ਚੰਡੀਗੜ੍ਹ (ਸਮਾਜ ਵੀਕਲੀ): ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਅੱਜ ਇੱਥੇ ਕਿਹਾ ਕਿ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਸਰਕਾਰਾਂ ਵੱਲੋਂ ਪਰਾਲੀ ਸਾੜਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਸਕਾਰਾਤਮਕ ਹੁੰਗਾਰਾ ਭਰਿਆ ਗਿਆ ਹੈ। ਯਾਦਵ ਨੇ ਪਿਛਲੇ ਮਹੀਨੇ ਇਨ੍ਹਾਂ ਸੂਬਾ ਸਰਕਾਰਾਂ ਨਾਲ ਮੀਟਿੰਗ ਕੀਤੀ ਸੀ ਤਾਂ ਕਿ ਪਰਾਲੀ ਸਾੜਨ ਨਾਲ ਹੁੰਦੇ ਹਵਾ ਪ੍ਰਦੂਸ਼ਣ ਨੂੰ ਨੱਥ ਪਾਈ ਜਾ ਸਕੇ।
ਯਾਦਵ ਜੋ ਕਿ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਵੀ ਮੰਤਰੀ ਹਨ, ਨੇ ਕਿਹਾ ਕਿ ਪਿਛਲੇ ਮਹੀਨੇ ਹੋਈ ਬੈਠਕ ਵਿਚ ਧੂੜ, ਉਸਾਰੀ ਕਾਰਜਾਂ ਤੇ ਵਾਹਨਾਂ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਬਾਰੇ ਵੀ ਵਿਚਾਰ ਚਰਚਾ ਹੋਈ ਹੈ। ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਤਕਨੀਕਾਂ ਅੱਜ ਕੱਲ੍ਹ ਉਪਲਬਧ ਹਨ, ਪਰਾਲੀ ਤੋਂ ਆਰਥਿਕ ਲਾਹਾ ਵੀ ਲਿਆ ਜਾ ਸਕਦਾ ਹੈ। ਸਰਕਾਰੀ ਕੰਪਨੀ ਐਨਟੀਪੀਸੀ ਪਹਿਲਾਂ ਹੀ ਪਰਾਲੀ ਨੂੰ ਬਿਜਲੀ ਪਲਾਂਟਾਂ ਵਿਚ ਈਂਧਨ ਵਜੋਂ ਵਰਤਣ ਲਈ ਖ਼ਰੀਦਣ ਬਾਰੇ ਟੈਂਡਰ ਕੱਢ ਚੁੱਕੀ ਹੈ।
ਕੁਝ ਪ੍ਰਾਈਵੇਟ ਕੰਪਨੀਆਂ ਵੀ ਇਸ ਖੇਤਰ ਵਿਚ ਤਜਰਬੇ ਕਰ ਰਹੀਆਂ ਹਨ। ਯਾਦਵ ਨੇ ਕਿਹਾ ਕਿ ਪਰਾਲੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਸੱਤ ਹਜ਼ਾਰ ਕਰੋੜ ਰੁਪਏ ਦੀ ਮਦਦ ਵੀ ਦਿੱਤੀ ਹੈ ਤਾਂ ਕਿ ਮਸ਼ੀਨਾਂ ਖ਼ਰੀਦੀਆਂ ਜਾ ਸਕਣ। ਯਾਦਵ ਨੇ ਨਾਲ ਹੀ ਕਿਹਾ ਕਿ ਜਲਵਾਯੂ ਤਬਦੀਲੀ ਹੁਣ ਆਲਮੀ ਚੁਣੌਤੀ ਬਣ ਚੁੱਕੀ ਹੈ। ਭਾਰਤ ਨੂੰ ਵੀ ਤੁਰੰਤ ਕਦਮ ਚੁੱਕਣੇ ਪੈਣਗੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਇੱਥੇ ‘ਸ਼੍ਰਮ ਬਿਊਰੋ ਭਵਨ’ ਵਿਚ ਇਕ ਸਮਾਗਮ ਨੂੰ ਸੰਬੋਧਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly