ਲੋਕ-ਗਾਇਕਾ ਸੁਰਿੰਦਰ ਕੌਰ ਗਾਈਕੀ ਦੇ ਅੰਦਾਜ਼ 'ਚ
ਸੁਰਿੰਦਰ ਕੌਰ ਆਪਣੀ ਬੇਟੀ ਡੌਲੀ ਗੁਲੇਰੀਆ ਅਤੇ ਦੋਹਤੀ ਸੁਨੈਨੀ ਦੇ ਨਾਲ
(ਸਮਾਜ ਵੀਕਲੀ) ਜਦੋਂ ਵੀ ਪੰਜਾਬੀ ਲੋਕ-ਸੰਗੀਤ ਦੀ ਗੱਲ ਆਉਂਦੀ ਹੈ, ਤਾਂ ਇੱਕ ਨਾਂ ਜੋ ਬਹੁਤ ਹੀ ਮਾਣ-ਸਨਮਾਨ ਅਤੇ ਪਿਆਰ ਨਾਲ ਸਾਡੀ ਜ਼ੁਬਾਨ ‘ਤੇ ਆਉਂਦਾ ਹੈ ਤੇ ਜਿਸ ਨੂੰ ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ ਜਿਸ ਨੇ ਨਾ ਸੁਣਿਆ ਹੋਵੇ, ਜੀ ਹਾਂ ਉਹ ਨਾਂ ਹੈ ਸੁਰਿੰਦਰ ਕੌਰ ਜੀ ਦਾ। ਮਿੱਠੀ ਆਵਾਜ਼, ਸੁਰ-ਲੈਅ ਦੀ ਪੱਕੀ ਤੇ ਰੂਹ ਤੱਕ ਉਤਰ ਜਾਣ ਵਾਲੀ ਗਾਇਕੀ ਦੀ ਮਲਿਕਾ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵਸ ਰਹੀ ਹੈ। ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਉਸ ਦੀ ਆਵਾਜ਼ ਰੇਡੀਓ ਤੋਂ ਲੈ ਕੇ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਤਕ ਅੱਜ ਵੀ ਜਿਉਂਦੀ ਹੈ।
ਲਾਹੌਰ ਦੇ ਭੱਟੀ ਗੇਟ ਵਿਖੇ 25 ਨਵੰਬਰ 1929 ਨੂੰ ਪਿਤਾ ਪ੍ਰੋ. ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੀ ਕੁੱਖੋਂ ਜਨਮ ਲੈਣ ਵਾਲੀ ਸੁਰਿੰਦਰ ਕੌਰ ਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੀ ਗਾਇਕੀ ਵੱਲ ਰੁਚੀ ਨੂੰ ਵੇਖਦਿਆਂ ਖੁਦ ਵੀ ਗਾਇਕੀ ਦਾ ਪੱਲਾ ਫੜਿਆ। ਜਦੋਂ ਪ੍ਰਕਾਸ਼ ਕੌਰ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਸੁਰਿੰਦਰ ਕੌਰ ਨੇ ਵੀ ਸੰਗੀਤ ਦੀ ਦੁਨੀਆਂ ਵੱਲ ਪਹਿਲਾ ਕਦਮ ਰੱਖਿਆ, ਸਿਰਫ 13 ਸਾਲ ਦੀ ਉਮਰ ਵਿੱਚ ਹੀ ਸਕੂਲ ਪੜ੍ਹਦੇ ਹੋਏ ਰੇਡੀਓ ਉੱਤੇ ਪਹਿਲੀ ਵਾਰ ਬੱਚਿਆਂ ਦੇ ਪ੍ਰੋਗਰਾਮ ‘ਚ ਗਾਇਆ। ਉਸ ਤੋਂ ਬਾਅਦ ਪਟਿਆਲਾ ਘਰਾਣੇ ਦੇ ਵੱਡੇ ਗੁਲਾਮ ਅਲੀ ਦੇ ਭਾਣਜੇ ਮਾਸਟਰ ਇਨਾਇਤ ਹੁਸੈਨ ਕੋਲੋਂ ਕਲਾਸੀਕਲ ਸੰਗੀਤ ਦੀ ਸਿੱਖਿਆ ਹਾਸਲ ਕਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਰਲ ਕੇ ਐੱਚ.ਐੱਮ.ਵੀ. ਰਿਕਾਰਡ ਕੰਪਨੀ ਵੱਲੋਂ ਪਹਿਲਾ ਗੀਤ ਰਿਕਾਰਡ ਕਰਵਾਇਆ, ਜਿਸ ਦੇ ਬੋਲ ਸਨ-“ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ…”
ਇਹ ਉਹ ਗੀਤ ਸੀ ਜਿਸ ਨੇ ਪੰਜਾਬੀ ਲੋਕ-ਸੰਗੀਤ ਵਿੱਚ ਇੱਕ ਇਤਿਹਾਸਕ ਮੋੜ ਲਿਆਂਦਾ। ਹਰੇਕ ਘਰ ਦੀ ਆਵਾਜ਼ ਬਣਿਆ ਇਹ ਗੀਤ ਅੱਜ ਵੀ ਉਸੇ ਹੀ ਤਰ੍ਹਾਂ ਮਕਬੂਲ ਹੈ ਜਿਸ ਤਰ੍ਹਾਂ ਉਨ੍ਹਾਂ ਵੇਲਿਆਂ ‘ਚ ਸੀ।
1947 ਦੀ ਵੰਡ ਨੇ ਸੁਰਿੰਦਰ ਕੌਰ ਦੇ ਪਰਿਵਾਰ ਨੂੰ ਭਾਰਤ ਆਉਣ ਲਈ ਮਜਬੂਰ ਕਰ ਦਿੱਤਾ। ਗਾਜ਼ੀਆਬਾਦ ਵਿੱਚ ਆ ਕੇ ਉਨ੍ਹਾਂ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ। 1948 ਵਿੱਚ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਹੋਈ ਜੋਗਿੰਦਰ ਸਿੰਘ ਸੋਢੀ ਨਾਲ, ਜੋ ਕਿ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਲੈਕਚਰਾਰ ਸਨ। ਸੋਢੀ ਸਾਬ੍ਹ ਜੋਕਿ ਸੁਰਿੰਦਰ ਕੌਰ ਦੇ ਸਿਰਫ਼ ਜੀਵਨ ਸਾਥੀ ਹੀ ਨਹੀਂ ਬਣੇ, ਸਗੋਂ ਉਨ੍ਹਾਂ ਦੀ ਕਲਾ ਦੇ ਸੱਚੇ ਸਾਥੀ ਅਤੇ ਉਤਸ਼ਾਹਕ ਵੀ ਬਣੇ। ਪਤੀ ਦੇ ਸਾਥ ਅਤੇ ਸੰਗੀਤ ਨਿਰਦੇਸ਼ਕ ਗੁਲਾਮ ਹੈਦਰ ਦੇ ਸਹਿਯੋਗ ਨਾਲ ਸੁਰਿੰਦਰ ਕੌਰ ਨੇ ਮੁੰਬਈ ਨਗਰੀ ਵਿਖੇ ‘ਪਿਆਰ ਕੀ ਜੀਤ’, ‘ਸ਼ਹੀਦ’ ਤੇ ‘ਲਾਲ ਦੁਪੱਟਾ’ ਵਰਗੀਆਂ ਹਿੰਦੀ ਫਿਲਮਾਂ ਵਿੱਚ ਮੁਕੇਸ਼, ਤਲਤ ਮਹਿਮੂਦ ਅਤੇ ਮੁਹੱਮਦ ਰਫ਼ੀ ਨਾਲ ਅਨੇਕਾਂ ਦੋਗਾਣੇ ਗਾਏ।
ਸੁਰਿੰਦਰ ਕੌਰ ਨੂੰ ਭਾਰਤ ਦੇ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਪਦਮ ਸ੍ਰੀ ਦਿੰਦੇ ਹੋਏ
ਪੰਜਾਬੀ ਭਾਸ਼ਾ ਪ੍ਰਤੀ ਆਪਣੇ ਮੋਹ-ਪਿਆਰ ਤੇ ਮਿੱਟੀ ਦੀ ਖਿੱਚ ਨੂੰ ਵੇਖਦੇ ਹੋਏ ਸੁਰਿੰਦਰ ਕੌਰ ਨੇ ਸਿਰਫ਼ ਚਾਰ ਸਾਲ ਬਾਅਦ ਹੀ ਮੁੰਬਈ ਨਗਰੀ ਛੱਡ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਜਿੱਥੇ ਪੰਜਾਬੀ ਰਵਾਇਤੀ ਲੋਕ-ਗੀਤਾਂ ਨੂੰ ਨਵੇਂ ਢੰਗ ਨਾਲ ਪੇਸ਼ ਕੀਤਾ ਉੱਥੇ ਹੀ ਉਸ ਨੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਮੁਹੰਮਦ ਸਦੀਕ, ਦੀਦਾਰ ਸੰਧੂ ,ਰਮੇਸ਼ ਰੰਗੀਲਾ ਤੇ ਕੇ. ਐੱਸ. ਅਗਨੀਹੋਤਰੀ ਵਰਗੇ ਕਈ ਨਾਮਵਰ ਗਾਇਕਾ ਨਾਲ ਸਦਾਬਹਾਰ ਸੈਂਕੜੇ ਦੋਗਾਣੇ ਗਾਏ।
ਜੁੱਤੀ ਕਸੂਰੀ, ਪੈਰੀਂ ਨਾ ਪੂਰੀ…
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ…
ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ….
ਮਧਾਣੀਆਂ…
ਲੈ ਦੇ ਮੈਨੂੰ ਮਖਮਲ ਦੀ…
ਭਾਬੋ ਕਹਿੰਦੀ ਏ ਮਹਿੰਦਰ ਸਿੰਘਾ…
ਆ ਗਿਆ ਵਣਜ਼ਾਰਾ ਨੀਂ, ਚੜ੍ਹਾ ਲੈ ਭਾਬੀ ਚੂੜੀਆਂ…
ਇਸ ਤੋਂ ਇਲਾਵਾ ਸੁਰਿੰਦਰ ਕੌਰ ਵਲੋਂ ਗਾਏ ਗੀਤਾਂ ਦੀ ਲੰਬੀ ਸੂਚੀ ਵਿਚ ਅਨੇਕਾਂ ਹੀ ਅਜਿਹੇ ਗੀਤ ਹਨ ਜੋਕਿ ਘਰ-ਘਰ ਦੀ ਜ਼ੁਬਾਨ ਬਣ ਗਏ। ਢੋਲੇ, ਮਾਹੀਏ,ਜਿੰਦੂਆ, ਕਿੱਸੇ, ਸਲੇਟੀ ,ਚਾਦਰ, ਡੋਲੀ,ਸਿੱਠਣੀਆ ,ਸੁਹਾਗ ਅਤੇ ਘੋੜੀਆਂ ਵਰਗੇ ਰਿਵਾਇਤੀ ਗੀਤ ਪੰਜਾਬੀ ਰੂਹ ਨੂੰ ਛੂਹੰਦੇ ਹੋਏ ਪਿੰਡਾਂ ਦੀਆਂ ਗਲੀਆਂ ਤੋਂ ਲੈ ਕੇ ਵਿਦੇਸ਼ੀ ਵਿਆਹਾਂ ਤਕ ਅੱਜ ਵੀ ਵੱਜ ਰਹੇ ਹਨ। ਐੱਚ.ਐੱਮ.ਵੀ. ਕੰਪਨੀ ਵਲੋਂ ਸੁਰਿੰਦਰ ਕੌਰ ਦੇ ਕਈ ਐੱਲ.ਪੀ. ਰਿਕਾਰਡ ਰਿਲੀਜ਼ ਕੀਤੇ ਗਏ,ਜਿਨ੍ਹਾਂ ਨੂੰ ਲੋਕਾਂ ਨੇ ਹੱਥੋਂ-ਹੱਥ ਖਰੀਦਿਆ।
1976 ਵਿੱਚ ਪਤੀ ਦੀ ਅਚਾਨਕ ਮੌਤ ਨੇ ਸੁਰਿੰਦਰ ਕੌਰ ਦੀ ਜ਼ਿੰਦਗੀ ‘ਚ ਇੱਕ ਤਿੱਖਾ ਮੋੜ ਲਿਉਂਦਾ। ਤਿੰਨ ਧੀਆਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਨੇ ਉਸ ਦੀ ਆਵਾਜ਼ ਵਿੱਚ ਦਰਦ, ਵਿਛੋੜਾ ਅਤੇ ਅੰਦਰੂਨੀ ਸੰਘਰਸ਼ ਨੂੰ ਪੈਦਾ ਕੀਤਾ। ਉਸ ਦੇ ਗੀਤ ‘ਇਨ੍ਹਾਂ ਅੱਖੀਆਂ ’ਚ ਪਾਵਾਂ ਕਿਵੇਂ ਕੱਜਲਾ.., ਮਹਿਰਮ ਦਿਲਾਂ ਦੇ ਮਾਹੀ…”ਨੀਂ ਮੈਂ ਜਾਣਾ ਰੱਬ ਦੇ ਕੋਲ, ਦਿਲ ਮੇਰੇ ਨੂੰ ਚੈਨ ਨਾ ਆਵੇ.. ਉਸ ਦੇ ਅੰਦਰੂਨੀ ਪ੍ਰਤਿਬਿੰਬ ਬਣ ਗਏ। ਲੇਕਿਨ ਬਾਅਦ ਵਿੱਚ ਉਸ ਨੇ ਆਪਣੀ ਬੇਟੀ ਡੌਲੀ ਗੁਲੇਰੀਆ ਅਤੇ ਦੋਹਤੀ ਸੁਨੈਨੀ ਨਾਲ ਰਲ ਕੇ ਆਪਣੇ ਲੋਕ-ਗੀਤਾਂ ਦੇ ਸਫ਼ਰ ਨੂੰ ਇਕ ਵਾਰ ਫੇਰ ਅੱਗੇ ਵਧਾਇਆ।
ਜੇਕਰ ਉਨ੍ਹਾਂ ਨੂੰ ਦੇਸ਼ ਵਿਦੇਸ਼ ਤੋਂ ਮਿਲੇ ਅਨੇਕਾਂ ਸਨਮਾਨਾਂ ਤੇ ਪੁਰਸਕਾਰਾਂ ਦੀ ਗੱਲ ਕਰੀਏ ਤਾਂ ਸੰਗੀਤ ਨਾਟਕ ਅਕੈਡਮੀ ਪੁਰਸਕਾਰ, ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਅਤੇ 2006 ਵਿੱਚ ਭਾਰਤ ਸਰਕਾਰ ਵੱਲੋਂ ‘ਪਦਮ ਸ੍ਰੀ’ ਪੁਰਸਕਾਰ, ਇਹ ਸਾਰੇ ਸੁਰਿੰਦਰ ਕੌਰ ਵਲੋਂ ਗਾਉਣ ਦੀ ਲਗਨ ਅਤੇ ਕਲਾ ਦੀ ਗਵਾਹੀ ਭਰਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵਲੋਂ ਸੁਰਿੰਦਰ ਕੌਰ ਨੂੰ ਮਰਨ ਉਪਰੰਤ ‘ਪੰਜਾਬ ਦੀ ਕੋਇਲ’ ਦਾ ਖਿਤਾਬ ਵੀ ਦਿੱਤਾ ਗਿਆ।
ਸ਼ੋਰ-ਸ਼ਰਾਬੇ ਵਾਲੀ ਗਾਇਕੀ ਤੋਂ ਕੋਹਾਂ ਦੂਰ ਅਤੇ ਪਰਿਵਾਰਕ ਸਾਫ਼-ਸੁਥਰੀ ਗਾਇਕੀ ਦੀ ਮਲਿਕਾ ਸੁਰਿੰਦਰ ਕੌਰ ਆਪਣੀ ਜ਼ਿੰਦਗ਼ੀ ਦੇ ਅੰਤਿਮ ਚਰਨਾਂ ਵਿੱਚ ਕੁਝ ਸਮਾਂ ਪੰਚਕੂਲਾ ਵਿਖੇ ਆਪਣੀ ਵੱਡੀ ਧੀ ਡੌਲੀ ਗੁਲੇਰੀਆ ਕੋਲ ਰਹੀ, ਜੋ ਕਿ ਆਪਣੀ ਮਾਂ ਵਲੋਂ ਗਾਈ ਜਾ ਰਹੀ ਲੋਕ-ਗਾਇਕੀ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ। ਬਾਅਦ ਵਿੱਚ ਉਹ ਆਪਣੀ ਇਕ ਲੰਬੀ ਬਿਮਾਰੀ ਦੇ ਇਲਾਜ ਲਈ ਆਪਣੀਆਂ ਛੋਟੀਆਂ ਧੀਆਂ ਨੰਦਿਨੀ ਅਤੇ ਪ੍ਰਮੋਦਨੀ ਕੋਲ ਅਮਰੀਕਾ ਚਲੀ ਗਈ ਅਤੇ ਉੱਥੇ ਹੀ ਨਿਊ ਜਰਸੀ ਦੇ ਇਕ ਹਸਪਤਾਲ ਵਿਚ 14 ਜੂਨ 2006 ਨੂੰ 77 ਸਾਲ ਦੀ ਉਮਰ ‘ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖਦੀ ਹੋਈ ਆਪਣੀ ਮਧੁਰ ਆਵਾਜ਼ ਰਾਹੀਂ ਲਗਭਗ 2000 ਗੀਤਾਂ ‘ਚ ਹਮੇਸ਼ਾ ਲਈ ਅਮਰ ਹੋ ਗਈ।
ਤਕਰੀਬਨ ਛੇ ਦਹਾਕਿਆਂ ਤਕ ਸੁਰਿੰਦਰ ਕੌਰ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਲੋਕ-ਸੰਗੀਤ ਨੂੰ ਨਾ ਸਿਰਫ਼ ਸੰਭਾਲਿਆ, ਸਗੋਂ ਵਿਸ਼ਵ ਪੱਧਰ ‘ਤੇ ਵੀ ਪਹੁੰਚਾਇਆ। ਸਾਂਝੇ ਪੰਜਾਬ ਤੋਂ ਲੈ ਕੇ ਲੰਡਨ, ਕੈਨੇਡਾ, ਅਮਰੀਕਾ, ਦੁਬਈ ਤਕ ਜਿੱਥੇ ਵੀ ਪੰਜਾਬੀ ਬੋਲਣ ਵਾਲਾ ਵੱਸਦਾ ਸੀ, ਉੱਥੇ ਹੀ ਸੁਰਿੰਦਰ ਕੌਰ ਦੀ ਆਵਾਜ਼ ਉਸ ਦੀ ਪਛਾਣ ਦੀ ਅਜੀਹੀ ਨਿਸ਼ਾਨੀ ਬਣੀ ਜੋ ਸਦੀਆਂ ਤੀਕ ਪੰਜਾਬੀ ਰੂਹ ਦੀ ਵਕਾਲਤ ਕਰਦੀ ਰਹੇਗੀ। ਉਸ ਵਲੋਂ ਗਾਏ ਗੀਤ ਸਿਰਫ਼ ਸੰਗੀਤ ਹੀ ਨਹੀਂ, ਸਗੋਂ ਇੱਕ ਵਿਰਾਸਤ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਚਲ ਰਹੇ ਹਨ ਅਤੇ ਜਿਨ੍ਹਾਂ ਰਾਹੀਂ ਪੰਜਾਬ ਦੀ ਰੂਹ ਅੱਜ ਵੀ ਧੜਕ ਰਹੀ ਹੈ ਤੇ ਸਦੀਆਂ ਤੀਕ ਧੜਕਦੀ ਰਹੇਗੀ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj