(ਸਮਾਜ ਵੀਕਲੀ)
ਹਾਏ ਵੰਡ
ਅਸੀਂ ਤਾਂ ਆਮ ਇਨਸਾਨ ਸੀ, ਹਮੇਸ਼ਾ ਤੋਂ ਕਿਰਤ ਕਰਨ ਵਾਲੇ ਤੇ ਹੱਕ ਦੀ ਖਾਣ ਵਾਲੇ। ਸਮੇਂ ਸਮੇਂ ਦੀਆਂ ਸਰਕਾਰਾਂ , ਭ੍ਰਿਸ਼ਟਾਚਾਰ ਲੀਡਰ ਸਾਨੂੰ ਹੱਕ ਦੀ ਵੀ ਖਾਣ ਨਹੀਂ ਦਿੰਦੇ । ਸਾਡਾ ਰੁੱਖਾ ਮਿਸਾਂ ਨਿਵਾਲਾ ਖੋਹਣ ਲਈ ਕਦੇ ਸਾਨੂੰ ਖੇਤਰਫਲ ਵਿੱਚ ਵੰਡਦੇ ਹਨ, ਕਦੇ ਜਾਤਾਂ ਦੇ ਨਾਮ ਤੇ ਵੰਡਦੇ ਹਨ, ਕਦੇ ਧਰਮ ਦੇ ਨਾਮ ਤੇ ਵੰਡਦੇ ਹਨ। ਸਮੇਂ ਸਮੇਂ ਦੇ ਹਾਕਮ ਹਰ ਵਕਤ ਆਮ ਇਨਸਾਨ ਨੂੰ ਮੂਧੇ ਮੂੰਹ ਸੁੱਟਣ ਲਈ ਤਿਆਰ ਰਹਿੰਦੇ ਹਨ।
ਸੌ ਸਾਲ ਤੱਕ ਅੰਗਰੇਜ਼ ਹਾਕਮ ਸਾਨੂੰ ਲਹੂ ਲੁਹਾਣ ਕਰਦੇ ਰਹੇ। ਕਦੇ ਜ਼ਮੀਨਾਂ ਦੇ ਕਰਾ ਪਿੱਛੇ ਤੇ ਕਦੇ ਸਾਡੇ ਵਿਰਸੇ ਦੀ ਪਿੱਠ ਲਾਉਣ ਲਈ ਸਾਨੂੰ ਆਪਸ ਵਿੱਚ ਲੜਾਂ ਲੜਾਂ ਮਾਰਦੇ ਰਹੇ।
ਅੰਗਰੇਜ਼ਾਂ ਤੋਂ ਬਾਅਦ 1947 ਦੀ ਖੂਨੀ ਵੰਡ । ਇਹ ਵੰਡ ਵੀ ਧਰਮ ਤੇ ਜਾਤੀ ਦੇ ਨਾਮ ਤੇ ਕੀਤੀ ਗਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੇ ਨਾਮ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਇਹ ਵੰਡ ਸਿਰਫ ਖੇਤਰੀ ਵੰਡ ਨਹੀਂ ਸੀ ਸਗੋਂ ਇੱਕ ਮਾਂ ਦੀ ਕੁੱਖ ਦੀ ਵੰਡ ਸੀ। ਇਸ ਵੰਡ ਦਾ ਅਸਰ ਅਸੀਂ ਅੱਜ 73 ਸਾਲ ਬਾਅਦ ਵਿੱਚ ਵੀ ਭੁੱਲ ਨਹੀਂ ਸਕੇ, ਨਾ ਕਦੇ ਭੁੱਲ ਸਕਾਂਗੇ । ਇਸ ਵੰਡ ਵਿੱਚ ਜੋ ਘਾਟਾ ਆਮ ਇਨਸਾਨ ਨੂੰ ਪਿਆ ਉਹ ਕਦੇ ਵੀ ਕੋਈ ਪੂਰਾ ਨਹੀਂ ਕਰ ਸਕਦਾ।
ਅਸੀਂ ਪੰਜਾਬੀ ਜਿੰਨਾ ਵੀ ਕਿਸੇ ਨਾਲ ਵਫ਼ਾ ਕਰਦੇ ਹਾਂ ਸਾਨੂੰ ਉੱਨਾਂ ਹੀ ਜ਼ਿਆਦਾ ਧੱਕਾ ਦਿੱਤਾ ਜਾਂਦਾ ਹੈ। ਧੱਕਾ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਸਾਡੀ ਆਪਣੀ ਹੀ ਭਾਰਤ ਸਰਕਾਰ ਹੁੰਦੀ ਹੈ। 1 ਨਵੰਬਰ 1966 ਨੂੰ ਪੰਜਾਬੀਆਂ ਨਾਲ ਭਾਰਤ ਸਰਕਾਰ ਦੇ ਭ੍ਰਿਸ਼ਟਾਚਾਰਾਂ ਲੀਡਰਾਂ ਦੀ ਮਿਲੀ ਭੁਗਤ ਨੇ ਇੱਕ ਹੋਰ ਵਿਸ਼ਵਾਸਘਾਤ ਕੀਤਾ । ਪੰਜਾਬ ਵਿੱਚੋਂ ਹਰਿਆਣਾ ਸੂਬਾ ਭਾਸ਼ਾ ਦੇ ਆਧਾਰ ਤੇ ਵੰਡ ਦਿੱਤਾ ਗਿਆ । ਪੰਜਾਬ ਵਿੱਚੋਂ ਹਰਿਆਣਾ ਵੱਖ ਕਰ ਦੇਣਾ ਜਿਵੇਂ ਇੱਕ ਮਨੁੱਖੀ ਸਰੀਰ ਨੂੰ ਖੜੇ-ਦਾਰ ਦੋ ਫਾੜ ਕਰ ਦੇਣਾ । ਬਹੁਤੇ ਪੰਜਾਬੀ ਸਿੱਖ ਹਰਿਆਣੇ ਵਿੱਚ ਰਹਿ ਗਏ ਜੋ ਅੱਜ ਵੀ ਵਿਰਲਾਪ ਕਰ ਰਹੇ ਹਨ।
ਪੰਜਾਬ ਹਰਿਆਣਾ ਵੰਡ ਕੇਵਲ ਖੇਤਰੀ ਵੰਡ ਨਹੀਂ ਸੀ ਸਗੋਂ ਇਨਸਾਨੀਅਤ ਦੀ ਵੰਡ, ਧਰਮ ਦੀ ਵੰਡ, ਭਾਸ਼ਾ ਦੀ ਵੰਡ , ਪਾਣੀਆਂ ਦੀ ਵੰਡ ਪਤਾ ਨਹੀਂ ਹੋਰ ਕੀ ਕੀ ਵੰਡਿਆ ਇਹਨਾਂ ਸਮੇਂ ਦੀਆਂ ਸਰਕਾਰਾਂ ਨੇ।
ਆਖਰ ਸਾਡੇ ਪੰਜਾਬੀਆਂ ਨਾਲ ਹੀ ਇਹ ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਹੁੰਦਾ ਹੈ ? ਸਾਡੇ ਪੰਜਾਬੀਆਂ ਨਾਲ ਇਹ ਵਿਤਕਰਾ ਕਦੋਂ ਤੱਕ ਹੁੰਦਾ ਰਹੇਗਾ ? ਸਾਨੂੰ ਪੰਜਾਬੀਆਂ ਨੂੰ ਹੀ ਕਿਉਂ 95% ਕੁਰਬਾਨੀਆਂ ਦੇਣੀਆਂ ਪਈਆਂ ਤੇ ਦੇਣੀਆਂ ਪੈਂਦੀਆਂ ਹਨ ? ਜੇਕਰ ਪੰਜਾਬ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਤਾਂ ਫੇਰ ਇਹ ਵਿਤਕਰਾ ਕੇਵਲ ਤੇ ਕੇਵਲ ਪੰਜਾਬੀਆਂ ਨਾਲ ਹੀ ਕਿਉਂ ਕੀਤਾ ਜਾਂਦਾ ਹੈ ? ਹੈ ਕੋਈ ਜਵਾਬ ਉਹਨਾਂ ਭ੍ਰਿਸ਼ਟ ਲੀਡਰਾਂ ਕੋਲ ਜੋ ਕਦੇ ਸਾਨੂੰ ਵੰਡ ਕੇ ? ਕਦੇ ਨਸ਼ੇ ਨਾਲ ਡੰਗ ਕੇ ਪਲ ਪਲ ਖਤਮ ਕਰਨ ਤੇ ਲੱਗੇ ਰਹਿੰਦੇ ਹਨ ।
ਦਾਦੇ ਮੇਰੇ ਵੰਡ ਸੰਤਾਲੀ ਭੋਗੀ
ਬਾਪੂ ਭੋਗੀ ਖੂਨੀ ਚੁਰਾਸੀ
ਰੱਤ ਨਾਲ ਰੰਗੀ ਮੈਂ ਧਰਤੀ ਵੇਖੀ
ਨਾਲ਼ੇ ਪਲ ਪਲ ਮਰਦੀ ਇਨਸਾਨੀਅਤ
ਰੱਬ ਰਹਿਮ ਕਰੇ ਹੋਣ ਖੁਸ਼ੀਆ ਖੇੜੇ
ਹੋਣ ਸ਼ਾਂਤੀ ਤੇ ਪਿਆਰ ਦੇ ਡੇਰੇ
ਹਰਿਆਂ ਭਰਿਆ ਦੇਸ਼ ਹੋਵੇ
ਤੇ ਵਿੱਚ ਹੱਸਦੇ ਵੱਸਦੇ ਲੋਕੀ
ਸਰਬਜੀਤ ਲੌਂਗੀਆਂ ਜਰਮਨੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly