇ ਵੀ ਆਪਣੇ ਫਰਜ਼ਾਂ ਪ੍ਤੀ ਕੁਤਾਹੀ ਨਾ ਕੀਤੀ? ਸਗੋਂ ਆਪਣੇ ਪਤੀ ਨੂੰ ਇਕ ਵਧੀਆ ਮਾਹੌਲ ਵਿਚ ਰੱਖਦੀ ਰਹੀ। ਆਖਿਰ ਇਕ ਦਿਨ ਅੱਥੂ ਦੀ ਸਿਹਤ ਬਹੁਤ ਹੀ ਖਰਾਬ ਹੋ ਗਈ ਅਤੇ ਉਸਨੇ ਅੰਦਾਜ਼ਾ ਲਾ ਲਿਆ ਕਿ ਉਸਦਾ ਆਖਰੀ ਸਮਾਂ ਆ ਗਿਆ ਹੈ। ਉਸ ਨੇ ਡਰ ਅਤੇ ਸਾੜੇ ਕਰਕੇ ਅਮੀਤੂ ਨੂੰ ਕਿਹਾ ਕਿ ਉਸਦੇ ਮਰਨ ਕੋਂ ਬਾਅਦ ਉਹ ਕਿਸੇ ਹੋਰ ਆਦਮੀ ਦਾ ਸਾਥ ਲੱਭ ਲਏ ਗੀ। ਉਸਨੇ ਆਪਣੀ ਪਤਨੀ ਨੂੰ ਤਾੜਦੇ ਹੋਏ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੋ ਮਿਥੁਨ ਅਤੇ ਪੰਜਾਹ ਹਜ਼ਾਰ ਰੁਪਏ ਬਾਰੇ ਦੱਸ ਦੇਵੇਗਾ ਅਤੇ ਵਾਪਿਸ ਮੰਗਣ ਨੂੰ ਕਹੇਗਾ। ਅਖੀਰ ਅੱਥੂ, ਅਮੀਤੂ ਨੂੰ ਇਕੱਲੀ ਛੱਡ ਕੇ ਮਰ ਗਿਆ। ਪਿੰਡ ਦੇ ਲੋਕਾਂ ਅਤੇ ਸ਼ਮਨ ਨੇ ਇਕੱਠੇ ਹੋ ਕੇ ਉਸ ਦੀਆਂ ਆਖਰੀ ਰਸਮਾਂ ਕੀਤੀਆਂ। ਅਮੀਤੂ ਵਿਚਾਰੀ ਆਪਣੀ ਕੁੜੀ ਨੂੰ ਪਾਲਨ ਲਈ ਇਕੱਲੀ ਹੀ ਰਹਿ ਗਈ।
ਸਮਾਂ ਬੀਤਦਾ ਗਿਆ। ਅਪੀਲੀ ਹੁਸ਼ਿਆਰ ਅਤੇ ਇਕ ਸੁਹਣੀ-ਸੁਣੱਖੀ ਮੁਟਿਆਰ ਬਣ ਗਈ। ਉਸ ਨੂੰ ਆਪਣੇ ਪਿੰਡ ਦੇ ਹੀ ਇਕ ਮੁੰਡੇ ਨਾਲ ਪਿਆਰ ਹੋ ਗਿਆ। ਉਸ ਲੜਕੇ ਦੇ ਮਾਪਿਆਂ ਨੇ ਅਪੀਲੀ ਦੇ ਨਾਨਕਾ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਦੋਹਾਂ ਦੇ ਵਿਆਹ ਕਰਵਾਉਣ ਲਈ ਕਿਹਾ। ਜਦੋਂ ਅਮੀਤੂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਗਈ। ਉਸ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਹੋ ਰਿਹਾ। ਉਸਦੇ ਦੂਰ ਦੇ ਰਿਸ਼ਤੇਦਾਰ, ਉਸਦੀ ਮਰਜ਼ੀ ਤੋਂ ਬਿਨਾਂ ਉਸਦੀ ਬੱਚੀ ਦਾ ਭਵਿੱਖ ਕਿਵੇਂ ਤੈਅ ਕਰ ਸਕਦੇ ਹਨ? ਇਸ ਗੱਲ ਦਾ ਨਿਬੇੜਾ ਕਰਨ ਲਈ ਅਮੀਤੂ ਆਪਣੇ ਦੂਰ ਦੇ ਮਾਮੇ ਦੇ ਘਰ ਪਹੁੰਚ ਗਈ, ਜੋ ਇਹ ਕਹਿ ਰਿਹਾ ਸੀ ਕਿ ਉਹ ਹੀ ਵਿਆਹ ਦਾ ਫੈਸਲਾ ਕਰਨ ਦਾ ਹੱਕ ਰੱਖਦਾ ਹੈ। ਉਸਨੇ ਇਸ ਮਾਮਲੇ ਵਿਚ ਆਪਣੀ ਨਰਾਜ਼ਗੀ ਹੀ ਨਾ ਪ੍ਰਗਟਾਈ ਬਲਕਿ ਉਹਨਾਂ ਤੋਂ ਪੁੱਛਣ ਲੱਗੀ ਕਿ ਜਦੋਂ ਉਸਦਾ ਪਤੀ ਮੁਸੀਬਤ ਵਿਚ ਸੀ ਤਾਂ ਉਹ ਕਿਉਂ ਨਾ ਆਏ ਅਤੇ ਨਾ ਹੀ ਕੋਈ ਹਮਦਰਦੀ ਦਿਖਾਈ।
ਉਸਦੇ ਦੂਰ ਦੇ ਰਿਸ਼ਤੇਦਾਰ ਨੇ ਰਸਮਾ-ਰਿਵਾਜ਼ਾਂ ਦੀ ਗੱਲ ਕਰਦੇ ਹੋਏ, ਅਪੀਲੀ ਦੇ ਵਿਆਹ ਦੇ ਮਾਮਲੇ ਵਿਚ ਆਪਣੇ ਹੱਕ ਦੀ ਗੱਲ ਕੀਤੀ, ਪਰ ਪੱਕੇ-ਇਰਾਦੇ ਵਾਲੀ ਅਤੇ ਆਪਣੀ ਬੱਚੀ ਦੀ ਜ਼ਿੰਦਗੀ ਸੰਬੰਧੀ ਸੋਚਣ ਵਾਲੀ ਅਮੀਤੂ ਨੇ ਉਸ ਮਾਮੇ ਨੂੰ ਲਲਕਾਰਦੇ ਕਿਹਾ ਕਿ ਰਸਮਾ-ਰਿਵਾਜ਼ਾਂ ਉਸਦੀ ਧੀ ਦੀ ਖੁਸ਼ੀ ਵਿਚ ਅੜੀਕਾ ਨਹੀਂ ਬਣ ਸਕਦੇ। ਆਖਿਰ ਉਸ ਮਾਮੇ ਨੂੰ ਅਮੀਤੂ ਦੀ ਹਿੰਮਤ ਅਤੇ ਹੌਸਲਾ ਅਤੇ ਆਪਣੀ ਗਲਤੀ ਮਹਿਸੂਸ ਕਰਦੇ ਹੋਏ ‘ਮਿਥੁਨ’ ਦੀ ਰਸਮ ? ਵਾਪਿਸ ਕਰਨੀ ਪਈ। ਇਸ ਤਰਾਂ ਇਹ ਮਾਮਲਾ ਸੁਲਝ ਜਾਣ ‘ਤੇ ਅਮੀਤੂ ਸੁਚੇਤ ਰਹੀ ਪਰ ਆਪਣੀ ਬੇਟੀ ਦੇ ਪਿਆਰ ਦੇ ਹੱਕ ਵਿਚ ਹੀ ਰਹੀ। ਉਸਨੇ ਅਪੀਲੀ ਨੂੰ ਪਿਆਰ ਕਰਨ ਵਾਲੇ ਮੁੰਡੇ, ਇੰਨੀ ਨੂੰ ਆਪਣੇ ਘਰ ਬੁਲਾਇਆ ਤਾਂ ਜੇ ਉਸ ਬਾਰੇ ਸਭ ਕੁਝ ਜਾਣ ਸਕੇ। ਅਮੀਤੂ ਨੇ ਇੰਨੀ ਤੋਂ ਕਈ ਗੱਲਾਂ ਪੁੱਛੀਆਂ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਉਸ ਮੁੰਡੇ ਦੀ ਅਪੀਲੀ ਸੰਬੰਧੀ ਸੋਚ ਕਿਸ ਤਰਾਂ ਦੀ ਹੈ ਅਤੇ ਉਹ ਅਪੀਲੀ ਨੂੰ ਕਿੰਨਾ ਕੁ ਸਮਝ ਸਕਿਆ ਹੈ।
ਇੰਨੀ ਦੇ ਦਿਲ ਵਿਚ ਅਪੀਲੀ ਪ੍ਰਤੀ ਪਿਆਰ ਦੀ ਸੱਚੀ ਭਾਵਨਾ ਸੀ ਅਤੇ ਉਸਨੇ ਅਪੀਲੀ ਨੂੰ ਹਮੇਸ਼ਾ ਖੁਸ਼ ਰੱਖਣ ਦਾ ਵਾਅਦਾ ਕੀਤਾ। ਅਮੀਤੂ ਨੇ ਉਹਨਾਂ ਦੋਹਾਂ ਨੂੰ ਚੰਗੀ ਤਰਾਂ ਪਰਖਦੀ ਰਹੀ ਅਤੇ ਉਸ ਨੂੰ ਲੱਗਿਆ ਕਿ ਉਹ ਦੋਵੇਂ ਇਕ-ਦੂਜੇ ਨੂੰ ਦਿਲੋਂ ਚਾਹੁੰਦੇ ਹਨ। ਇੰਨੀ ਦਾ ਅਪੀਲੀ ਪ੍ਰਤੀ ਲਗਾਉ ਵੀ ਵੱਧਦਾ ਗਿਆ ਤਾਂ ਉਸਨੇ ਦੋਹਾਂ ਦਾ ਵਿਆਹ ਕਰ ਦਿੱਤਾ ਅਤੇ ਸਮਾਂ ਬੀਤਣ ‘ਤੇ ਅਮੀਤੂ ਨਾਨੀ ਵੀ ਬਣ ਗਈ। ਉਸਦੀ ਧੀ ਅਤੇ ਜਵਾਈ ਨੇ ਉਸ ਨੂੰ ਬਹੁਤ ਬਾਰ ਉਹਨਾਂ ਦੇ ਨਾਲ ਹੀ ਰਹਿਣ ਨੂੰ ਕਿਹਾ, ਪਰ ਅਮੀਤੂ ਇਕੱਲੀ ਹੀ ਰਹਿਣਾ ਚਾਹੁੰਦੀ ਸੀ। ਉਸ ਨੂੰ ਇਕੱਲੇ ਰਹਿ ਕੇ ਹੀ ਖੁਸ਼ੀ ਮਿਲਦੀ। ਉਹ ਹਮੇਸ਼ਾ ਹੀ ਸਿਆਣਪ ਅਤੇ ਸਮਝਦਾਰੀ ਨਾਲ ਆਪਣੇ ਜੁਆਈ ਅਤੇ ਧੀ ਨੂੰ ਜ਼ਿੰਦਗੀ ਦੇ ਚੰਗੇ-ਮਾੜੇ ਪੱਖਾਂ ਬਾਰੇ ਦੱਸਦੀ ਅਤੇ ਜਦੋਂ ਵੀ ਉਹ ਕੋਈ ਸਲਾਹ ਮੰਗਦੇ, ਉਹਨਾਂ ਨੂੰ ਠੀਕ ਸਲਾਹ ਦਿੰਦੀ।?
ਸਮਾਂ ਆਪਣੀ ਚਾਲ ਚਲਦਾ ਰਿਹਾ। ਉਹ ਇਕੱਲੀ ਰਹਿੰਦੀ ਹੋਈ ਵੀ ਆਪਣੀ ਜ਼ਿੰਦਗੀ ਇੱਜ਼ਤ ਅਤੇ ਮਾਣ ਨਾਲ ਬਿਤਾਉਂਦੀ ਰਹੀ, ਪਰ ਕਮਜ਼ੋਰ ਬਹੁਤ ਹੋ ਗਈ ਸੀ. ਇੱਕ ਦਿਨ ਅਪੀਲੀ ਅਤੇ ਉਸ ਦਾ ਪਤੀ ਇੰਨੀ ਉਸ ਨੂੰ ਮਿਲਣ ਆਏ. ਮਾਂ ਦੀ ਹਾਲਤ ਦੇਖ ਕੇ ਅਪੀਲੀ ਨੇ ਆਪਣਾ ਪੱਕਾ ਫੈਸਲਾ ਸੁਣਾ ਦਿੱਤਾ ਕੇ ਹੁਣ ਉਸ ਨੂੰ ਉਹਨਾਂ ਨਾਲ ਜਾਣਾ ਹੀ ਪਏਗਾ. ਉਸ ਨੇ ਮਾਂ ਨੂੰ ਕਿਹਾ, “ਅੰਮਾਂ, ਮੇਰੇ ਨਾਲ ਅੰਦਰ ਆ. ਆਪਣੇ ਕੁਝ ਕਪੜੇ ਲੈ ਅਤੇ ਸਾਡੇ ਨਾਲ ਚਲ.”
ਅਮੀਤੂ ਹੌਲੀ-ਹੌਲੀ ਉੱਠ ਕੇ ਕਮਰੇ ਵਿਚ ਚਲੀ ਗਈ, ਪਰ ਕਿੰਨੀ ਦੇਰ ਬਾਹਰ ਨਾ ਆਈ. ਇੰਨੀ ਨੇ ਅਪੀਲੀ ਨੂੰ ਇਸ਼ਾਰੇ ਨਾਲ ਹੀ ਪੁੱਛਿਆ ਕੇ ਕੀ ਉਹ ਸਾਡੇ ਨਾਲ ਜਾਏਗੀ?”
“ਪਤਾ ਨਹੀਂ!” ਇਹ ਕਹਿੰਦੀ ਹੋਈ ਉਹ ਆਪਣੀ ਮਾਂ ਨੂੰ ਦੇਖਣ ਅੰਦਰ ਚਲੀ ਗਈ.
ਕੈਲਗਰੀ, ਕੈਨੇਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj