(ਸਮਾਜ ਵੀਕਲੀ)
ਮੇਰੇ ਬਾਪੂ ਦਾ ਭਾਦੋਂ ਦੇ ਪਸੀਨੇ ਨਾਲ ਗੜੁੱਚ ਝੱਗਾ ਇਉਂ ਲਗਦਾ,
ਜਿਵੇਂ ਪੂਰੇ ਸਿਸਟਮ ( ਜੋ ਕਿ ਪੰਜਾਂ ਸਾਲਾਂ ਬਾਅਦ ਨਵਿਆਇਆ ਜਾਂਦੈ )ਦਾ ਗੰਦ ਹੂੰਝ ਕੇ ਆਇਆ ਹੋਵੇ।
ਪੰਜੀਂ ਸਾਲੀਂ ਸੁਣਦਾ – ਸੁਣਦਾ
ਪਝੱਤਰਾਂ ਦਾ ਹੋ ਗਿਆ ਮੇਰਾ ਬਾਪੂ।
ਪਰ ਬਦਲਿਆ ਕੁਝ ਨੀਂ?
ਉਹੀ ਵਕਤ ਦੀ ਘੜੀ ਦੀਆਂ ਸੂਈਆਂ,
ਜਿਹਨਾਂ ਆਪਣੀ ਚਾਲੇ ਚੱਲਦਿਆਂ ਚੱਲਦੀਆਂ ਨੇ,
ਮੇਰੇ ਬਾਪੂ ਦੇ ਨਾਲ ਨਾਲ ਮਾਂ ਨੂੰ ਵੀ ਸਮੇਂ ਤੋਂ ਪਹਿਲਾਂ ਬੁਢਾਪੇ ਵੱਲ ਧਕੇਲਿਆ ,ਜਿਸ ਦੀਆਂ ਨੰਦਾਂ ਵੇਲੇ ਚਿੱਟੇ ਚਾਦਰੇ ਚ ਲਿਪਟੀ ਦੀਆਂ ਸੂਰਜੀ ਲਾਟਾਂ ਡੁੱਲ੍ਹ ਪੈਂਦੀਆਂ ਸਨ
ਬਾਕੀ ਵੀ ਉਹੀ ਗੱਲਾਂ,
ਛੱਪੜ ਨਵਿਆਉਣਾ ,
ਜੌਬ, ਚਿੱਟੇ, ਕਾਲੇ, ਹਰੇ, ਲਾਲ ਕਾਰਡ ਬਣਾਉਣੇ,
ਆਟੇ ਦੀ ਫਿਆਈ ਦੇ ਨਾਲ-ਨਾਲ ਖੰਡ ਤੇ ਘਿਓ ਵੀ,
ਕੱਚੀਆਂ ਨਾਲੀਆਂ ਪੱਕੀਆਂ,
ਤੇ ਗਲੀਆਂ ਇੰਟਰਲਾਕਿੰਗ,
ਬੁਢਾਪਾ ਪੈਨਸ਼ਨ,
ਨਾਲ ਹਜਾਰ ਅਲੱਗ।
ਤੇ ਪਿੰਡ ਦੇ ਮੋਹਤਬਰ ਦੁਆਰਾ ਵੰਡੇ ਗਏ ਕੰਬਲ-ਸੂਟ ,
ਤੇ ਬਾਅਦ ਚ ਉਸ ਦੁਆਰਾ ਹੀ ਮਾਂ ਦੀ ਗਾਲ਼ ਕੱਢ ਕੇ ਬਲਾਉਣ ਦਾ ਤਰੀਕਾ,
ਸਭ ਕੁੱਝ ਓਹੀ,
ਤੇ ਜਦੋਂ ਬਾਪੂ ਘਰ ਆ ਪਿੰਡੇ ਤੋਂ ਲਾਹ ਕੇ ਝੱਘਾ ਨਚੋੜਦੈ,
ਤਾਂ ਸਵਾਲ ਕਰਦਾਂ ਹਾਂ ਬਾਪੂ ਕਿੱਥੋਂ ਆਇਐਂ?
ਕਹਿੰਦੈ!
ਸਰਮਾਏਦਾਰੀ ਦਾ ਗੰਦ ਹੂੰਝ ਕੇ ,
ਜੋ ਪਝੱਤਰ ਸਾਲਾਂ ਤੋਂ ਲੱਗਿਆਂ ਹੋਇਆ ਹਾਂ,
ਤੇ ਹਜੇ ਤੱਕ ਹੂੰਝ ਨੀ ਸਕਿਆ
ਬਲਵੀਰ ਬਾਸੀਆਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly