ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਿਹਾ: ਨਵਜੋਤ ਸਿੱਧੂ

Punjab Congress chief Navjot Singh Sidhu

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਸਬੰਧੀ ਉੱਠੇ ਵਿਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਹੇ, ਸਗੋਂ ਉਨ੍ਹਾਂ ਦੀ ਲੜਾਈ ਤਾਂ ਨਿਜ਼ਾਮ ਬਦਲਣ ਦੀ ਹੈ। ਉਨ੍ਹਾਂ ਅੱਜ ਟਵੀਟ ਕਰਕੇ ਇੱਕ ਤਰੀਕੇ ਨਾਲ ਆਪਣੀ ਹੀ ਸਰਕਾਰ ’ਤੇ ਉਂਗਲ ਚੁੱਕੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜਾ ਸਿਸਟਮ ਸਾਡੇ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਿਆ ਤੇ ਨਸ਼ਾ ਤਸਕਰੀ ਦੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਨੂੰ ਸਜ਼ਾਵਾਂ ਨਹੀਂ ਦੇ ਸਕਿਆ, ਉਸ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ। ਉਹ ਨਿਜ਼ਾਮ ਨੂੰ ਬਦਲਣ ਲਈ ਤੁਰੇ ਹਨ ਤੇ ਇਹ ਨਿਜ਼ਾਮ ਪੰਜਾਬ ਨੂੰ ਘੁਣ ਵਾਂਗ ਖਾ ਗਿਆ ਹੈ।

ਸ਼ਰਾਰਤੀ ਆਗੂਆਂ ਦੀ ਮਿਲੀਭੁਗਤ ਨਾਲ ਮਾਫ਼ੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਆਗੂਆਂ ਅਤੇ ਮਾਫ਼ੀਆ ਦੀ ਆਪਸੀ ਮਿਲੀਭੁਗਤ ਨੇ ਪੰਜਾਬ ਦੀ ਆਨ ਤੇ ਸ਼ਾਨ ਨੂੰ ਢਾਹ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਤੇ ਸੁਧਾਰ ਹੋਣੇ ਲਾਜ਼ਮੀ ਹਨ। ਯਾਦ ਰਹੇ ਕਿ ਨਵਜੋਤ ਸਿੱਧੂ ਨੇ ਹਾਲੇ ਦੋ ਦਿਨ ਪਹਿਲਾਂ ਹੀ ‘ਪੰਜਾਬ ਮਾਡਲ’ ਪੇਸ਼ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਦੀ ਚੋਣ ਐਤਕੀਂ ਪੰਜਾਬ ਦੇ ਲੋਕ ਕਰਨਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਮਗਰੋਂ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ ਸੀ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਕਿ ਨਵਜੋਤ ਸਿੱਧੂ ਜਨਤਕ ਪਲੇਟਫ਼ਾਰਮ ਦੀ ਥਾਂ ਆਪਣੀ ਗੱਲ ਪਾਰਟੀ ’ਚ ਰੱਖਣ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਆਪਣਾ ਪੰਜਾਬ ਮਾਡਲ ਪਾਰਟੀ ਵਿੱਚ ਰੱਖਣ ਤਾਂ ਜੋ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾ ਸਕੇ।

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹਰ ਕਿਸੇ ਨੂੰ ਪਾਰਟੀ ਦੇ ਜ਼ਾਬਤੇ ਵਿੱਚ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਦੇ ਚਿਹਰੇ ਬਾਰੇ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ, ਜਿਸ ਲਈ ਕਿਸੇ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਨਵਜੋਤ ਸਿੱਧੂ ਬਾਰੇ ਸਖ਼ਤ ਪ੍ਰਤੀਕਿਰਿਆ ਦੇ ਚੁੱਕੇ ਹਨ। ਹਾਲਾਂਕਿ ਕਾਂਗਰਸ ਹਾਈਕਮਾਨ ਤਰਫ਼ੋਂ ਹਾਲੇ ਸਾਂਝੀ ਕਮਾਨ ਹੇਠ ਹੀ ਚੋਣ ਲੜੇ ਜਾਣ ਦੀ ਗੱਲ ਆਖੀ ਜਾ ਚੁੱਕੀ ਹੈ। ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਤਰਫ਼ੋਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਹਰਮਨ ਪਿਆਰਤਾ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਸਰਵੇਖਣ ਵੀ ਕਰਾਇਆ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਵਿਚ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
Next articleKerala: Bishop Franco Mulakkal acquitted in nun rape case