HOME ਨੋਵਾਕ ਕਤਲ ਮਾਮਲੇ ਮਗਰੋਂ ਡਿਗਵਾ ਪਰਿਵਾਰ ਡਰ ਦੇ ਸਾਏ ਹੇਠ, ਮਿਲ ਰਹੀਆ...

ਨੋਵਾਕ ਕਤਲ ਮਾਮਲੇ ਮਗਰੋਂ ਡਿਗਵਾ ਪਰਿਵਾਰ ਡਰ ਦੇ ਸਾਏ ਹੇਠ, ਮਿਲ ਰਹੀਆ ਹਨ ਧਮਕੀਆ

* ਕਿਰਪਾਨ ‘ਤੇ ਪਾਬੰਦੀ ਦੀਆਂ ਮੰਗਾਂ ਦਾ ਡਿਗਵਾ ਦੀ ਦਾਦੀ ਵੱਲੋਂ ਵਿਰੋਧ

ਲੈਸਟਰ (ਇੰਗਲੈਂਡ),   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਹੈਨਰੀ ਨੋਵਾਕ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਕਰ ਚੁੱਕੇ ਵਿਕਰਮ ਡਿਗਵਾ ਦੀ ਦਾਦੀ ਬਿਮਲਾ ਕੌਰ ਨੇ ਕਿਹਾ ਹੈ ਕਿ ਇਸ ਦੁਖਦਾਈ ਘਟਨਾ ਨੇ ਦੋ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਦਾ ਪਰਿਵਾਰ ਲਗਾਤਾਰ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿਚ ਜੀਵਨ ਬਤੀਤ ਕਰ ਰਿਹਾ ਹੈ। ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ 75 ਸਾਲਾ ਬਿਮਲਾ ਕੌਰ ਨੇ ਕਿਹਾ ਕਿ ਉਹ ਨੋਵਾਕ ਪਰਿਵਾਰ ਦੇ ਦੁੱਖ ਨੂੰ ਸਮਝਦੇ ਹਨ ਅਤੇ ਜੋ ਕੁਝ ਵਾਪਰਿਆ ਉਸ ਲਈ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਵਿਕਰਮ ਦੀ ਕਰਤੂਤ ਦਾ ਕੋਈ ਬਚਾਅ ਨਹੀਂ ਕੀਤਾ ਜਾ ਸਕਦਾ ਅਤੇ ਉਸ ਨੇ ਬਹੁਤ ਗੰਭੀਰ ਗਲਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤੀ ਫ਼ੈਸਲੇ ਤੋਂ ਬਾਅਦ ਸਾਊਥੈਂਪਟਨ ਵਿਚ ਹੋਏ ਪ੍ਰਦਰਸ਼ਨਾਂ ਅਤੇ ਹਿੰਸਕ ਘਟਨਾਵਾਂ ਮਗਰੋਂ ਵਿਕਰਮ ਦੇ ਪਿਤਾ ਮੋਗਾ ਸਿੰਘ ਅਤੇ ਭਰਾ ਗੁਰਪ੍ਰੀਤ ਡਿਗਵਾ ਨੂੰ ਆਪਣਾ ਘਰ ਛੱਡਣਾ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਘਰ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਉਹ ਇਸ ਸਮੇਂ ਰਿਸ਼ਤੇਦਾਰਾਂ ਕੋਲ ਸੁਰੱਖਿਅਤ ਥਾਂ ‘ਤੇ ਰਹਿ ਰਹੇ ਹਨ। ਬਿਮਲਾ ਕੌਰ ਨੇ ਕਿਹਾ ਕਿ ਪਰਿਵਾਰ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਭਵਿੱਖ ਵਿਚ ਮੁੜ ਹਮਲੇ ਹੋ ਸਕਦੇ ਹਨ ਅਤੇ ਸ਼ਾਇਦ ਉਹ ਆਪਣੇ ਘਰ ਵਾਪਸ ਨਾ ਜਾ ਸਕਣ। ਬਿਮਲਾ ਕੌਰ ਨੇ ਕਿਹਾ ਕਿ ਹਾਲੀਆ ਘਟਨਾਵਾਂ ਤੋਂ ਬਾਅਦ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀਆਂ ਉੱਠ ਰਹੀਆਂ ਮੰਗਾਂ ਨਾਲ ਉਹ ਦੁਖੀ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖ ਧਰਮ ਦਾ ਅਹਿਮ ਧਾਰਮਿਕ ਚਿੰਨ੍ਹ ਹੈ ਅਤੇ ਇਸ ਦਾ ਮਕਸਦ ਨਿਰਦੋਸ਼ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀਆਂ ਕਰਤੂਤਾਂ ਕਾਰਨ ਪੂਰੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਨਿਹੰਗ ਪਰੰਪਰਾ ਨਾਲ ਜੁੜੇ ਹੋਏ ਹਨ ਅਤੇ ਇਸ ਪਰੰਪਰਾ ਦਾ ਮੁੱਖ ਉਦੇਸ਼ ਸਿੱਖ ਧਰਮ ਅਤੇ ਗੁਰਦੁਆਰਿਆਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਕਰਮ ਅਤੇ ਉਸ ਦਾ ਭਰਾ ਪਹਿਲਾਂ ਗੱਤਕਾ ਸਿਖਾਉਂਦੇ ਰਹੇ ਹਨ ਅਤੇ ਵਿਕਰਮ ਨਿਹੰਗ ਜੀਵਨ ਸ਼ੈਲੀ ਨੂੰ ਬਹੁਤ ਮਹੱਤਵ ਦਿੰਦਾ ਸੀ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਹ ਬਚਪਨ ਤੋਂ ਹੀ ਕੁਝ ਮੁਸ਼ਕਲ ਸੁਭਾਅ ਵਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਜਾਂ ਰਵਾਇਤੀ ਹਥਿਆਰਾਂ ਦੀ ਵਰਤੋਂ ਕਦੇ ਵੀ ਨਿਰਦੋਸ਼ ਲੋਕਾਂ ਵਿਰੁੱਧ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਵਿਕਰਮ ਦੀ ਮਾਤਾ ਕਿਰਨ ਕੌਰ, ਜਿਸ ਨੂੰ ਕਤਲ ਤੋਂ ਬਾਅਦ ਘਟਨਾ ਸਥਾਨ ਤੋਂ ਹਥਿਆਰ ਹਟਾ ਕੇ ਦੋਸ਼ੀ ਦੀ ਮਦਦ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ, 17 ਜੁਲਾਈ ਨੂੰ ਸਜ਼ਾ ਸੁਣਾਏ ਜਾਣ ਦੀ ਉਡੀਕ ਕਰ ਰਹੀ ਹੈ। ਬਿਮਲਾ ਕੌਰ ਨੇ ਕਿਹਾ ਕਿ ਕਿਰਨ ਕੌਰ ਬਹੁਤ ਮੁਸ਼ਕਲ ਸਮੇਂ ਵਿਚੋਂ ਲੰਘ ਰਹੀ ਹੈ ਅਤੇ ਪਰਿਵਾਰ ਦੇ ਦਿਲ ਟੁੱਟ ਚੁੱਕੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀ ਏ ਯੂ –ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ “ਖੇਤ ਬਚਾਓ ਅਭਿਆਨ” ਤਹਿਤ ਮਿੱਟੀ ਦੀ ਸਿਹਤ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ
Next article*ਡੀ.ਸੀ. ਵੱਲੋਂ ਐਸ.ਬੀ.ਐਸ. ਨਗਰ ’ਚ ਓਵਰਲੋਡਿਡ ਵਾਹਨਾਂ ’ਤੇ ਪਾਬੰਦੀ, ਪੁਲਿਸ ਤੇ ਟਰਾਂਸਪੋਰਟ ਵਿਭਾਗ ਨੂੰ ਕਾਰਵਾਈ ਦੇ ਨਿਰਦੇਸ਼*