ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅਦਾਰਾ ਪਾਠਕ ਸੱਥ ਨਵਾਂਸ਼ਹਿਰ ਵਲੋਂ ਬਾਰਾਂਦਰੀ ਬਾਗ਼ ਵਿਚ ਚੰਗੇਜ਼ ਆਇਤਮਤੋਵ ਦੇ ਨਾਵਲ ‘ਪਹਿਲਾ ਅਧਿਆਪਕ” ਤੇ ਵਿਚਾਰ ਚਰਚਾ ਕਰਵਾਈ ਗਈ | ਵਿਚਾਰ ਚਰਚਾ ਦਾ ਆਗਾਜ਼ ਜਸਵੀਰ ਮੋਰੋਂ ਜੀ ਵਲੋਂ ਕਰਦਿਆਂ ਨਾਵਲ ਦੇ ਪਾਤਰ ਦੂਈਸ਼ੇਨ ਨੂੰ ਉਸਦੇ ਮਿਸ਼ਨ ਵਿੱਚ ਆਈਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਗਿਆ | ਜੋ ਕਿਰਗਿਜ਼ਸਤਾਨ ਦੇ ਦੂਰ ਦੁਰਾਡੇ ਇਲਾਕੇ ਵਿੱਚ ਪਿੰਡ ਦੇ ਲੋਕਾਂ ਲਈ ਸਕੂਲ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀlਐਪਰ ਪਿੰਡ ਦੇ ਕੁਝ ਪਿਛਾਖੜੀ ਕਿਸਮ ਦੇ ਲੋਕ ਉਸ ਦੇ ਰਾਹ ਦਾ ਅੜ੍ਹਿੱਕਾ ਬਣਦੇ ਹਨ |ਆਖੀਰ ਉਸਨੂੰ ਸੋਵੀਅਤ ਸਰਕਾਰ ਵਲੋਂ ਕੀਤੇ ਹੁਕਮਾਂ ਦਾ ਪੱਤਰ ਦਿਖਾਉਣ ਤੋਂ ਬਾਅਦ ਹੀ ਸਕੂਲ ਖੋਲ੍ਹਣ ਦਾ ਮੌਕਾ ਦਿੱਤਾ ਜਾਂਦਾ ਹੈ |ਜਸਵੀਰ ਮੋਰੋਂ ਜੀ ਨੇ ਦੱਸਿਆ ਕਿ ਸਾਰੇ ਸਮਾਜਾਂ ਵਿਚ ਕੁਝ ਸਮਾਨਤਾਵਾਂ ਹੁੰਦੀਆਂ ਹਨ | ਹਰੇਕ ਸਮਾਜ ਵਿੱਚ ਸਿਤਾਮਕੁਲ ਵਰਗੇ ਪਾਤਰ ਬਿਨਾਂ ਗੱਲੋਂ ਰੋੜੇ ਅਟਕਾਉਂਦੇ ਹਨ | ਜਸਵੀਰ ਮੋਰੋਂ ਜੀ ਨੇ ਦੱਸਿਆ ਕਿ ਇਹ ਨਾਵਲ ਪਿਛਲਝਾਤ ਪਵਾਉਂਦਾ ਹੋਇਆ ਅੱਗੇ ਚਲਦਾ ਹੈ | ਇਸ ਨਾਵਲ ਦੀ ਪਾਤਰ ਅਲਿਤਨਾਈ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਇੱਕ ਖੱਤ ਲਿਖਦੀ ਹੈ ਜੋ ਕਿ ਨਾਵਲ ਦਾ ਆਧਾਰ ਬਣਦਾ ਹੈ | ਚਰਚਾ ਨੂੰ ਜਾਰੀ ਰੱਖਦਿਆਂ ਪਾਠਕ ਸਾਥੀ ਅਮਰਜੀਤ ਸਿੰਘ ਧਰਮਕੋਟ ਜੀ ਨੇ ਦੱਸਿਆ ਕਿ ਨਾਵਲ ਦੇ ਪਾਤਰਾਂ ਦੀ ਗੱਲਬਾਤ ਤੋਂ ਪਤਾ ਲਗਦਾ ਹੈ ਕਿ ਸੋਵੀਅਤ ਯੂਨੀਅਨ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਸਿੱਖਿਆ ਨੂੰ ਕਿੰਨੀ ਅਹਿਮੀਅਤ ਦਿੰਦੀ ਹੈ | ਸੋਵੀਅਤ ਸਰਕਾਰ ਵਲੋਂ ਹਰ ਇੱਕ ਬੱਚੇ ਨੂੰ ਸਿੱਖਿਆ ਦੇਣ ਦੇ ਬਾਕਾਇਦਾ ਹੁਕਮ ਜਾਰੀ ਕੀਤੇ ਸਨ | ਦੂਜੀ ਗੱਲ ਸਭ ਤੋਂ ਵੱਧ ਇਹ ਪ੍ਰਭਾਵਿਤ ਕਰਦੀ ਹੈ ਕਿ ਸੋਵੀਅਤ ਯੂਨੀਅਨ ਦੀ ਜਨਤਾ ਆਪਣੇ ਲੀਡਰ ਲੈਨਿਨ ਨਾਲ ਕਿਸ ਹੱਦ ਤੱਕ ਜੁੜੀ ਹੋਈ ਹੈ | ਲੈਨਿਨ ਦੀ ਮੌਤ ਤੋਂ ਬਾਅਦ ਜਿਸ ਤਰਾਂ ਸਾਰੇ ਲੋਕ ਸੋਗ ਮਨਾਉਂਦੇ ਹਨl ਉਹ ਸਭ ਕੁਝ ਹੈਰਾਨ ਕਰਨ ਵਾਲਾ ਹੈ |ਸਰਪੰਚ ਨਿੰਦਰ ਮਾਈਦਿੱਤਾ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਸ ਨਾਵਲ ਬਾਰੇ ਪਹਿਲੀ ਵਾਰ ਕਿਸੇ ਪ੍ਰੋਗਰਾਮ ਤੇ ਨਾਟਕਕਾਰ ਗੁਰਸ਼ਰਨ ਸਿੰਘ ਹੁਰਾਂ ਤੋਂ ਸੁਣਿਆ ਸੀ | ਇਸ ਨਾਵਲ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਿਚ ਸਾਵਿਤਰੀ ਬਾਈ ਫੂਲੇ ਟਿਊਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਹੈ | ਨਾਵਲ ਦੇ ਪਾਤਰਾਂ ਦੇ ਨਾ ਰਸ਼ੀਅਨ ਹੋਣ ਕਰਕੇ ਥੋੜ੍ਹਾ ਔਖਾ ਲੱਗਦਾ ਹੈ,ਪਰ ਦਿਲਚਸਪ ਹੈ | ਜਰਨੈਲ ਸਿੰਘ ਜਾਫ਼ਾਰਪੁਰ ਜੀ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਵਲ ਦੀ ਵਿਧਾ ਇਟਲੀ ਦੀ ਦੇਣ ਹੈ | ਇਸ ਨਾਵਲ ਵਿਚ ਘੱਟ ਪੜ੍ਹਿਆ ਲਿਖਿਆ ਬੰਦਾ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਸਹੀ ਮਾਇਨਿਆਂ ਵਿੱਚ ਇੱਕ ਖਰਾ ਅਧਿਆਪਕ ਸਾਬਿਤ ਹੁੰਦਾ ਹੈ |ਅਧਿਆਪਕ ਹੋਣ ਦਾ ਅਰਥ ਇਹ ਹੈ ਕਿ ਸਮਾਜ ਨੂੰ ਸਹੀ ਸੇਧ ਦੇ ਕੇ ਲੋਕਾਂ ਨੂੰ ਅਗਾਂਹ ਵਾਧੂ ਕੰਮਾਂ ਲਈ ਤੋਰਿਆ ਜਾਵੇ ਤੇ ਲੋਕਾਂ ਨੂੰ ਪੁਰਾਣੇ ਰੂੜੀ ਰਿਵਾਜ਼ਾਂ ਦੇ ਖਿਲਾਫ ਖੜ੍ਹਾ ਹੋਣਾ ਸਿਖਾਵੇ | ਸ੍ਰੀ ਸ਼ਸ਼ੀ੍ ਬਾਲੀ ਜੀ ਨੇ ਆਪਣੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਰੂਸ ਤੇ ਹਿੰਦੋਸਤਾਨ ਦੀਆ ਹਾਲਤਾਂ ਵਿਚ ਬਹੁਤ ਫਰਕ ਹੈ | ਇਸ ਲਈ ਭਾਰਤੀ ਸਮਾਜ ਵਿਚ ਤਬਦੀਲੀ ਲਈ ਦੂਈਸ਼ੇਨ ਵਰਗੇ ਬਹੁਤ ਸਾਰੇ ਅਧਿਆਪਕ ਚਾਹੀਦੇ ਹਨ | ਸੰਦੀਪ ਨਈਅਰ ਨੇ ਚਰਚਾ ਵਿੱਚ ਭਾਗ ਲੈਦਿਆਂ ਕਿਹਾ ਕਿ ਨਾਵਲ ਦਾ ਨਾਇਕ ਦੂਈਸ਼ੇਨ ਸੋਵੀਅਤ ਯੂਨੀਅਨ ਦੀ ਇਨਕਲਾਬੀ ਪਾਰਟੀ ਦੇ ਯੂਥ ਵਿੰਗ ਕੋਮਸਮੋਲ ਦਾ ਮੈਂਬਰ ਹੈ |ਉਸ ਨੂੰ ਇਨਕਲਾਬ ਤੋਂ ਬਾਅਦ ਕਿਰਗਿਜ਼ਸਤਾਨ ਦੇ ਪਿੰਡ ਵਿਚ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਭੇਜਿਆ ਗਿਆ ਹੈ | ਪਰ ਉਲਟ ਇਨਕਲਾਬੀ ਤੱਤ ਉਸ ਦੇ ਰਾਹ ਵਿਚ ਰੋੜੇ ਅਟਕਾਉਂਦੇ ਹਨ | ਅਸਲ ਵਿਚ ਰੂਸ ਵਿਚ ਇਨਕਲਾਬ ਹੋਣ ਤੋਂ ਕਈ ਸਾਲ ਬਾਅਦ ਵੀ ਪਿਛਾਖੜੀ ਤੱਤ ਦੂਰ ਦਰਾਡੇ ਇਲਾਕਿਆਂ ਵਿਚ ਸਰਗਰਮ ਸਨ | ਦੂਈਸ਼ੇਨ ਤੇ ਉਸਦੀ ਪਾਰਟੀ ਦੇ ਬੰਦੇ ਬੜੀ ਮੁਸ਼ਕਿਲ ਨਾਲ ਪਿਛਾਖੜੀ ਲੋਕਾਂ ਨੂੰ ਨੱਥ ਪਾਉਂਦੇ ਹਨ |ਪਰਮਜੀਤ ਕਰਿਆਮ ਨੇ ਨਾਵਲ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਦੂਈਸ਼ੇਨ ਵਰਗੇ ਅਧਿਆਪਕ ਤੋਂ ਸਿੱਖਣਾ ਚਾਹੀਦਾ ਤਾਂ ਕਿ ਸਮਾਜ ਵਿੱਚ ਲੋਕ ਪੱਖੀ ਕੰਮ ਹੋ ਸਕਣ | ਐਡਵੋਕੇਟ ਸੁਖਵੀਰ ਸਿੰਘ ਵਲੋਂ ਆਪਣੀ ਰਚਨਾ “ਮਾਹੌਲ ਖ਼ਰਾਬ ਹੈ ” ਸੁਣਾ ਕੇ ਚੱਲ ਰਹੀ ਚਰਚਾ ਦਾ ਮਾਹੌਲ ਬਾਦਲ ਦਿਤਾ ਗਿਆ | ਹੋਰਨਾਂ ਤੋਂ ਇਲਾਵਾ ਦਲਵੀਰ ਮਾਹੀ ਬੇਗੋਵਾਲ ਤੇ ਸ਼੍ਰੀ ਸਤਵਿੰਦਰ ਮਦਾਰਾ ਜੀ ਨੇ ਵੀ ਆਪਣੀ ਹਾਜ਼ਰੀ ਲਵਾਈ| ਚਰਚਾ ਵਿਚ ਬਰਾਦਰੀ ਬਾਗ਼ ਦੀ ਲਾਇਬ੍ਰੇਰੀ ਇੰਚਾਰਜ ਮੈਡਮ ਅਨੂਪ ਰਾਣਾ ਜੀ ਵਲੋਂ ਵੀ ਸ਼ਿਰਕਤ ਕੀਤੀ | ਮੈਡਮ ਅਨੂਪ ਰਾਣਾ ਜੀ ਵਲੋਂ ਪਾਠਕਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਗਿਆ | ਚਰਚਾ ਤੋਂ ਬਾਅਦ ਸਾਥੀ ਜਸਵੀਰ ਮੋਰੋਂ ਤੇ ਹਾਜ਼ਰ ਸਾਥੀਆਂ ਵਲੋਂ ਮੈਡਮ ਅਨੂਪ ਰਾਣਾ ਜੀ ਨੂੰ ਲਾਇਬ੍ਰੇਰੀ ਲਈ ਅਗਾਂਹਵਧੂ ਸਾਹਿਤ ਭੇਟ ਕੀਤਾ ਗਿਆ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



