ਚੰਡੀਗੜ੍ਹ (ਸਮਾਜ ਵੀਕਲੀ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਦੇ ਫੈਸਲੇ ਮਗਰੋਂ ਹੁਣ ਨਵੀਂ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਕਿਸੇ ਤਣ ਪੱਤਣ ਲੱਗਿਆ ਨਹੀਂ ਸੀ ਕਿ ਹੁਣ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਆਹਮੋ-ਸਾਹਮਣੇ ਹੋ ਗਏ ਹਨ। ਲੰਘੇ ਕੱਲ੍ਹ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ ਅਤੇ ਉਹ ਹੋਰ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ ਸਨ।
ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਸਿਆਸੀ ਵਿਰੋਧੀਆਂ ਵੱਲੋਂ ਅਮਰਿੰਦਰ ਸਿੰਘ ਨੂੰ ਮੁਖੌਟਾ ਬਣਾ ਕੇ ਵਰਤਿਆ ਜਾ ਰਿਹਾ ਹੈ। ਅਮਰਿੰਦਰ ਸਿੰਘ ਭਾਜਪਾ ਦੇ ਦਬਾਅ ਹੇਠ ਹਨ ਅਤੇ ਭਾਜਪਾ ਦੀ ਸਿੱਧੇ-ਅਸਿੱਧੇ ਤਰੀਕੇ ਨਾਲ ਮਦਦ ਕਰ ਰਹੇ ਹਨ। ਰਾਵਤ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਅਮਰਿੰਦਰ ਸਿੰਘ ਨੂੰ ਸਨਮਾਨ ਦਿੱਤਾ ਤੇ ਦੋ ਵਾਰ ਮੁੱਖ ਮੰਤਰੀ ਬਣਾਇਆ। ਉਨ੍ਹਾਂ ਦਾ ਪਾਰਟੀ ’ਚ ਅਪਮਾਨ ਕਿਵੇਂ ਹੋ ਸਕਦਾ ਹੈ। ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ ਹਰ ਗੱਲ ਮੰਨੀ ਹੈ ਅਤੇ ਉਨ੍ਹਾਂ ਨਾਲ ਕਿਸੇ ਪੱਧਰ ’ਤੇ ਵੀ ਕੋਈ ਅਪਮਾਨ ਵਾਲਾ ਵਤੀਰਾ ਨਹੀਂ ਰੱਖਿਆ ਗਿਆ।
ਪੰਜਾਬ ਵਿਧਾਇਕ ਦਲ ਦੀ ਮੀਟਿੰਗ ਬਾਰੇ ਵੀ ਬਾਕਾਇਦਾ ਉਨ੍ਹਾਂ ਨੂੰ ਦੱਸਿਆ ਗਿਆ ਸੀ। ਉਨ੍ਹਾਂ ਨੇ ਅਮਰਿੰਦਰ ਸਿੰਘ ਨਾਲ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਉਣ ਬਾਰੇ ਗੱਲਬਾਤ ਕੀਤੀ ਪਰ ਕੈਪਟਨ ਨੇ ਸਾਫ ਤੌਰ ’ਤੇ ਮੀਟਿੰਗ ਵਿੱਚ ਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਚੇਤੇ ਰਹੇ, ਹਰੀਸ਼ ਰਾਵਤ ਨੇ ਕੈਪਟਨ-ਸਿੱਧੂ ਵਿਵਾਦ ਦੌਰਾਨ ਬਿਆਨ ਦਿੱਤਾ ਸੀ ਕਿ ਅਗਲੀਆਂ ਪੰਜਾਬ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਜਿਸ ਤੋਂ ਕਾਫੀ ਬਖੇੜਾ ਖੜ੍ਹਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਦੋਂ ਸੋਨੀਆ ਗਾਂਧੀ ਨਾਲ ਖੜ੍ਹੇ ਹੋਣ ਦੀ ਲੋੜ ਸੀ ਤਾਂ ਅਮਰਿੰਦਰ ਸਿੰਘ ਨੇ ਵੱਖਰਾ ਰਾਹ ਅਖਤਿਆਰ ਕਰ ਲਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਰੀਸ਼ ਰਾਵਤ ਨੂੰ ਮੋੜਵੇਂ ਜੁਆਬ ਵਿੱਚ ਕਿਹਾ ਹੈ ਕਿ ਜੇ ਉਨ੍ਹਾਂ ’ਤੇ ਕੋਈ ਦਬਾਅ ਸੀ ਤਾਂ ਉਹ ਪਾਰਟੀ ਪ੍ਰਤੀ ਵਫਾਦਾਰੀ ਦਾ ਸੀ ਪਰ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਨੂੰ ਅਪਮਾਨ ਸਹਿਣ ਕਰਨਾ ਪਿਆ।
ਅਮਰਿੰਦਰ ਨੇ ਰਾਵਤ ’ਤੇ ਸੁਆਲ ਖੜ੍ਹੇ ਕੀਤੇ ਹਨ ਕਿ ਪਾਰਟੀ ਦੇ ਰੁਖ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਰਾਵਤ ਝੂਠ ਬੋਲ ਰਹੇ ਹਨ ਕਿ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਤਿੰਨ ਫੋਨ ਕੀਤੇ ਗਏ ਸਨ। ਅਮਰਿੰਦਰ ਨੇ ਕਿਹਾ,‘ਨਵਜੋਤ ਸਿੱਧੂ ਦੀ ਅਗਵਾਈ ਵਿੱਚ ਬਾਗੀ ਖੇਮੇ ਨੂੰ ਮੇਰੀ ਅਥਾਰਟੀ ਨੂੰ ਕਮਜ਼ੋਰ ਕਰਨ ਦੀ ਖੁੱਲ੍ਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਰਾਵਤ ਹੁਣ ਝੂਠ ਬੋਲ ਰਹੇ ਹਨ ਅਤੇ ਉਦੋਂ ਨਵਜੋਤ ਸਿੱਧੂ ਨੂੰ ਤਾਨਾਸ਼ਾਹੀ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ ਜਿਸ ਕਰਕੇ ਅੱਜ ਕਾਂਗਰਸ ਦੇ ਇਹ ਹਾਲ ਹਨ।
ਸ਼ਾਹ ਨਾਲ ਨੇੜਤਾ ਨੇ ਅਮਰਿੰਦਰ ਦੀ ਧਰਮ ਨਿਰਪੱਖਤਾ ’ਤੇ ਸ਼ੰਕੇ ਖੜ੍ਹੇ ਕੀਤੇ: ਰਾਵਤ
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਵਰਗੇ ਭਾਜਪਾ ਆਗੂਆਂ ਨਾਲ ਨੇੜਤਾ ਨੇ ਉਨ੍ਹਾਂ ਦੀ ਧਰਮ-ਨਿਰਪੱਖਤਾ ਵਾਲੀ ਵਿਚਾਰਧਾਰਾ ’ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਬਹੁਮਤ ਵਾਲੀ ਸੂਬਾਈ ਸਰਕਾਰ ਨੂੰ ਤੋੜਨ ਦੇ ਯਤਨ ਨਾ ਕਰੇ। ਰਾਵਤ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ’ਤੇ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਬਚਾਉਣ ਲਈ ਕੈਪਟਨ ਨੂੰ ਕਾਂਗਰਸ ਲੀਡਰਸ਼ਿਪ ਨਾਲ ਖੜ੍ਹਨਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly