ਸਿਓਲ, (ਸਮਾਜ ਵੀਕਲੀ): ਉੱਤਰੀ ਕੋਰੀਆ ਨੇ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਲੰਮੇ ਸਮੇਂ ਤੋਂ ਠੱਪ ਹੋਣ ਅਤੇ ਕਰੋਨਾ ਮਹਾਮਾਰੀ ਸਬੰਧੀ ਮੁਸ਼ਕਿਲਾਂ ਦੌਰਾਨ ਅੱਜ ਆਪਣੀ ਸੈਨਿਕ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਦੋ ਕਰੂਜ਼ ਮਿਜ਼ਾਇਲਾਂ ਦੀ ਪਰਖ ਕੀਤੀ ਹੈ। ਦੱਖਣੀ ਕੋਰੀਆ ਦੇ ਫ਼ੌਜੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੀਨੇ ਗੁਆਂਢੀ ਮੁਲਕ ਉੱਤਰ ਕੋਰੀਆ ਵੱਲੋਂ ਹਥਿਆਰਾਂ ਦੀ ਇਹ ਪਰਖ ਪੰਜਵੀਂ ਵਾਰ ਕੀਤੀ ਗਈ ਹੈ।
ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਖੁਫੀਆ ਅਧਿਕਾਰੀ ਇਨ੍ਹਾਂ ਪਰਖਾਂ ਸਬੰਧੀ ਮੁਲਾਂਕਣ ਕਰ ਰਹੇ ਹਨ। ਪਰ ਅਧਿਕਾਰੀ ਵੱਲੋਂ ਇਸ ਸਬੰਧੀ ਤਫ਼ਸੀਲ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ। ਇੱਕ ਹੋਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਮਿਜ਼ਾਈਲਾਂ ਦੀ ਪਰਖ ਕਿਸੇ ਅੰਦਰੂਨੀ ਇਲਾਕੇ ’ਚ ਕੀਤੀ ਗਈ ਹੈ ਪਰ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਜਗ੍ਹਾ ਬਾਰੇ ਨਹੀਂ ਦੱਸਿਆ।
ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਵੱਲੋਂ ਹਾਲੀਆ ਕੁਝ ਮਹੀਨਿਆਂ ਦੌਰਾਨ ਕਈ ਨਵੀਆਂ ਮਿਜ਼ਾਈਲਾਂ ਦੀ ਪਰਖ ਕੀਤੀ ਗਈ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਰਿਆਇਤਾਂ ਹਾਸਲ ਕਰਨ ਲਈ ਗੱਲਬਾਤ ਤੋਂ ਪਹਿਲਾਂ ਆਪਣੇ ਗੁਆਂਢੀਆਂ ਅਤੇ ਅਮਰੀਕਾ ਉੱਤੇ ਮਿਜ਼ਾਈਲਾਂ ਦੀ ਪਰਖ ਅਤੇ ਹੋਰ ਖ਼ਤਰਿਆਂ ਦੇ ਰਾਹੀਂ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿਓਲ ਦੀ ਯੂਨੀਵਰਸਿਟੀ ਆਫ ਨਾਰਥ ਕੋਰੀਅਨ ਸਟੱਡੀਜ਼ ਦੇ ਪ੍ਰੋਫੈਸਰ ਕਿਮ ਡੋਂਗ ਯੁਬ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਸਤੰਬਰ ਮਹੀਨੇ ਪਹਿਲੀ ਵਾਰ ਲੰਮੀ ਦੂਰੀ ਦੇ ਇੱਕ ਕਰੂਜ਼ ਮਿਜ਼ਾਈਲ ਦੀ ਪਰਖ ਕੀਤੀ ਸੀ ਅਤੇ ਉਸ ਮਗਰੋਂ ਚੁੱਕੇ ਗਏ ਕਦਮਾਂ ਤਹਿਤ ਅੱਜ ਦੀ ਪਰਖ ਕੀਤੀ ਗਈ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly